ਪੰਜਾਬ ''ਚ ਹੋਏ ਬਿਜਲੀ ਸਕੈਂਡਲ ਦੀ CBI ਤੋਂ ਜਾਂਚ ਹੋਣੀ ਚਾਹੀਦੀ ਹੈ : ਪ੍ਰੋ. ਚੰਦੂਮਾਜਰਾ

01/25/2020 4:39:41 PM

ਖਨੌਰੀ (ਹਰਜੀਤ) : 'ਪੰਜਾਬ 'ਚ ਬਿਜਲੀ ਦਾ ਬਹੁਤ ਵੱਡਾ ਸਕੈਂਡਲ ਹੋਇਆ ਹੈ, ਜਿਸ ਦੀ ਸੀ. ਬੀ. ਆਈ. ਤੋਂ ਜਾਂਚ ਕਰਵਾਈ ਜਾਣੀ ਚਾਹੀਦੀ ਹੈ।' ਇਹ ਵਿਚਾਰ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਸੀਨੀਅਰ ਅਕਾਲੀ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਸ਼ਹਿਰ ਅੰਦਰ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਇਸ ਬਿਜਲੀ ਸਕੈਂਡਲ ਨੂੰ ਲੈ ਕੇ ਸੀ. ਬੀ. ਆਈ. ਜਾਂਚ ਦੀ ਮੰਗ ਕਰ ਚੁੱਕੀ ਹੈ। ਇਸ ਨੂੰ ਲੈ ਕੇ ਅਸੀਂ ਅਦਾਲਤ ਦਾ ਦਰਵਾਜ਼ਾ ਵੀ ਖੜਕਾਵਾਂਗੇ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦੀ ਘੋਰ ਅਣਗਹਿਲੀ ਕਾਰਨ ਸੂਬੇ ਦੇ ਲੋਕਾਂ 'ਤੇ 4100 ਕਰੋੜ ਰੁਪਏ ਦਾ ਬੋਝ ਪਿਆ ਹੈ।

ਕੈਪਟਨ ਸਰਕਾਰ 'ਤੇ ਤਿੱਖੇ ਵਾਰ ਕਰਦਿਆਂ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਇਹ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ। ਸੂਬੇ 'ਚ ਨਾਜਾਇਜ਼ ਮਾਈਨਿੰਗ, ਕਬਜ਼ੇ ਅਤੇ ਸ਼ਰਾਬ ਦਾ ਗੈਰ-ਕਾਨੂੰਨੀ ਧੰਦਾ ਜ਼ੋਰਾਂ ਨਾਲ ਚੱਲ ਰਿਹਾ ਹੈ, ਜਿਸ ਕਰ ਕੇ ਸਰਕਾਰ ਦੇ ਰੈਵੀਨਿਊ 'ਚ ਭਾਰੀ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਪ੍ਰਸ਼ਾਸਨ 'ਤੇ ਕੋਈ ਕੰਟਰੋਲ ਨਹੀਂ ਹੈ। ਅਕਾਲੀ ਸਰਕਾਰ ਵੱਲੋਂ ਰਾਈਟ ਟੂ ਸਰਵਿਸ ਅਤੇ ਹੋਰ ਕਈ ਲੋਕ ਹਿਤੈਸ਼ੀ ਯੋਜਨਾਵਾਂ ਨੂੰ ਬੰਦ ਕਰ ਦਿੱਤਾ ਗਿਆ ਹੈ, ਜਿਸ ਕਰ ਕੇ ਸੂਬੇ ਦੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਦੇ ਦਰਿਆਈ ਪਾਣੀਆਂ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹੱਕਾਂ ਅਤੇ ਪਾਣੀਆਂ ਦੀ ਰਾਖੀ ਲਈ ਪਹਿਲਾਂ ਤੋਂ ਹੀ ਡਟ ਕੇ ਪਹਿਰਾ ਦਿੰਦਾ ਆ ਰਿਹਾ ਹੈ ਅਤੇ ਹੁਣ ਵੀ ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਡਟ ਕੇ ਲੜਾਈ ਲੜੀ ਜਾਵੇਗੀ। ਉਨ੍ਹਾਂ ਦੱਸਿਆ ‍ਕਿ ਪੰਜਾਬ 'ਚ ਹੋ ਰਹੀ ਲੁੱਟ-ਖਸੁੱਟ, ਘੋਰ ਬੇਇਨਸਾਫੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ 2 ਫਰਵਰੀ ਨੂੰ ਸੰਗਰੂਰ 'ਚ ਜ਼ਬਰਦਸਤ ਰੈਲੀ ਕਰ ਕੇ ਸਰਕਾਰ ਦੇ ਕੰਨ ਖੋਲ੍ਹੇ ਜਾਣਗੇ। ਢੀਂਡਸਾ ਪਰਿਵਾਰ ਵੱਲੋਂ ਤੋੜ ਵਿਛੋੜਾ ਕੀਤੇ ਜਾਣ ਬਾਰੇ ਸਵਾਲ ਦਾ ਜਵਾਬ ਦੇਣ ਦੀ ਥਾਂ ਉਨ੍ਹਾਂ ਚੁੱਪੀ ਧਾਰਨ ਕਰਨਾ ਹੀ ਬਿਹਤਰ ਸਮਝਿਆ। ਇਸ ਤੋਂ ਬਾਅਦ ਉਨ੍ਹਾਂ ਨੇ ਇਲਾਕੇ ਦੇ ਕਈ ਪਿੰਡਾਂ ਦਾ ਦੌਰਾ ਵੀ ਕੀਤਾ ਜਿਥੇ ਲੋਕਾਂ ਵੱਲੋਂ ਉਨ੍ਹਾਂ ਦਾ ਪੂਰੀ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ।

ਇਸ ਮੌਕੇ ਸਨੌਰ ਤੋਂ ਹਲਕਾ ਵਿਧਾਇਕ ਅਤੇ ਉਨ੍ਹਾਂ ਦੇ ਫ਼ਰਜ਼ੰਦ ਹਰਿੰਦਰਪਾਲ ਸਿੰਘ ਚੰਦੂਮਾਜਰਾ, ਜਗਜੀਤ ਸਿੰਘ ਕੋਹਲੀ, ਸਾਬਕਾ ਨਗਰ ਪੰਚਾਇਤ ਪ੍ਰਧਾਨ ਸਤਿਗੁਰ ਸਿੰਘ ਬਾਂਗੜ, ਮਾਰਕੀਟ ਕਮੇਟੀ ਦੇ ਸਾਬਕਾ ਵਾਈਸ ਚੇਅਰਮੈਨ ਬਲਰਾਜ ਸ਼ਰਮਾ ਆਦਿ ਸਮੇਤ ਵੱਡੀ ਗਿਣਤੀ 'ਚ ਅਕਾਲੀ ਵਰਕਰ ਮੌਜੂਦ ਸਨ।


cherry

Content Editor

Related News