ਗੜ੍ਹਸ਼ੰਕਰ ਹਲਕੇ 'ਚ ਹੋ ਰਹੀ ਨਾਜਾਇਜ਼ ਮਾਈਨਿੰਗ 'ਤੇ ਭਾਜਪਾ ਨੇਤਾ ਨਿਮਿਸ਼ਾ ਮਹਿਤਾ ਨੇ ਕੀਤੀ ਛਾਪੇਮਾਰੀ

Wednesday, May 17, 2023 - 05:54 PM (IST)

ਗੜ੍ਹਸ਼ੰਕਰ ਹਲਕੇ 'ਚ ਹੋ ਰਹੀ ਨਾਜਾਇਜ਼ ਮਾਈਨਿੰਗ 'ਤੇ ਭਾਜਪਾ ਨੇਤਾ ਨਿਮਿਸ਼ਾ ਮਹਿਤਾ ਨੇ ਕੀਤੀ ਛਾਪੇਮਾਰੀ

ਗੜ੍ਹਸ਼ੰਕਰ- ਹਲਕਾ ਗੜ੍ਹਸ਼ੰਕਰ ਦੇ ਵੱਖ-ਵੱਖ ਪਿੰਡਾਂ 'ਚ ਚੱਲ ਰਹੀ ਨਾਜਾਇਜ਼ ਮਾਈਨਿੰਗ ਦੀ ਪੋਲ ਖੋਲ੍ਹਦੇ ਹੋਏ ਭਾਜਪਾ ਆਗੂ ਨਿਮਿਸ਼ਾ ਮਹਿਤਾ ਨੇ ਸਾਥੀਆਂ ਸਮੇਤ ਪਿੰਡ ਸੌਣੀ ਅਤੇ ਬੀਰਮਪੁਰ ਵਿਖੇ ਸਵੇਰੇ ਛਾਪਾ ਮਾਰਿਆ। ਖਣਨ ਮਾਫ਼ੀਆ ਵੱਲੋਂ ਕੀਤੀ ਜਾ ਰਹੀ ਗੈਰ-ਕਾਨੂੰਨੀ ਪੁਟਾਈ ਦੀ ਪੈਮਾਇਸ਼ ਕਰਨ ਲਈ ਨਿਮਿਸ਼ਾ ਮਹਿਤਾ ਬਕਾਇਦਾ ਮਿਣਤੀ ਵਾਲਾ ਫੀਤਾ ਨਾਲ ਲੈ ਕੇ ਗਏ ਅਤੇ ਪੱਤਰਕਾਰਾਂ ਦੀ ਟੀਮ ਅੱਗੇ ਮਿਣਤੀ ਕਰਨ 'ਤੇ ਪੁੱਟੇ ਗਏ ਢੋਏ 10 ਤੋਂ 13 ਫੁੱਟ ਡੂੰਘੇ ਪਾਏ ਗਏ।  ਇਸ ਮੌਕੇ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਡਿਪਟੀ ਸਪੀਕਰ ਪੰਜਾਬ ਸਰਕਾਰ ਜੈ ਕ੍ਰਿਸ਼ਨ ਰੋੜੀ ਪਿਛਲੀ ਸਰਕਾਰ ਸਮੇਂ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਕਾਫ਼ੀ ਹਮਲਾਵਰ ਰਹਿੰਦੇ ਸਨ। ਉਸ ਸਮੇਂ ਮਾਈਨਿੰਗ ਵਾਲੀ ਜਗ੍ਹਾ 'ਤੇ ਪਹੁੰਚ ਕੇ ਵਾਰ-ਵਾਰ ਵੀਡੀਓ ਬਣਾਉਂਦੇ ਰਹੇ ਪਰ ਅੱਜ ਪੰਜਾਬ ਵਿਚ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਇਸ ਮੁੱਦੇ 'ਤੇ ਚੁੱਪ ਧਾਰ ਲਈ ਹੈ। ਉਨ੍ਹਾਂ ਕਿਹਾ ਕਿ ਮਾਈਨਿੰਗ ਮਹਿਕਮੇ ਦੇ ਨਿਰਦੇਸ਼ਾਂ ਦੀ ਉਲੰਘਣਾ ਕਰਦੇ ਕਰੀਬ 10 ਤੋਂ 13 ਫੁੱਟ ਡੂੰਘੇ ਮਿੱਟੀ ਦੇ ਢੋਏ ਪੁੱਟ ਦਿੱਤੇ ਗਏ ਹਨ। ਨਿਮਿਸ਼ਾ ਮਹਿਤਾ ਨੇ ਦੱਸਿਆ ਕਿ ਹਲਕਾ ਗੜ੍ਹਸ਼ੰਕਰ ਵਿਚ ਜਗ੍ਹਾ-ਜਗ੍ਹਾ ਨਾਜਾਇਜ਼ ਮਾਈਨਿੰਗ ਵਿਧਾਇਕ ਜੈ ਕ੍ਰਿਸ਼ਨ ਰੋੜੀ ਦੇ ਜੱਦੀ ਪਿੰਡ ਦੇ ਲੋਕ ਕਰ ਰਹੇ ਹਨ। ਜਿਨ੍ਹਾਂ ਦੀਆਂ ਟਰਲਾਈਆਂ ਅਤੇ ਟਿੱਪਰਾਂ 'ਤੇ ਬਕਾਇਦਾ ਰੋੜੀ ਲਿਖਿਆ ਹੋਇਆ ਹੈ ਅਤੇ ਸਮੂਚਾ ਹਲਕਾ ਗੜ੍ਹਸ਼ੰਕਰ ਇਸ ਤੋਂ ਚੰਗੀ ਤਰ੍ਹਾਂ ਜਾਣੂੰ ਹੈ। 

