ਪੰਜਾਬ ਪੁਲਸ ਨੇ ਤਰਨਤਾਰਨ RPG ਅਟੈਕ ਮਾਮਲੇ ਨੂੰ ਸੁਲਝਾਇਆ, ਗੈਂਗਸਟਰ ਲੰਡਾ ਹਰੀਕੇ ਨਿਕਲਿਆ ਮਾਸਟਰਮਾਈਂਡ

Friday, Dec 16, 2022 - 02:42 PM (IST)

ਪੰਜਾਬ ਪੁਲਸ ਨੇ ਤਰਨਤਾਰਨ RPG ਅਟੈਕ ਮਾਮਲੇ ਨੂੰ ਸੁਲਝਾਇਆ, ਗੈਂਗਸਟਰ ਲੰਡਾ ਹਰੀਕੇ ਨਿਕਲਿਆ ਮਾਸਟਰਮਾਈਂਡ

ਚੰਡੀਗੜ੍ਹ /ਤਰਨਤਾਰਨ : ਪੰਜਾਬ ਪੁਲਸ ਵੱਲੋਂ ਤਰਨਤਾਰਨ 'ਚ ਹੋਏ RPG ਅਟੈਕ ਦੇ ਮਾਮਲੇ ਨੂੰ ਸੁਲਝਾ ਲਿਆ ਗਿਆ ਹੈ ਅਤੇ ਇਸ ਮਾਮਲੇ 'ਚ ਵੱਡੇ ਖ਼ੁਲਾਸੇ ਹੋਏ ਹਨ। ਇਸ ਸਬੰਧੀ ਪ੍ਰੈਸ ਕਾਨਫਰੰਸ ਕਰਦਿਆਂ ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਦੱਸਿਆ ਕਿ ਇਸ ਹਮਲੇ ਦਾ ਮਾਸਟਰਮਾਈਂਡ ਕੈਨੇਡਾ ਬੈਠਾ ਗੈਂਗਸਟਰ ਲਖਬੀਰ ਸਿੰਘ ਲੰਡਾ ਹਰੀਕੇ ਹੈ ਅਤੇ ਉਸ ਨੇ ਗੁਆਂਢੀ ਦੇਸ਼ ਦੀ ਖ਼ੁਫੀਆ ਏਜੰਸੀ ਆਈ. ਐੱਸ. ਆਈ. ਦੇ ਇਸ਼ਾਰੇ 'ਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਡੀ. ਜੀ. ਪੀ. ਨੇ ਦੱਸਿਆ ਕਿ ਜਾਂਚ ਦੌਰਾਨ ਇਹ ਪਤਾ ਲੱਗਾ ਹੈ ਕਿ ਗੈਂਗਸਟਰ ਲੰਡਾ ਦੇ ਯੂਰਪ ਬੈਠੇ 2 ਸਾਥੀਆਂ ਸਤਵੀਰ ਸਿੰਘ ਸੱਤਾ ਅਤੇ ਗੁਰਦੇਵ ਸਿੰਘ ਜੱਸਲ ਨੇ ਇਸ ਸਾਰੀ ਵਾਰਦਾਤ ਦੀ ਸਾਜਿਸ਼ ਰਚੀ ਸੀ।

ਇਹ ਵੀ ਪੜ੍ਹੋ- ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ, ਕੈਰੋਂ-ਇਆਲੀ ਸਣੇ ਕਈ ਆਗੂਆਂ ਨੂੰ ਮਿਲੀ ਵੱਡੀ ਜ਼ਿੰਮੇਵਾਰੀ

