ਜਨਰੇਟਰ ਰਿਪੇਅਰ ਦੀ ਦੁਕਾਨ ਦਾ ਸ਼ਟਰ ਪੁੱਟ ਕੇ ਕੀਤੀ ਚੋਰੀ

Tuesday, Jul 18, 2017 - 11:34 AM (IST)

ਜਨਰੇਟਰ ਰਿਪੇਅਰ ਦੀ ਦੁਕਾਨ ਦਾ ਸ਼ਟਰ ਪੁੱਟ ਕੇ ਕੀਤੀ ਚੋਰੀ


ਕੋਟ ਫਤੂਹੀ(ਬਹਾਦਰ ਖਾਨ)-ਸਥਾਨਕ ਬਾਜ਼ਾਰ ਵਿਚ ਪੁਲਸ ਚੌਕੀ ਤੋਂ ਕਰੀਬ ਦੋ-ਢਾਈ ਸੌ ਗਜ਼ ਦੀ ਦੂਰੀ 'ਤੇ ਇਕ ਜਨਰੇਟਰ ਰਿਪੇਅਰ ਦੀ ਦੁਕਾਨ ਦਾ ਸ਼ਟਰ ਪੁੱਟ ਕੇ ਚੋਰਾਂ ਵੱਲੋਂ ਚੋਰੀ ਕਰਨ ਦਾ ਸਮਾਚਾਰ ਮਿਲਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਭੰਮਰਾ ਜਨਰੇਟਰ ਰਿਪੇਅਰਸ ਨਾਮੀ ਦੁਕਾਨ ਦੇ ਮਾਲਕ ਦਲਜੀਤ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਬਿੰਜੋਂ ਨੇ ਦੱਸਿਆ ਕਿ ਉਹ ਹਰ ਰੋਜ਼ਾਨਾ ਦੀ ਤਰ੍ਹਾਂ ਕੱਲ ਸ਼ਾਮੀਂ ਆਪਣੀ ਦੁਕਾਨ ਨੂੰ ਤਾਲਾ ਲਾ ਕੇ ਘਰ ਚਲੇ ਗਏ ਸਨ ਅਤੇ ਅੱਜ ਸਵੇਰੇ ਕਰੀਬ 7.30 ਵਜੇ ਗੁਆਂਢੀ ਦੁਕਾਨਦਾਰਾਂ ਨੇ ਫੋਨ ਕਰ ਕੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਦਾ ਸ਼ਟਰ ਪੁੱਟਿਆ ਹੋਇਆ ਹੈ। ਜਦੋਂ ਅਸੀਂ ਦੁਕਾਨ 'ਤੇ ਆ ਕੇ ਦੇਖਿਆ ਤਾਂ ਚੋਰਾਂ ਨੇ ਲੋਹੇ ਦੀ ਰਾਡ ਆਦਿ ਨਾਲ ਸ਼ਟਰ ਉਪਰ ਚੁੱਕਿਆ ਹੋਇਆ ਸੀ ਅਤੇ ਦੁਕਾਨ ਅੰਦਰੋਂ 5 ਰੋਲ ਤਾਰਾਂ ਦੇ ਚੋਰੀ ਕਰ ਲਏ ਸਨ। 
ਉਨ੍ਹਾਂ ਦੱਸਿਆ ਕਿ ਚੋਰੀ ਹੋਈ ਤਾਰ 'ਚ 17 ਕਿਲੋ ਦੇ ਕਰੀਬ ਕਾਪਰ ਅਤੇ 8 ਕਿਲੋ ਦੇ ਕਰੀਬ ਐਲੂਮੀਨੀਅਮ ਦੀ ਤਾਰ ਸੀ। ਚੋਰਾਂ ਨੇ ਹੋਰ ਵੀ ਫਰੋਲਾ-ਫਰਾਲੀ ਕੀਤੀ ਹੋਈ ਸੀ, ਪਰ ਉਹ ਹੋਰ ਸਾਮਾਨ ਲਿਜਾਣ 'ਚ ਅਸਫਲ ਰਹੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਕਰੀਬ 10-12 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ ਹੈ। ਇਸ ਮੌਕੇ ਹਰਦਿਆਲ ਸਿੰਘ, ਹਰਮਿੰਦਰ ਸਿੰਘ, ਭਿੰਦਾ ਭਗਤੂਪੁਰ ਆਦਿ ਵੀ ਹਾਜ਼ਰ ਸਨ।


Related News