ਇਹ ਵੀ ਪੜ੍ਹੋ - ਡਰੋਨ ਤੇ ਨਸ਼ਾ ਤਸਕਰਾਂ ਬਾਰੇ ਜਾਣਕਾਰੀ ਦੇਣ ਵਾਲਿਆਂ ਲਈ ਪੰਜਾਬ ਪੁਲਸ ਦਾ ਵੱਡਾ ਐਲਾਨ

PunjabKesari

ਉਨ੍ਹਾਂ ਕਿਹਾ ਕਿ 'ਆਪ' ਦੇ ਵਿਧਾਇਕ ਜੈ ਕ੍ਰਿਸ਼ਨ ਰੋੜੀ ਨੂੰ ਕਿਹਾ ਕਿ ਗੜ੍ਹਸ਼ੰਕਰ ਦੇ ਲੋਕਾਂ ਨੂੰ ਤੁਹਾਨੂੰ ਵੋਟਾਂ ਹਲਕੇ ਦਾ ਵਿਕਾਸ ਕਰਨ ਲਈ ਪਾਈਆਂ ਸਨ ਨਾਕਿ ਇਲਾਕੇ ਵਿਚ ਹਲਕਾ ਬਲਾਚੌਰ ਦੇ ਲੋਕਾਂ ਦੀ ਨਾਜਾਇਜ਼ ਮਾਈਨਿੰਗ ਚਲਾਉਣ ਲਈ। ਨਿਮਿਸ਼ਾ ਨੇ ਕਿਹਾ ਕਿ ਰੋੜੀ ਨੇ ਗੜ੍ਹਸ਼ੰਕਰ ਵਾਸੀਆਂ ਦੀਆਂ ਵੋਟਾਂ ਨਾਲ ਵਿਧਾਇਕ ਦਾ ਰੁਤਬਾ ਹਾਸਲ ਕੀਤਾ ਪਰ ਵਫਾਦਾਰੀ ਆਪਣੇ ਜੱਦੀ ਪਿੰਡ ਰੋੜੀ ਦੇ ਮਾਈਨਿੰਗ ਮਾਫ਼ੀਆ ਨਾਲ ਨਿਭਾਅ ਰਹੇ ਹਨ ਅਤੇ ਇਸੇ ਕਰਕੇ ਉਹ ਮਾਈਨਿੰਗ ਮਾਫ਼ੀਆ ਖ਼ਿਲਾਫ਼ ਇਕ ਅੱਖਰ ਵੀ ਨਹੀਂ ਬੋਲਦੇ। ਉਨ੍ਹਾਂ ਕਿਹਾ ਕਿ ਜੇਕਰ ਰੋੜੀ ਨੂੰ ਆਪਣੇ ਹਲਕੇ ਦੇ ਵਿਚ ਚੱਲ ਰਹੀ ਨਾਜਾਇਜ਼ ਮਾਈਨਿੰਗ ਦੀ ਕੋਈ ਤਕਲੀਫ਼ ਹੁੰਦੀ ਤਾਂ ਉਹ ਆਪਣੀ ਸਰਕਾਰ ਦੇ ਚਲਦਿਆਂ ਬਕਾਇਦਾ ਅਫ਼ਸਰ ਲਿਆ ਕੇ ਖਣਨ ਮਾਫ਼ੀਆ 'ਤੇ ਪਰਚੇ ਦਰਜ ਕਰਵਾਉਂਦੇ।  ਇਸ ਮੌਕੇ ਪਿੰਡ ਦੇ ਲੋਕਾਂ ਨੇ ਭਾਜਜਾ ਨੇਤਾ ਨਿਮਿਸ਼ਾ ਕੋਲ ਉਨ੍ਹਾਂ ਦੇ ਪਿੰਡ ਵਿਚ ਚੱਲ ਰਹੀ ਨਾਜਾਇਜ਼ ਮਾਈਨਿੰਗ ਨੂੰ ਬੰਦ ਕਰਵਾਉਣ ਲਈ ਗੁਹਾਰ ਲਗਾਉਣ ਅਤੇ ਆਪਣੇ ਪਿੰਡ ਨੂੰ ਜਾਣ ਵਾਲੇ ਰਸਤੇ ਜੋਕਿ ਮਿੱਟੀ ਨਾਲ ਲੱਦੇ ਹੋਏ ਟਿੱਪਰਾਂ ਅਤੇ  ਟਰਾਲੀਆਂ ਦੀ ਵਜ੍ਹਾ ਨਾਲ ਖ਼ਰਾਬ ਹੋ ਰਹੇ ਹਨ, ਨੂੰ ਬਚਾਉਣ ਦੀ ਮੰਗ ਰੱਖੀ। ਪਿੰਡ ਵਾਸੀਆਂ ਨੇ ਦੱਸਿਆ ਕਿ ਇਥੇ ਪਿਛਲੇ 25-30 ਦਿਨਾਂ ਤੋਂ ਐੱਨ. ਆਰ. ਆਈ. ਦੇ ਖੇਤਾਂ ਵਿਚ ਮਾਈਨਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਇਸ ਮੁੱਦੇ ਨੂੰ ਉਠਾਉਣ ਲਈ ਭਾਜਪਾ ਨੇਤਾ ਦਾ ਧੰਨਵਾਦ ਕੀਤਾ। 

