ਫਰਜ਼ੀ ਯੋਜਨਾਵਾਂ ਖਿਲਾਫ ਚਿਤਾਵਨੀ ਨੋਟਿਸ ਲਾਏ
Monday, Oct 30, 2017 - 02:19 AM (IST)
ਕਿਸ਼ਨਪੁਰਾ ਕਲਾਂ, (ਭਿੰਡਰ)- ਅੱਜ ਸੀ. ਡੀ. ਪੀ. ਓ. ਧਰਮਕੋਟ ਦੇ ਦਿਸ਼ਾ-ਨਿਰਦੇਸ਼ਾਂ 'ਤੇ ਆਂਗਣਵਾੜੀ ਵਰਕਰਾਂ ਵੱਲੋਂ ਪਿੰਡ ਭਿੰਡਰ ਕਲਾਂ/ਭਿੰਡਰ ਖੁਰਦ ਦੀਆਂ ਜਨਤਕ ਥਾਵਾਂ 'ਤੇ ਜਾ ਕੇ ਲੋਕਾਂ ਨੂੰ 'ਬੇਟੀ ਬਚਾਓ-ਬੇਟੀ ਪੜ੍ਹਾਓ' ਸਕੀਮ ਦੇ ਨਾਂ 'ਤੇ ਹੋ ਰਹੀ ਧੋਖਾਦੇਹੀ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਇਸ ਸਬੰਧੀ ਚਿਤਾਵਨੀ ਨੋਟਿਸ ਵੀ ਲਾਏ ਗਏ।
ਸੁਪਰਵਾਈਜ਼ਰ ਮੈਡਮ ਬਲਵੀਰ ਕੌਰ ਨੇ ਪਿੰਡ ਵਾਸੀਆਂ ਨੂੰ ਜਾਗਰੂਕ ਕਰਦਿਆਂ ਦੱਸਿਆ ਕਿ ਭਾਰਤ ਸਰਕਾਰ ਦੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਧਿਆਨ 'ਚ ਆਇਆ ਹੈ ਕਿ ਕੁਝ ਗਲਤ ਅਨਸਰਾਂ ਅਤੇ ਗੈਰ-ਸਰਕਾਰੀ ਸੰਗਠਨਾਂ ਵੱਲੋਂ ਗਰੀਬ ਲੋਕਾਂ ਨੂੰ ਨਕਦ ਰਾਸ਼ੀ ਦਿਵਾਉਣ ਲਈ 'ਬੇਟੀ ਬਚਾਓ-ਬੇਟੀ ਪੜ੍ਹਾਓ' ਸਕੀਮ ਅਧੀਨ ਗੈਰ-ਕਾਨੂੰਨੀ ਢੰਗ ਨਾਲ ਫਾਰਮ ਭਰੇ ਜਾ ਰਹੇ ਹਨ। ਇਹ ਨਕਲੀ ਫਾਰਮ ਭਰ ਕੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਨੂੰ ਭੇਜੇ ਜਾ ਰਹੇ ਹਨ, ਜਦਕਿ ਇਸ ਸਕੀਮ ਅਧੀਨ ਕਿਸੇ ਨੂੰ ਵੀ ਨਕਦ ਰਾਸ਼ੀ ਦੇਣ ਦੀ ਕੋਈ ਯੋਜਨਾ ਨਹੀਂ ਹੈ। ਉਨ੍ਹਾਂ ਦੱਸਿਆ ਕਿ 'ਬੇਟੀ ਬਚਾਓ-ਬੇਟੀ ਪੜ੍ਹਾਓ' ਸਕੀਮ ਅਧੀਨ ਬੇਟੀਆਂ ਪ੍ਰਤੀ ਸਮਾਜ ਦੀ ਸੋਚ ਨੂੰ ਬਦਲਣਾ, ਪੀ. ਸੀ. ਅਤੇ ਪੀ. ਐੱਨ. ਡੀ. ਟੀ. ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕਰਨਾ ਅਤੇ ਬੇਟੀਆਂ ਦੀ ਸਿੱਖਿਆ ਨੂੰ ਅੱਗੇ ਵਧਾਉਣ ਲਈ ਜ਼ੋਰ ਦੇਣਾ ਹੈ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਗੈਰ-ਕਾਨੂੰਨੀ ਅਤੇ ਧੋਖਾਦੇਹੀ ਵਾਲੀਆਂ ਸਕੀਮਾਂ ਦੇ ਜਾਲ 'ਚ ਨਾ ਫਸਣ, ਜੇਕਰ ਫਿਰ ਵੀ ਕੋਈ ਬੇਟੀ ਬਚਾਓ-ਬੇਟੀ ਪੜ੍ਹਾਓ ਸਕੀਮ ਦੀ ਦੁਰਵਰਤੋਂ ਕਰਦਾ ਹੈ ਤਾਂ ਤੁਰੰਤ ਇਸ ਦੀ ਜਾਣਕਾਰੀ ਸਰਕਾਰੀ ਅਧਿਕਾਰੀ ਦੇ ਧਿਆਨ 'ਚ ਲਿਆਂਦੀ ਜਾਵੇ ਤਾਂ ਜੋ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।
