ਜਲੰਧਰ ਦੇ ਇਸ ਇਲਾਕੇ ''ਚ ਆਉਂਦੇ ਹਨ ਭੂਤ ਪ੍ਰੇਤ, ਜਾਣੋ ਕੀ ਹੈ ਮਾਮਲਾ
Friday, Jan 12, 2018 - 12:04 AM (IST)
ਜਲੰਧਰ— ਜਲੰਧਰ ਦੇ ਸੁਰਾਨੁੱਸੀ 'ਚ ਹਰ ਹਫਤੇ ਪਵਿੱਤਰ ਆਤਮਾ ਆਉਂਦੀ ਹੈ, ਭੂਤ ਪ੍ਰੇਤ ਆਉਂਦੇ ਹਨ। ਅਜਿਹਾ ਦਾਅਵਾ ਅਸੀਂ ਨਹੀਂ ਬਲਕਿ ਸੁਰਾਨੁੱਸੀ ਇਲਾਕੇ ਦੇ ਈਸਾ ਨਗਰ ਦੇ ਵਸਨੀਕਾਂ ਵਲੋਂ ਕੀਤਾ ਜਾ ਰਿਹਾ ਹੈ। ਈਸਾ ਨਗਰ ਨਿਵਾਸੀਆਂ ਵਲੋਂ ਇਸ ਸੰਬੰਧੀ ਇਕ ਸ਼ਿਕਾਇਤ ਪੁਲਸ ਨੂੰ ਵੀ ਦਿੱਤੀ ਗਈ ਹੈ। ਮੁਹੱਲੇ ਦੇ ਲੋਕਾਂ ਦਾ ਕਹਿਣਾ ਹੈ ਕਿ ਇਲਾਕੇ 'ਚ ਇਕ ਵਿਅਕਤੀ ਪਵਿੱਤਰ ਆਤਮਾ ਆਉਣ ਦਾ ਦਾਅਵਾ ਕਰਦਾ ਹੈ। ਭੂਤ ਪ੍ਰੇਤਾਂ ਉਤਾਰਨ ਦੇ ਨਾਂ 'ਤੇ ਬੇਰਿਹਮੀ ਨਾਲ ਲੋਕਾਂ ਨੂੰ ਕੁੱਟਿਆ ਜਾਂਦਾ ਹੈ। 31 ਦਸੰਬਰ ਨੂੰ ਇਕ ਬਜ਼ੁਰਗ 'ਤੇ ਭੂਤ ਦਾ ਸਾਇਆ ਦੱਸ ਕੇ ਉਸ ਨੂੰ ਬੇਰਿਹਮੀ ਨਾਲ ਡੰਡਿਆਂ ਨਾਲ ਕੁੱਟਿਆ ਗਿਆ। ਜਿਸ ਸਾਰੇ ਮਾਮਲੇ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ। ਈਸਾ ਨਗਰ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਮਾਮਲੇ ਸੰਬੰਧੀ ਥਾਣਾ ਡਿਵੀਜ਼ਨ ਨੰਬਰ 1 ਦੇ ਸਾਂਝ ਕੇਂਦਰ 'ਚ 17 ਨਵੰਬਰ ਨੂੰ ਸ਼ਿਕਾਇਤ ਕੀਤੀ ਗਈ ਪਰ ਅੱਜ ਤਕ ਕੋਈ ਪੁਲਸ ਕਰਮਚਾਰੀ ਮੌਕੇ 'ਤੇ ਨਹੀਂ ਆਇਆ। ਜਿਸ ਪਿੱਛੋਂ ਬੁੱਧਵਾਰ 10 ਜਨਵਰੀ ਨੂੰ ਇਕ ਹੋਰ ਲਿਖਤੀ ਸ਼ਿਕਾਇਤ ਇਸ ਸੰਬੰਧੀ ਪੁਲਸ ਨੂੰ ਦਿੱਤੀ ਗਈ ਹੈ।
ਈਸਾ ਨਗਰ ਨਿਵਾਸੀ ਸ਼ਕੁੰਤਲਾ ਦੇਵੀ, ਸੰਦੀਪ ਕੁਮਾਰ ਰਾਏ, ਕ੍ਰਿਸ਼ਣ ਲਾਲ, ਮਨੀਸ਼, ਸੋਮਨਾਥ ਆਦਿ ਨੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਹੱਲੇ ਦੇ ਇਕ ਖਾਲੀ ਪਲਾਟ 'ਚ ਪਿਛਲੇ ਦੋ ਸਾਲਾਂ ਤੋਂ ਇਕ ਵਿਅਕਤੀ ਖੁਦ ਨੂੰ ਰੁਹਾਨੀ ਤਾਕਤਾਂ ਵਾਲਾ ਦੱਸਦਾ ਆ ਰਿਹਾ ਹੈ। ਉਕਤ ਵਿਅਕਤੀ ਹਰ ਐਤਵਾਰ ਨੂੰ ਉੱਚੀ ਆਵਾਜ਼ 'ਚ ਲਾਊਡ ਸਪੀਕਰ ਲਗਾ ਕੇ ਪਵਿੱਤਰ ਆਤਮਾਵਾਂ ਦੇ ਆਉਣ ਦਾ ਦਾਅਵਾ ਕਰ ਕੇ ਕਈ ਤਰ੍ਹਾਂ ਦੀਆਂ ਆਵਾਜ਼ਾਂ ਕੱਢਦਾ ਹੈ, ਕਦੇ ਗਾਣੇ ਚਲਾਉਂਦਾ ਹੈ ਤੇ ਕਦੇ ਕੁਝ। ਇਸ ਸਭ ਤੋਂ ਇਲਾਕਾ ਵਾਸੀ ਬੇਹੱਦ ਤੰਗ ਹਨ। ਮੁਹੱਲਾ ਵਾਸੀ ਸ਼ਕੁੰਤਲਾ ਦੇਵੀ ਦਾ ਕਹਿਣਾ ਹੈ ਕਿ ਇਨ੍ਹਾਂ ਉੱਚੀ ਆਵਾਜ਼ਾਂ ਕਾਰਨ ਉਸਨੂੰ ਦੋ ਵਾਰ ਹਾਰਟ ਅਟੈਕ ਵੀ ਆ ਚੁੱਕਾ ਹੈ, ਉਹ ਉੱਚੀ ਆਵਾਜ਼ ਕਾਰਨ ਪ੍ਰੇਸ਼ਾਨ ਹੋ ਜਾਂਦੀ ਹੈ। ਜਦ ਉਕਤ ਵਿਅਕਤੀ ਨੂੰ ਆਵਾਜ਼ ਘੱਟ ਕਰਨ ਲਈ ਕਿਹਾ ਜਾਂਦਾ ਹੈ ਤਾਂ ਉਹ ਅੱਗੋਂ ਕਈ ਤਰ੍ਹਾਂ ਦੀਆਂ ਧਮਕੀਆਂ ਦਿੰਦਾ ਹੈ। ਉਹ ਤੰਤਰ ਮੰਤਰ ਦੇ ਨਾਂ 'ਤੇ ਲੋਕਾਂ ਨਾਲ ਕੁੱਟਮਾਰ ਕਰਦਾ ਹੈ। ਥਾਣਾ ਡਿਵੀਜ਼ਨ ਨੰਬਰ 1 ਦੀ ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਸ਼ਿਕਾਇਤ ਮਿਲਦੇ ਹੀ ਜਾਂਚ ਉਪਰੰਤ ਕਾਰਵਾਈ ਕੀਤੀ ਜਾਵੇਗੀ।