ਐਡੀਸ਼ਨਲ ਡਾਇਰੈਕਟਰ ਵਜੋਂ ਤਰੱਕੀ ਪਿੱਛੋਂ ਗੱਤਕਾ ਪ੍ਰਮੋਟਰ ਹਰਜੀਤ ਸਿੰਘ ਗਰੇਵਾਲ ਨੇ ਅਹੁਦਾ ਸੰਭਾਲਿਆ

Wednesday, Mar 26, 2025 - 07:30 PM (IST)

ਐਡੀਸ਼ਨਲ ਡਾਇਰੈਕਟਰ ਵਜੋਂ ਤਰੱਕੀ ਪਿੱਛੋਂ ਗੱਤਕਾ ਪ੍ਰਮੋਟਰ ਹਰਜੀਤ ਸਿੰਘ ਗਰੇਵਾਲ ਨੇ ਅਹੁਦਾ ਸੰਭਾਲਿਆ

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਸੂਚਨਾ ਤੇ ਲੋਕ ਸੰਪਰਕ ਵਿਭਾਗ ਵਿੱਚ ਚੰਡੀਗੜ੍ਹ ਵਿਖੇ ਤਾਇਨਾਤ ਜੁਆਇੰਟ ਡਾਇਰੈਕਟਰ ਸਰਦਾਰ ਹਰਜੀਤ ਸਿੰਘ ਗਰੇਵਾਲ, ਸਟੇਟ ਐਵਾਰਡੀ, ਨੂੰ ਐਡੀਸ਼ਨਲ ਡਾਇਰੈਕਟਰ ਵਜੋਂ ਤਰੱਕੀ ਦਿੱਤੀ ਗਈ ਹੈ ਅਤੇ ਉਨ੍ਹਾਂ ਵਿਭਾਗ ਵੱਲੋਂ ਜਾਰੀ ਨਵੇਂ ਤਾਇਨਾਤੀ ਹੁਕਮਾਂ ਉਪਰੰਤ ਅੱਜ ਆਪਣਾ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਦੀ ਇਹ ਪਦਉਨਤੀ ਵਿਭਾਗ ਦੀ ਪ੍ਰਮੋਸ਼ਨ ਕਮੇਟੀ ਦੀ ਮੀਟਿੰਗ ਤੋਂ ਬਾਅਦ ਹੋਈ ਹੈ ਜਿਸ ਦੀ ਪ੍ਰਧਾਨਗੀ ਵਿਭਾਗ ਦੇ ਸਕੱਤਰ ਸਰਦਾਰ ਮਲਵਿੰਦਰ ਸਿੰਘ ਜੱਗੀ ਨੇ ਕੀਤੀ।

