ਗੜ੍ਹਸ਼ੰਕਰ 'ਚ ਚਿੱਟਾ ਜੇਬ 'ਚ ਪਾ ਰੇਡ ਕਰਨ ਵਾਲੇ 7 ਪੁਲਸ ਮੁਲਾਜ਼ਮ ਮੁਅੱਤਲ

10/05/2019 9:24:58 AM

ਸੈਲਾ ਖੁਰਦ (ਅਰੋੜਾ) : ਪਿੰਡ ਪੈਂਸਰਾਂ ਵਿਚ ਇਕ ਦੁਕਾਨ 'ਤੇ ਛਾਪਾ ਮਾਰਨ ਦੀ ਆੜ ਵਿਚ ਧੋਖੇ ਨਾਲ ਚਿੱਟਾ ਪਾਊਡਰ ਰੱਖਣ ਦੀ ਕੋਸ਼ਿਸ਼ ਕਰਨ ਵਾਲੀ ਪੰਜਾਬ ਪੁਲਸ ਦੀ ਨਾਰਕੋਟਿਕਸ ਟੀਮ ਦੇ 7 ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਟੀਮ ਮੁਖੀ ਖਿਲਾਫ਼ ਕੇਸ ਦਰਜ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਸਬ-ਇੰਸਪੈਕਟਰ ਦਿਲਬਾਗ ਸਿੰਘ, ਸਬ-ਇੰਸਪੈਕਟਰ ਹਰੀਸ਼ ਕੁਮਾਰ, ਏ. ਐੱਸ. ਆਈ. ਗੁਰਮੀਤ ਸਿੰਘ, ਕਾਂਸਟੇਬਲ ਰਾਕੇਸ਼ ਕੁਮਾਰ, ਮਹਿਲਾ ਕਾਂਸਟੇਬਲ ਰਾਜਵੀਰ ਕੌਰ, ਹੋਮਗਾਰਡ ਜਵਾਨ ਧਰਮਿੰਦਰ ਸਿੰਘ ਅਤੇ ਪਿੰਡ ਪੈਂਸਰਾਂ ਦੇ ਹੀ ਪੁਲਸ ਮੁਲਾਜ਼ਮ ਅਵਤਾਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਟੀਮ ਮੁਖੀ ਸਬ-ਇੰਸਪੈਕਟਰ ਦਿਲਬਾਗ ਸਿੰਘ ਦੀ ਗੱਡੀ ਵਿਚੋਂ 4 ਪੈਕੇਟ ਚਿੱਟਾ ਪਾਊਡਰ, 4 ਬੋਤਲਾਂ ਸ਼ਰਾਬ ਅਤੇ 750 ਗ੍ਰਾਮ ਚੂਰਾ-ਪੋਸਤ ਬਰਾਮਦ ਹੋਣ 'ਤੇ ਉਸ ਖਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਚਰਚਾ ਦਾ ਵਿਸ਼ਾ ਬਣੀ ਰਹੀ ਪੈਂਸਰਾਂ ਦੀ ਇਹ ਘਟਨਾ
ਪਿੰਡ ਪੈਂਸਰਾਂ ਵਿਚ ਨਾਰਕੋਟਿਕਸ ਦੀ ਟੀਮ ਨੇ ਇਕ ਦੁਕਾਨ ਵਿਚ ਆਪਣੇ ਕੋਲੋਂ ਹੀ ਚਿੱਟਾ ਪਾਊਡਰ ਰੱਖ ਕੇ ਦੁਕਾਨਦਾਰ ਨੂੰ ਗ੍ਰਿਫ਼ਤਾਰ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ, ਜਿਨ੍ਹਾਂ ਨੂੰ ਇਕੱਠੇ ਹੋ ਕੇ ਪਿੰਡ ਵਾਸੀਆਂ ਨੇ ਘੇਰ ਲਿਆ ਅਤੇ ਸਥਾਨਕ ਪੁਲਸ ਅਧਿਕਾਰੀਆਂ ਦੀ ਹਾਜ਼ਰੀ ਵਿਚ ਉਪਰੋਕਤ ਟੀਮ ਦੀ ਕਾਰ ਵਿਚੋਂ ਹੀ ਨਸ਼ੇ ਬਰਾਮਦ ਹੋ ਗਏ। ਇਸ ਘਟਨਾ ਕਾਰਣ ਪੁਲਸ ਦੀ ਪੂਰੇ ਪੰਜਾਬ ਵਿਚ ਕਿਰਕਿਰੀ ਹੋ ਰਹੀ ਹੈ।


cherry

Content Editor

Related News