ਡੀ. ਜੀ. ਪੀ. ਯਾਦਵ ਨੇ ਦੱਸਿਆ ਕਿ ਇਸ ਮਾਮਲੇ 'ਚ ਪੁਲਸ ਵੱਲੋਂ 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਗੋਪੀ , ਗੁਰਲਾਲ ਸਿੰਘ ਜੈਲਾ, ਗੁਰਲਾਲ ਸਿੰਘ ਲਾਲੀ ਅਤੇ ਜੋਬਨਪ੍ਰੀਤ ਸਿੰਘ ਜੋਬਨ ਤੋਂ ਇਲਾਵਾ ਅਸ਼ਮੀਤ ਸਿੰਘ , ਜਿਸ ਨੂੰ ਅੰਮ੍ਰਿਤਸਰ ਪੁਲਸ ਵੱਲੋਂ ਅਕਤੂਬਰ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਜੇਲ੍ਹ ਤੋਂ ਲਿਆਂਦਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅਸ਼ਮੀਤ ਸਿੰਘ ਜੇਲ੍ਹ ਅੰਦਰੋਂ ਇਸ ਵਾਰਦਾਤ ਨੂੰ ਅੰਜਾਮ ਦੇਣ 'ਚ ਮਦਦ ਕਰ ਰਿਹਾ ਸੀ। ਇਸ ਤੋਂ ਇਲਾਵਾ 2 ਹੋਰ ਮੁਲਜ਼ਮਾਂ ਨੂੰ ਪੁਲਸ ਵੱਲੋਂ ਰਾਊਂਡਅੱਪ ਕੀਤਾ ਗਿਆ ਹੈ ਜੋ ਕਿ ਫਰਾਰ ਹਨ, ਜਿਨ੍ਹਾਂ ਦਾ ਨਾਮ ਦੱਸਣ ਤੋਂ ਡੀ. ਜੀ. ਪੀ. ਨੇ ਇਨਕਾਰ ਕਰ ਦਿੱਤਾ।

ਇਹ ਵੀ ਪੜ੍ਹੋ- ਪੰਜਾਬ 'ਚ ਕੜਾਕੇ ਦੀ 'ਠੰਡ' ਪੈਣੀ ਸ਼ੁਰੂ, ਜਾਣੋ ਆਪਣੇ ਜ਼ਿਲ੍ਹੇ ਦਾ ਹਾਲ

ਹੈਰਾਨੀਜਨਕ ਗੱਲ ਹੈ ਕਿ ਇਸ ਅੱਤਵਾਦੀ ਮਾਡਿਊਲ ਦਾ ਕੋਈ ਵੀ ਵਿਅਕਤੀ ਇਕ-ਦੂਸਰੇ ਨੂੰ ਨਹੀਂ ਜਾਣਦਾ ਸੀ। ਉਨ੍ਹਾਂ ਨੂੰ ਬਸ ਕੰਮ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ ਅਤੇ ਉਹ ਵਾਰਦਾਤ ਨੂੰ ਅੰਜਾਮ ਦੇ ਰਹੇ ਸਨ। ਡੀ. ਜੀ. ਪੀ. ਨੇ ਦੱਸਿਆ ਕਿ 1 ਦਸੰਬਰ ਨੂੰ ਤਰਨਤਾਰਨ ਦੇ ਬਰਹਾਲਾ ਪਿੰਡ 'ਚ RPG ਦੀ ਸਪਲਾਈ ਕੀਤੀ ਗਈ ਸੀ ਅਤੇ 8 ਦਿਨ ਮੁਲਜ਼ਮਾਂ ਨੇ ਆਪਣੇ ਕੋਲ RPG ਰੱਖਿਆ ਸੀ। ਉਨ੍ਹਾਂ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਹਮਲਾਵਰਾਂ ਨੂੰ ਵੀਡੀਓਸ ਵੀ ਦਿਖਾਈਆਂ ਗਈਆਂ ਸਨ ਅਤੇ ਕੈਨੇਡਾ ਬੈਠੇ ਗੈਂਗਸਟਰ ਲੰਡਾ ਨਾਲ ਵੀਡੀਓ ਕਾਲ 'ਤੇ ਗੱਲ ਵੀ ਕਰਵਾਈ ਗਈ ਸੀ। ਜਿਸ ਤੋਂ ਬਾਅਦ ਉਨ੍ਹਾਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਪੁਲਸ ਵੱਲੋਂ ਮੋਟਰਸਾਈਕਲ ਵੀ ਕਾਬੂ ਕਰ ਲਿਆ ਗਿਆ ਹੈ। 

ਨੋਟ- ਇਸ ਖ਼ਬਰ ਸਬੰਦੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News