Breaking News: ਪੰਜਾਬ 'ਚ ਗੈਂਗਵਾਰ! ਕਾਲਜ 'ਚ ਚੱਲੀਆਂ ਗੋਲ਼ੀਆਂ
Saturday, Jul 27, 2024 - 03:46 PM (IST)
ਖੰਨਾ (ਵਿਪਨ ਭਾਰਦਵਾਜ): ਇਸ ਵੇਲੇ ਖੰਨਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੋਂ ਦੇ ਇਕ ਕਾਲਜ ਵਿਚ ਵਿਦਿਆਰਥੀਆਂ ਵਿਚਾਲੇ ਲੜਾਈ ਹੋ ਗਈ ਜਿਸ ਵਿਚ ਗੋਲ਼ੀਆਂ ਵੀ ਚੱਲੀਆਂ ਹਨ। ਗੈਂਗਵਾਰ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਫ਼ਾਇਰਿੰਗ ਵਿਚ ਕਾਲਜ ਦਾ ਇਕ ਮੁਲਾਜ਼ਮ ਜ਼ਖ਼ਮੀ ਹੋ ਗਿਆ ਹੈ। ਕਈ ਵਿਦਿਆਰਥੀਆਂ ਨੇ ਭੱਜ ਕੇ ਆਪਣੀ ਜਾਨ ਬਚਾਈ ਹੈ। ਜਾਣਕਾਰੀ ਮੁਤਾਬਕ ਇਕ ਕਾਰ ਵਿਚ ਆਏ 4 ਨੌਜਵਾਨਾਂ ਨੇ ਫ਼ਾਇਰਿੰਗ ਕੀਤੀ ਹੈ। ਇਸ ਵਾਰਦਾਤ ਮਗਰੋਂ ਉਹ ਸਮਰਾਲਾ ਰੋਡ ਵੱਲ ਗਏ ਅਤੇ ਪੈਟਰੋਲ ਪੰਪ ਤੋਂ ਪੈਟਰੋਲ ਪਵਾਉਣ ਮਗਰੋਂ ਗੰਨ ਪੁਆਇੰਟ 'ਤੇ ਕਰਿੰਦੇ ਕੋਲੋਂ ਨਗਦੀ ਵੀ ਖੋਹ ਲਈ ਹੈ। ਇਹ ਵਾਰਦਾਤ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਭਲਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣਗੇ MP ਸਰਬਜੀਤ ਸਿੰਘ ਖ਼ਾਲਸਾ, ਰੱਖਣਗੇ ਇਹ ਮੰਗਾਂ
ਦੱਸਿਆ ਜਾ ਰਿਹਾ ਹੈ ਕਿ ਕਾਲਜ ਵਿਚ ਕੁਝ ਵਿਦਿਆਰਥੀਆਂ ਦੀ ਲੜਾਈ ਹੋਈ। ਇਸ ਦੌਰਾਨ ਇਕ ਗਰੁੱਪ ਨੇ ਪਿਸਤੌਲ ਨਾਲ ਗੋਲ਼ੀਆਂ ਚਲਾ ਦਿੱਤੀਆਂ। ਕੁਝ ਵਿਦਿਆਰਥੀ ਭੱਜ ਕੇ ਪ੍ਰਿੰਸੀਪਲ ਦੇ ਕਮਰੇ ਵੱਲ ਭੱਜੇ ਤਾਂ ਉੱਥੇ ਖੜ੍ਹੇ ਕਾਲਜ ਦੇ ਮੁਲਾਜ਼ਮ ਨੂੰ ਗੋਲ਼ੀ ਲੱਗ ਗਈ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਸ ਸਬੰਧੀ ਕਾਲਜ ਦੇ ਸੁਰੱਖਿਆ ਮੁਲਾਜ਼ਮ ਸਤਨਾਮ ਸਿੰਘ ਨੇ ਦੱਸਿਆ ਕਿ ਕਾਲਜ ਦੇ ਬਾਹਰ ਕੁਝ ਬੱਚਿਆਂ ਦੀ ਲੜਾਈ ਹੋਈ ਸੀ। ਜਦੋਂ ਫ਼ਾਇਰਿੰਗ ਦੀ ਆਵਾਜ਼ ਆਈ ਤਾਂ ਉਹ ਬਾਹਰ ਵੇਖਣ ਗਏ, ਇੰਨੇ ਨੂੰ ਇਕ ਬੱਚਾ ਭੱਜ ਕੇ ਕਾਲਜ ਅੰਦਰ ਆ ਗਿਆ। ਮਗਰੋਂ ਕਿਸੇ ਨੇ ਉਸ 'ਤੇ ਗੋਲ਼ੀ ਚਲਾ ਦਿੱਤੀ, ਜੋ ਕਾਲਜ ਦੇ ਮੁਲਾਜ਼ਮ ਹੁਸਨ ਲਾਲ ਦੀ ਲੱਤ ਵਿਚ ਜਾ ਲੱਗੀ। ਉਸ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਫ਼ਿਲਹਾਲ ਹੋਰ ਵੇਰਵਿਆਂ ਦੀ ਉਡੀਕ ਹੈ।
ਇਹ ਖ਼ਬਰ ਵੀ ਪੜ੍ਹੋ - ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ! ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਇਸ ਸਬੰਧੀ ਮੌਕੇ 'ਤੇ ਪਹੁੰਚੇ ਐੱਸ.ਐੱਸ.ਪੀ. ਖੰਨਾ ਅਮਨੀਤ ਕੌਂਡਲ ਨੇ ਕਿਹਾ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਦੁਪਹਿਰ ਪੌਣੇ 2 ਵਜੇ ਦੇ ਕਰੀਬ ਇਕ ਗ੍ਰੇ ਰੰਗ ਦੀ ਸਵਿਫਟ ਗੱਡੀ ਵਿਚ ਆਏ 4 ਨੌਜਵਾਨਾਂ ਨੇ ਫ਼ਾਇਰਿੰਗ ਕੀਤੀ ਹੈ। ਇਸ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪੁਲਸ ਅਧਿਕਾਰੀ ਆਪਣੀ ਟੀਮ ਸਮੇਤ ਪਹੁੰਚੇ। ਉਨ੍ਹਾਂ ਕਿਹਾ ਕਿ ਸੀ.ਸੀ.ਟੀ.ਵੀ. ਦੇ ਅਧਾਰ 'ਤੇ ਮੁਲਜ਼ਮਾਂ ਦੀ ਪਛਾਣ ਹੋ ਗਈ ਹੈ। ਇਸ ਦੇ ਨਾਲ ਹੀ ਕਾਲਜ ਦੇ 2 ਵਿਦਿਆਰਥੀਆਂ ਦੀ ਵੀ ਪਛਾਣ ਹੋਈ ਹੈ ਤੇ ਛੇਤੀ ਹੀ ਮਾਮਲਾ ਸੁਲਝਾ ਲਿਆ ਜਾਵੇਗਾ। ਅਮਨੀਤ ਕੌਂਡਲ ਉਨ੍ਹਾਂ ਕਿਹਾ ਕਿ ਇਸ ਮਗਰੋਂ ਉਹ ਸਮਰਾਲਾ ਰੋਡ ਵੱਲ ਗਏ ਤੇ ਪੈਟਰੋਲ ਪੰਪ 'ਤੇ ਲੁੱਟ ਵੀ ਕੀਤੀ ਹੈ। ਗੈਂਗਵਾਰ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਇਸ ਬਾਰੇ ਜਾਂਚ ਤੋਂ ਬਾਅਦ ਹੀ ਕੁਝ ਕਹਿ ਸਕਣਗੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8