ਇਹ ਵੀ ਪੜ੍ਹੋ - ਅਮਰੀਕਾ ਦੀ ਧਰਤੀ 'ਤੇ ਪੰਜਾਬੀ ਪਿਓ-ਪੁੱਤ ਦੀ ਮੌਤ, ਵਾਪਰੇਗਾ ਅਜਿਹਾ ਭਾਣਾ ਕਿਸੇ ਸੋਚਿਆ ਨਾ ਸੀ

ਉਥੇ ਹੀ ਨਿਮਿਸ਼ਾ ਮਹਿਤਾ ਨੇ ਗੜ੍ਹਸ਼ੰਕਰ ਦੇ ਪ੍ਰਸ਼ਾਸਨ ਅਤੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਇਹ ਤਾਂ ਪਹਿਲਾ ਖ਼ੁਲਾਸਾ ਹੈ ਅਤੇ ਲਗਾਤਾਰ ਅਫ਼ਸਰਾਂ ਦੀ ਮਿਲੀਭੁਗਤ ਦੇ ਹੋਰ ਕਈ ਖ਼ੁਲਾਸੇ ਆਉਣ ਵਾਲੇ ਦਿਨਾਂ ਵਿਚ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ ਨਾਜਾਇਜ਼ ਮਾਈਨਿੰਗ ਦੇ ਮਸਲੇ 'ਤੇ ਕਾਰਵਾਈ ਨਾ ਕੀਤੀ ਗਈ ਜਾਂ ਇਹ ਨਾਜਾਇਜ਼ ਧੰਦਾ ਬੰਦ ਨਾ ਕਰਵਾਇਆ ਗਿਆ ਤਾਂ ਇਸ ਦੀ ਸ਼ਿਕਾਇਤ ਰਾਜਪਾਲ ਪੰਜਾਬ ਅਤੇ ਨੈਸ਼ਨਲ ਗ੍ਰੀਨ ਟਿਬਿਊਨਲ ਨੂੰ ਕੀਤੀ ਜਾਵੇਗੀ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

shivani attri

Content Editor

Related News