ਚੀਨ ਨੂੰ ਝਟਕਾ : ਜਰਮਨੀ ਦੀਆਂ ਕੰਪਨੀਆਂ ਨੇ ਭਾਰਤ ’ਚ ਲਾਇਆ ਵਪਾਰ ਮੇਲਾ

Friday, Dec 08, 2023 - 02:39 PM (IST)

ਜਲੰਧਰ (ਧਵਨ) : ਚੀਨ ਨੂੰ ਜ਼ਬਰਦਸਤ ਝਟਕਾ ਲੱਗਾ ਅਤੇ ਜਰਮਨੀ ਦੀਆਂ ਕੰਪਨੀਆਂ ਨੇ ਭਾਰਤ ’ਚ ਵਪਾਰ ਮੇਲੇ ਦਾ ਆਯੋਜਨ ਕਰ ਕੇ ਚੀਨ ਦੀਆਂ ਉਮੀਦਾਂ ਨੂੰ ਢਹਿ-ਢੇਰੀ ਕੀਤਾ ਹੈ। ਉੱਘੇ ਹੈਂਡਟੂਲਜ਼ ਬਰਾਮਦਕਾਰ ਨਰੇਸ਼ ਸ਼ਰਮਾ ਅਨੁਸਾਰ ਜਰਮਨੀ ’ਚ ਹਰ ਸਾਲ ਕੋਲੋਨ ਮੇਲੇ ਦਾ ਆਯੋਜਨ ਕੀਤਾ ਜਾਂਦਾ ਹੈ, ਜਿਸ ’ਚ ਦੁਨੀਆ ਭਰ ਦੀਆਂ ਹੈਂਡਟੂਲਜ਼ ਕੰਪਨੀਆਂ ਹਿੱਸਾ ਲੈਂਦੀਆਂ ਹਨ ਪਰ ਇਸ ਵਾਰ ਕੋਲੋਨ ਵੱਲੋਂ ਭਾਰਤ ’ਚ ਬੀਤੇ ਦਿਨੀਂ ਦਿੱਲੀ ਦੇ ਪ੍ਰਗਤੀ ਮੈਦਾਨ ’ਚ ਹੈਂਡਟੂਲਜ਼ ਅਤੇ ਹਾਰਡਵੇਅਰ ਮੇਲੇ ਦਾ ਆਯੋਜਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ‘ਇੰਟਰਨੈਸ਼ਨਲ ਹਾਰਡਵੇਅਰ ਫੇਅਰ ਇੰਡੀਆ 2023’ ’ਚ ਭਾਰਤ ਦੀਆਂ ਹੈਂਡਟੂਲਜ਼ ਕੰਪਨੀਆਂ ਨੇ ਹਿੱਸਾ ਲਿਆ। ਇਸ ’ਚ ਵੱਖ-ਵੱਖ ਤਰ੍ਹਾਂ ਦੀਆਂ ਕੰਪਨੀਆਂ ਹਿੱਸਾ ਲੈਣ ਪੁੱਜੀਆਂ ਹੋਈਆਂ ਸਨ। ਜਰਮਨੀ ਦੇ ਵਿਦੇਸ਼ੀ ਗਾਹਕ ਪਹਿਲੀ ਵਾਰ ਭਾਰਤ ’ਚ ਮੇਲੇ ਦਾ ਆਯੋਜਨ ਕਰਨ ਲਈ ਆਏ। ਇਸ ਤੋਂ ਪਹਿਲਾਂ ਚੀਨ ’ਚ ਅਜਿਹੇ ਮੇਲੇ ਆਯੋਜਿਤ ਕੀਤੇ ਜਾਂਦੇ ਸਨ ਪਰ ਭਾਰਤ ’ਚ ਪਹਿਲੀ ਵਾਰ ਹੈਂਡਟੂਲਜ਼ ਮੇਲੇ ਦਾ ਆਯੋਜਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਰਮਨੀ ਦੀਆਂ ਕੰਪਨੀਆਂ ਨੇ ਭਾਰਤ ’ਚ ਬਣਨ ਵਾਲੇ ਹੈਂਡਟੂਲਜ਼ ਉਤਪਾਦਾਂ ਦਾ ਮੁਆਇਨਾ ਕੀਤਾ ਅਤੇ ਆਉਣ ਵਾਲੇ ਦਿਨਾਂ ’ਚ ਭਾਰਤੀ ਕੰਪਨੀਆਂ ਨੂੰ ਵਿਦੇਸ਼ੀ ਗਾਹਕਾਂ ਤੋਂ ਆਰਡਰ ਮਿਲਣ ਦੀਆਂ ਉਮੀਦਾਂ ਪੈਦਾ ਹੋਈਆਂ ਹਨ। ਉਨ੍ਹਾਂ ਕਿਹਾ ਕਿ ਭਾਰਤੀ ਕੰਪਨੀਆਂ ਵੱਲੋਂ ਹੁਣ ਚੀਨ ਨੂੰ ਕਰਾਰੀ ਟੱਕਰ ਦਿੱਤੀ ਜਾ ਰਹੀ ਹੈ। ਚੀਨ ਦੀਆਂ ਕੰਪਨੀਆਂ ’ਚ ਹੜਕੰਪ ਮਚਿਆ ਹੋਇਆ ਹੈ। ਨਰੇਸ਼ ਸ਼ਰਮਾ ਨੇ ਕਿਹਾ ਕਿ ਪਹਿਲਾਂ ਭਾਰਤੀ ਬਰਾਮਦਕਾਰ ਸਿਰਫ ਕੋਲੋਨ ਮੇਲੇ ’ਚ ਹੀ ਜਾਂਦੇ ਸਨ ਅਤੇ ਉਥੋਂ ਉਨ੍ਹਾਂ ਨੂੰ ਆਰਡਰ ਮਿਲਦੇ ਸਨ। ਹੁਣ ਜਰਮਨੀ ਦੀਆਂ ਕੰਪਨੀਆਂ ਨੇ ਭਰੋਸਾ ਦਿੱਤਾ ਹੈ ਕਿ ਭਾਰਤ ’ਚ ਹਰ ਸਾਲ ਕੋਲੋਨ ਦੀ ਤਰਜ਼ ’ਤੇ ਮੇਲਿਆਂ ਦਾ ਆਯੋਜਨ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਨੌਜਵਾਨਾਂ ਲਈ ਚੰਗੀ ਖ਼ਬਰ, ਇਹ ਸਕੀਮ ਸ਼ੁਰੂ ਕਰਨ ਜਾ ਰਹੀ ਹੈ ਪੰਜਾਬ ਸਰਕਾਰ

