''ਕੌਮੀ ਗੱਤਕਾ ਦਿਵਸ'' ''ਤੇ ਲੱਗੀਆਂ ਰੌਣਕਾਂ
Friday, Jun 23, 2017 - 07:39 AM (IST)
ਫਰੀਦਕੋਟ (ਹਾਲੀ) - ਸ਼ਹਿਰ ਅੰਦਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਅਤੇ ਕਿਸਾਨ ਵਿੰਗ ਪ੍ਰਧਾਨ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਦੀ ਅਗਵਾਈ 'ਚ ਜ਼ਿਲਾ ਪ੍ਰਧਾਨ ਸੁਰਜੀਤ ਸਿੰਘ ਅਰਾਈਆਂ ਦੀ ਪ੍ਰਧਾਨਗੀ ਹੇਠ ਸ੍ਰੀ ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਹੱਕੀ ਚੌਕ ਵਿਖੇ 'ਕੌਮੀ ਗੱਤਕਾ ਦਿਵਸ' ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ, ਜਿਸ 'ਚ ਵੱਖ-ਵੱਖ ਗੱਤਕਾ ਟੀਮਾਂ ਨੇ ਆਪਣੀ ਕਲਾ ਦੇ ਜੌਹਰ ਵਿਖਾਏ, ਜਿਸ ਨੂੰ ਵੇਖ ਕੇ ਗੱਤਕੇ ਨੂੰ ਪਿਆਰ ਕਰਨ ਵਾਲੇ ਵੱਡੀ ਗਿਣਤੀ 'ਚ ਪੁੱਜੇ ਲੋਕਾਂ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਉਕਤ ਟੀਮਾਂ ਦੀ ਹੌਸਲਾ-ਅਫਜ਼ਾਈ ਕੀਤੀ। ਇਸ ਸਮੇਂ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਕਿਹਾ ਕਿ ਸਿੱਖ ਕੌਮ ਦੀ ਵਿਰਾਸਤੀ ਖੇਡ ਗੱਤਕਾ ਹੈ, ਇਸ ਲਈ 21 ਜੂਨ ਨੂੰ ਹਰ ਸਾਲ ਪਾਰਟੀ ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਪੰਜਾਬ ਭਰ 'ਚ 'ਗੱਤਕਾ ਦਿਵਸ' ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਫਰੀਦਕੋਟ ਜ਼ਿਲੇ 'ਚ ਮਨਾਏ ਗਏ 'ਗੱਤਕਾ ਦਿਵਸ' 'ਤੇ ਅਨੇਕਾਂ ਗੱਤਕਾ ਟੀਮਾਂ ਦੇ ਨੰਨ੍ਹੇ-ਮੁੰਨੇ ਬੱਚਿਆਂ ਨੇ ਗੱਤਕਾ ਖੇਡ ਕੇ ਪੁਰਾਤਨ ਵਿਰਸੇ ਦੀ ਯਾਦ ਤਾਜ਼ਾ ਕਰਦੇ ਹੋਏ ਗੱਤਕੇ ਦੀਆਂ ਬਾਰੀਕੀਆਂ ਬਾਰੇ ਲੋਕਾਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਇਸ ਮੌਕੇ ਜ਼ਿਲਾ ਪ੍ਰਧਾਨ ਸੁਰਜੀਤ ਸਿੰਘ ਅਰਾਈਆਂ ਸਮੇਤ ਗੁਰਦੀਪ ਸਿੰਘ ਢੁੱਡੀ, ਜੋਗਿੰਦਰ ਸਿੰਘ ਗੋਲੇਵਾਲਾ, ਕੁਲਵੰਤ ਸਿੰਘ ਗੋਲੇਵਾਲਾ, ਅਮਰ ਸਿੰਘ ਤੇ ਸੁਖਪਾਲ ਸਿੰਘ ਨੇ ਗੱਤਕਾ ਟੀਮਾਂ ਜਿਨ੍ਹਾਂ 'ਚੋਂ ਸ਼ਹੀਦ ਬਾਬਾ ਦੀਪ ਸਿੰਘ ਜੀ ਗੱਤਕਾ ਅਖਾੜਾ ਕੋਟਕਪੂਰਾ ਦੀਆਂ ਕੁੜੀਆਂ ਅਤੇ ਮੁੰਡਿਆਂ ਨੇ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ, ਦੀ ਪ੍ਰਸ਼ੰਸਾ ਪੱਤਰ, ਟਰਾਫ਼ੀ ਅਤੇ ਨਕਦੀ ਰਾਸ਼ੀ ਦੇ ਕੇ ਹੌਸਲਾ-ਅਫਜ਼ਾਈ ਕੀਤੀ।