ਪਟਿਆਲਾ ਲਈ ਖੁਸ਼ਖਬਰੀ : ''ਸਾਹਬ'' ਦਾ ਮਾਲੀ ਹੋਇਆ ''ਕੋਰੋਨਾ'' ਮੁਕਤ, ਹਸਪਤਾਲ ''ਚੋਂ ਮਿਲੀ ਛੁੱਟੀ
Monday, Apr 27, 2020 - 07:57 PM (IST)
ਪਟਿਆਲਾ (ਜ. ਬ.) : ਪਟਿਆਲਾ ਜ਼ਿਲ੍ਹੇ 'ਚ ਇਕ ਸੀਨੀਅਰ ਅਫਸਰ ਦਾ ਮਾਲੀ, ਜੋ ਕਿ ਕੁਝ ਦਿਨ ਪਹਿਲਾਂ 'ਕੋਰੋਨਾ ਪਾਜ਼ੇਟਿਵ' ਪਾਇਆ ਗਿਆ ਸੀ, ਦੀ ਦੋ ਵਾਰ ਲਗਾਤਾਰ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਉਸ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚੋਂ ਛੁੱਟੀ ਦੇ ਦਿੱਤੀ ਗਈ। ਦੇਰ ਸ਼ਾਮ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਵੱਲੋਂ ਜਾਰੀ ਬੁਲੇਟਿਨ 'ਚ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਜ਼ਿਲ੍ਹੇ ਦੇ ਦੂਜੇ 'ਕੋਰੋਨਾ ਪਾਜ਼ੇਟਿਵ' ਕੇਸ (ਯਾਨੀ ਸਾਹਬ ਦੇ ਮਾਲੀ) ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਉਸ ਨੂੰ ਹਸਪਤਾਲ 'ਚੋਂ ਛੁੱਟੀ ਦੇ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ 54 ਸੈਂਪਲਾਂ ਦੀ ਰਿਪੋਰਟ ਮਿਲੀ ਜੋ ਸਾਰੇ ਨੈਗੇਟਿਵ ਹਨ, ਜਦਕਿ 45 ਕੇਸਾਂ ਦੀ ਰਿਪੋਰਟ ਆਉਣੀ ਬਾਕੀ ਹੈ।
ਇਹ ਵੀ ਪੜ੍ਹੋ ► ਤਰਨਤਾਰਨ 'ਚ ਕੋਰੋਨਾ ਦੀ ਦਸਤਕ, ਨਾਂਦੇੜ ਸਾਹਿਬ ਤੋਂ ਪਰਤੇ ਜੱਥੇ 'ਚੋਂ 6 ਸ਼ਰਧਾਲੂ ਮਿਲੇ 'ਕੋਰੋਨਾ' ਪਾਜ਼ੀਟਿਵ
ਉਨ੍ਹਾਂ ਇਹ ਵੀ ਦੱਸਿਆ ਕਿ ਬੀਤੇ ਦਿਨੀਂ ਰਾਜਪੁਰਾ 'ਚ ਇਕੋਂ ਹੀ ਪਰਿਵਾਰ ਦੇ 6 ਵਿਅਕਤੀ 'ਕੋਰੋਨਾ ਪਾਜ਼ੇਟਿਵ' ਪਾਏ ਗਏ ਸਨ, ਉਨ੍ਹਾਂ ਦੇ ਸੰਪਰਕ 'ਚ ਆਏ 5 ਵਿਅਕਤੀਆਂ ਦੇ ਸੈਂਪਲਾਂ ਦੀ ਰਿਪੋਰਟ ਵੀ ਨੈਗੇਟਿਵ ਆਈ ਹੈ। ਉਨ੍ਹਾਂ ਦੱਸਿਆ ਕਿ ਰਾਜਪੁਰਾ ਵਿਖੇ 'ਕੋਰੋਨਾ' ਦੀ ਚੇਨ ਨੂੰ ਤੋੜਨ ਲਈ ਪਾਜ਼ੇਟਿਵ ਕੇਸਾਂ ਵੱਲੋਂ ਜੋ ਉਨ੍ਹਾਂ ਦੇ ਨੇੜੇ ਦੇ ਸੰਪਰਕ ਦੱਸੇ ਗਏ ਸਨ, ਉਨ੍ਹਾਂ ਸਾਰਿਆਂ ਦੇ ਸੰਪਰਕ ਦੀ ਟਰੇਸਿੰਗ ਕੀਤੀ ਗਈ, ਜਿਨ੍ਹਾਂ ਵਿਚੋਂ ਕੁਝ ਬਗੈਰ ਫਲੂ ਲੱਛਣਾਂ ਵਾਲੇ ਕੇਸ ਵੀ ਪਾਏ ਗਏ ਸਨ। ਉਨ੍ਹਾਂ ਸਾਰਿਆਂ ਦੇ 'ਕੋਰੋਨਾ' ਜਾਂਚ ਲਈ ਸੈਂਪਲ ਲਏ ਗਏ ਸਨ ਪਰ ਬੀਤੇ ਦਿਨੀਂ ਲਏ ਪੰਜਾਂ ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਉਣ 'ਤੇ ਰਾਜਪੁਰਾ ਵਿਖੇ 'ਕੋਰੋਨਾ' ਦੀ ਚੇਨ ਟੁੱਟਦੀ ਜਾਪਦੀ ਹੈ।
ਇਹ ਵੀ ਪੜ੍ਹੋ ► ਪਟਿਆਲਾ ਜ਼ਿਲੇ 'ਚ ਕੋਰੋਨਾ ਵਾਇਰਸ ਨਾਲ ਪਹਿਲੀ ਮੌਤ, 63 ਸਾਲਾ ਮਹਿਲਾ ਨੇ ਤੋੜਿਆ ਦਮ
ਫਿਲਹਾਲ ਰੈਪਿਡ ਟੈਸਟਿੰਗ 'ਤੇ ਰੋਕ ਜਾਰੀ
ਉਨ੍ਹਾਂ ਦੱਸਿਆ ਕਿ ਆਈ. ਸੀ. ਐੱਮ. ਆਰ. ਤੋਂ 'ਕੋਰੋਨਾ' ਜਾਂਚ ਲਈ ਰੈਪਿਡ ਐਂਟੀਬਾਡੀਜ ਟੈਸਟਿੰਗ ਸਬੰਧੀ ਨਵੀਆਂ ਗਾਈਡ ਲਾਈਨਜ਼ ਨਾ ਆਉਣ ਕਾਰਣ ਫਿਲਹਾਲ ਰੈਪਿਡ ਟੈਸਟਿੰਗ 'ਤੇ ਰੋਕ ਜਾਰੀ ਹੈ।
ਜ਼ਿਲ੍ਹੇ 'ਚ 'ਕੋਰੋਨਾ' ਕੇਸਾਂ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਹੁਣ ਤੱਕ ਜਾਂਚ ਲਈ ਲਏ ਗਏ 544 ਸੈਂਪਲਾਂ ਵਿਚੋਂ 61 ਪਾਜ਼ੇਟਿਵ, 443 ਨੈਗੀਟਿਵ ਅਤੇ 45 ਸੈਂਪਲਾ ਦੀ ਰਿਪੋਰਟ ਆਉਣੀ ਬਾਕੀ ਹੈ। 1 ਮਰੀਜ਼ ਨੂੰ ਠੀਕ ਹੋਣ ਉਪਰੰਤ ਛੁੱਟੀ ਦਿੱਤੀ ਜਾ ਚੁੱਕੀ ਹੈ।