ਦੇਸ਼-ਵਿਦੇਸ਼ਾਂ ਵਿੱਚ ਗੱਤਕਾ ਪ੍ਰਮੋਟਰ ਵਜੋਂ ਮਸ਼ਹੂਰ ਸਰਦਾਰ ਹਰਜੀਤ ਸਿੰਘ ਗਰੇਵਾਲ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕਾਨੂੰਨ ਦੀ ਡਿਗਰੀ ਤੇ ਪੱਤਰਕਾਰਤਾ ਦੀ ਮਾਸਟਰ ਡਿਗਰੀ ਹਾਸਲ ਕੀਤੀ ਹੈ। ਦੱਸਣਯੋਗ ਹੈ ਕਿ ਸੰਗਰੂਰ ਜ਼ਿਲ੍ਹੇ ਦੇ ਪਿੰਡ ‘ਸਿੰਘਾਂ ਦੀ ਸਕਰੌਦੀ’ ਦੇ ਜੰਮਪਲ ਸਰਦਾਰ ਹਰਜੀਤ ਸਿੰਘ ਗਰੇਵਾਲ ਲੱਗਭਗ 17 ਸਾਲਾਂ ਤੋਂ ਸਿੱਖ ਵਿਰਾਸਤੀ ਦੀ ਜੰਗਜੂ ਕਲਾ ਗੱਤਕਾ ਨੂੰ ਬਤੌਰ ਮਾਨਤਾ ਪ੍ਰਾਪਤ ਖੇਡ ਵਜੋਂ ਵਿਸ਼ਵ ਭਰ ਵਿੱਚ ਪ੍ਰਫੁੱਲਤ ਕਰਨ, ਮਾਨਤਾ ਦਿਵਾਉਣ, ਪ੍ਰਚਾਰਿਤ ਕਰਨ ਅਤੇ ਵਿਰਸੇ ਵਜੋਂ ਸੰਭਾਲਣ ਵਿੱਚ ਮੋਹਰੀ ਭੂਮਿਕਾ ਨਿਭਾਅ ਰਹੇ ਹਨ। ਇਸ ਨਿਰਸਵਾਰਥ ਸੇਵਾ ਬਦਲੇ ਜਿੱਥੇ ਉਨ੍ਹਾਂ ਨੂੰ ਦੇਸ਼-ਵਿਦੇਸ਼ ਵਿੱਚ ਦਰਜਨਾਂ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ ਉੱਥੇ ਪੰਜਾਬ ਸਰਕਾਰ ਵੱਲੋਂ ‘ਸਟੇਟ ਐਵਾਰਡ’ ਪ੍ਰਦਾਨ ਕਰਨਾ, ਦੁਬਈ ਵਿਖੇ ‘ਸੇਵਾ ਐਵਾਰਡ’ ਅਤੇ ਮੁੰਬਈ ਵਿਖੇ ‘ਸਿੱਖ ਅਚੀਵਰਜ ਐਵਾਰਡ’ ਆਦਿ ਮਾਣ ਸਨਮਾਨ ਹਾਸਲ ਹੋਇਆ ਹੈ। 

ਰਣਬੀਰ ਕਾਲਜ ਸੰਗਰੂਰ ਅਤੇ ਅਕਾਲ ਕਾਲਜ ਮਸਤੂਆਣਾ ਸਾਹਿਬ ਦੇ ਸਾਇੰਸ ਦੇ ਵਿਦਿਆਰਥੀ ਰਹੇ ਸਰਦਾਰ ਗਰੇਵਾਲ ਦੀ ਇਸ ਤਰੱਕੀ ਉੱਤੇ ਉਨ੍ਹਾਂ ਦੇ ਪਿੰਡ ਵਾਸੀਆਂ ਅਤੇ ਇਲਾਕਾ ਨਿਵਾਸੀਆਂ ਵਿੱਚ ਵੱਡੀ ਖ਼ੁਸ਼ੀ ਪਾਈ ਜਾ ਰਹੀ ਹੈ। ਉਨ੍ਹਾਂ ਨੇ ਸਾਲ 2001 ਵਿੱਚ ਬਤੌਰ ਸੂਚਨਾ ਤੇ ਲੋਕ ਸੰਪਰਕ ਅਫ਼ਸਰ ਵਜੋਂ ਅਹੁਦਾ ਸੰਭਾਲਿਆ ਸੀ ਅਤੇ ਕਰੀਬ ਦਰਜਨ ਤੋਂ ਵੱਧ ਮੰਤਰੀਆਂ, ਵਿਜੀਲੈਂਸ ਬਿਊਰੋ, ਪੰਜਾਬ ਪੁਲਿਸ ਸਮੇਤ ਡਿਪਟੀ ਮੁੱਖ ਮੰਤਰੀ ਨਾਲ ਵੀ ਉਨ੍ਹਾਂ ਬਤੌਰ ਡਿਪਟੀ ਡਾਇਰੈਕਟਰ ਸੇਵਾ ਨਿਭਾਈ ਹੈ। ਉਨਾਂ ਵਿਭਾਗ ਵਿੱਚ ਬਤੌਰ ਜਾਇੰਟ ਡਾਇਰੈਕਟਰ ਕਈ ਬ੍ਰਾਂਚਾਂ ਦਾ ਕਾਰਜ ਭਾਰ ਸਫਲਤਾਪੂਰਵਕ ਸੰਭਾਲਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Baljit Singh

Content Editor

Related News