ਜਨਰਲ ਕੈਟਾਗਰੀ ਵਲੋਂ ਭਾਰਤ ਬੰਦ ਦੇ ਸੱਦੇ ''ਤੇ ਗੁਰਦਾਸਪੁਰ ਲਗਭਗ ਬੰਦ
Tuesday, Apr 10, 2018 - 12:35 PM (IST)

ਗੁਰਦਾਸਪੁਰ (ਵਿਨੋਦ) : ਜਨਰਲ ਕੈਟਾਗਰੀ ਸੰਗਠਨ ਵਲੋਂ ਭਾਰਤ ਬੰਦ ਦੇ ਸੱਦੇ ਤੇ ਅੱਜ ਗੁਰਦਾਸਪੁਰ ਸ਼ਹਿਰ ਲਗਭਗ ਬੰਦ ਰਿਹਾ। ਸਵੇਰੇ ਜਨਰਲ ਕੈਟਾਗਰੀ ਦੇ ਕੁਝ ਨੌਜਵਾਨਾਂ ਨੇ ਸਥਾਨਕ ਹਨੂੰਮਾਨ ਚੌਂਕ ਵਿਚ ਇਕੱਠੇ ਹੋ ਕੇ ਕੁਝ ਦੁਕਾਨਾਂ ਨੂੰ ਬੰਦ ਕਰਵਾਇਆ। ਬਾਹਰੀ ਇਲਾਕਿਆਂ ਵਿਚ ਦੁਕਾਨਾਂ ਖੁੱਲੀਆਂ ਵੇਖੀਆਂ ਗਈਆਂ ਪਰ ਸ਼ਹਿਰ 'ਚ ਕੈਮਿਸਟ ਛਾਪ, ਹਸਪਤਾਲ, ਬੈਂਕ, ਕਲੀਨਿਕਲ ਲੈਬ, ਡਿਸਪੈਂਸਰੀ ਖੁੱਲ੍ਹੀ ਰਹੀ। ਇਨ੍ਹਾਂ ਜ਼ਰੂਰੀ ਸੇਵਾਵਾਂ ਨੂੰ ਬੰਦ ਤੋਂ ਮੁਕਤ ਰੱਖਿਆ ਗਿਆ। ਸਵੇਰ ਤੱਕ ਸ਼ਹਿਰ ਵਿਚ ਬੰਦ ਹੋਣ ਸੰਬੰਧੀ ਕੋਈ ਸੂਚਨਾ ਨਹੀਂ ਸੀ, ਜਿਸ ਕਾਰਨ ਪੁਲਸ ਨੇ ਵੀ ਕੋਈ ਵਿਸ਼ੇਸ਼ ਪ੍ਰਬੰਧ ਨਹੀਂ ਕੀਤੇ ਸੀ ਪਰ ਅਚਾਨਕ ਸਵੇਰੇ ਜਦ ਜਨਰਲ ਕੈਟਾਗਰੀ ਦੇ ਲੋਕਾਂ ਨੇ ਇਕੱਠੇ ਹੋ ਕੇ ਦੁਕਾਨਾਂ ਬੰਦ ਕਰਵਾਉਣੀਆਂ ਸ਼ੁਰੂ ਕੀਤੀਆ ਤਾਂ ਪੁਲਸ ਅਧਿਕਾਰੀਆਂ ਨੇ ਇਸ ਦੀ ਸੂਚਨਾ ਮਿਲਦੇ ਹੀ ਪੂਰੇ ਸ਼ਹਿਰ ਵਿਚ ਪੁਲਸ ਤਾਇਨਾਤ ਕਰ ਦਿੱਤੀ।
ਪ੍ਰਮੁੱਖ ਚੌਂਕ 'ਤੇ ਵਿਸ਼ੇਸ ਸੁਰੱਖਿਆ ਪ੍ਰਬੰਧ ਕੀਤੇ ਗਏ। ਕੁਝ ਪ੍ਰਾਈਵੇਟ ਸਕੂਲਾਂ ਨੇ ਤਾਂ ਪਹਿਲਾਂ ਹੀ ਛੁੱਟੀ ਐਲਾਨ ਕਰ ਰੱਖੀ ਸੀ ਜਦਕਿ ਕੁਝ ਸਕੂਲ ਅੱਜ ਖੁੱਲ੍ਹੇ ਰਹੇ। ਬੈਂਕਾਂ ਦਾ ਕੰਮਕਾਜ ਵੀ ਆਮ ਦਿਨਾਂ ਦੀ ਤਰ੍ਹਾਂ ਹੋਇਆ। ਬੰਦ ਦਾ ਸਮਾਚਾਰ ਪਿੰਡਾਂ 'ਚ ਪਹੁੰਚਣ 'ਤੇ ਪਿੰਡਾਂ ਤੋਂ ਲੋਕ ਸ਼ਹਿਰ ਵਿਚ ਨਹੀਂ ਆਏ। ਸਬਜ਼ੀ ਮੰਡੀ ਦਾ ਕੰਮ ਵੀ ਆਮ ਦਿਨਾਂ ਦੀ ਤਰ੍ਹਾਂ ਹੋਇਆ। ਜਨਰਲ ਕੈਟਾਗਿਰੀ ਦੇ ਨੇਤਾਵਾਂ ਦੇ ਅਨੁਸਾਰ ਅਸੀਂ ਜਾਣਬੁੱਝ ਕੇ ਬੰਦ ਕਰਵਾਉਣ ਦਾ ਐਲਾਨ ਪਹਿਲਾਂ ਨਹੀਂ ਕੀਤਾ ਸੀ, ਕਿਉਂਕਿ ਪੁਲਸ ਇਸ ਸੰਬੰਧੀ ਪਹਿਲਾਂ ਹੀ ਨੇਤਾਵਾਂ ਨੂੰ ਗ੍ਰਿਫਤਾਰ ਕਰ ਲੈਂਦੀ ਹੈ।