ਉਨ੍ਹਾਂ ਕਿਹਾ ਕਿ ਕੋਲੋਨ ਮੇਲੇ ਦੀ ਸਫਲਤਾ ’ਤੇ ਹੀ ਭਾਰਤੀ ਕੰਪਨੀਆਂ ਦੀ ਸਫਲਤਾ ਟਿਕੀ ਹੁੰਦੀ ਹੈ। ਹੁਣ ਭਾਰਤ ’ਚ ਲੱਗ ਰਹੇ ਹੈਂਡਟੂਲਜ਼ ਅਤੇ ਹਾਰਡਵੇਅਰ ਮੇਲੇ ’ਤੇ ਵੀ ਭਾਰਤੀ ਕੰਪਨੀਆਂ ਦੀ ਸਫਲਤਾ ਨਿਰਭਰ ਕਰਿਆ ਕਰੇਗੀ। ਉਨ੍ਹਾਂ ਦੱਸਿਆ ਕਿ ਐੱਚ. ਆਰ. ਇੰਟਰਨੈਸ਼ਨਲ ਕੰਪਨੀ ਨੇ ਵੀ ਦਿੱਲੀ ਮੇਲੇ ’ਚ ਆਪਣੇ ਸਟਾਲ ਲਾਏ। ਸਾਡੀ ਕੰਪਨੀ ਨੂੰ ਪਿਛਲੇ ਇਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਸਭ ਤੋਂ ਵੱਧ ਬਰਾਮਦ ਕਰਨ ਵਾਲੀ ਕੰਪਨੀ ਦਾ ਐਵਾਰਡ ਮਿਲ ਰਿਹਾ ਹੈ।
ਪਿਛਲੇ ਕੁਝ ਸਾਲਾਂ ’ਚ ਜਿਸ ਤਰ੍ਹਾਂ ਨਾਲ ਸੰਸਾਰਿਕ ਆਰਥਿਕ ਮੰਦੀ ਅਤੇ ਹਾਲਾਤ ਕਾਰਨ ਹੈਂਡਟੂਲਜ਼ ਉਤਪਾਦਾਂ ਦੀ ਮੰਗ ’ਚ ਗਿਰਾਵਟ ਆਈ ਹੋਈ ਸੀ, ਉਸਨੂੰ ਦੇਖਦੇ ਹੋਏ ਹੁਣ ਭਾਰਤੀ ਕੰਪਨੀਆਂ ਨੂੰ ਉਮੀਦ ਪੈਦਾ ਹੋਈ ਹੈ ਕਿ ਆਉਣ ਵਾਲੇ ਦਿਨਾਂ ’ਚ ਭਾਰਤੀ ਕੰਪਨੀਆਂ ਦੇ ਵਧੀਆ ਦਿਨ ਆ ਸਕਦੇ ਹਨ। ਉਨ੍ਹਾਂ ਕਿਹਾ ਕਿ ਭਾਰਤੀ ਕੰਪਨੀਆਂ ਨੂੰ ਆਪਣੀ ਵਿਸਤਾਰ ਸਮਰੱਥਾ ਵਧਾਉਣੀ ਹੋਵੇਗੀ। ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਅਗਲੇ 15-20 ਦਿਨਾਂ ’ਚ ਤਸਵੀਰ ਸਾਫ ਹੋ ਜਾਵੇਗੀ ਅਤੇ ਪਤਾ ਲੱਗ ਜਾਵੇਗਾ ਕਿ ਦਿੱਲੀ ਮੇਲੇ ’ਤੇ ਕਿੰਨਾ ਹਾਂ-ਪੱਖੀ ਅਸਰ ਹੋਇਆ ਹੈ ਅਤੇ ਵਿਦੇਸ਼ੀ ਕੰਪਨੀਆਂ ਨੇ ਖਰੀਦਦਾਰੀ ਲਈ ਕਿੰਨੇ ਆਰਡਰ ਭਾਰਤੀ ਕੰਪਨੀਆਂ ਨੂੰ ਦਿੱਤੇ ਹਨ।

ਇਹ ਵੀ ਪੜ੍ਹੋ : ਰੈਸਟੋਰੈਂਟ, ਕਲੱਬ ਅਤੇ ਖਾਣ-ਪੀਣ ਵਾਲੀਆਂ ਥਾਵਾਂ ਲਈ ਪ੍ਰਸ਼ਾਸਨ ਵੱਲੋਂ ਸਖ਼ਤ ਹੁਕਮ ਜਾਰੀ

 

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Anuradha

Content Editor

Related News