ਟਲੀ ਵੱਡੀ ਵਾਰਦਾਤ, ਗੈਂਗਸਟਰ ਸੁੱਖੇ ਦੇ ਗਿਰੋਹ ਦੇ 3 ਗੈਂਗਸਟਰ ਹਥਿਆਰਾਂ ਸਮੇਤ ਗ੍ਰਿਫ਼ਤਾਰ

04/18/2022 9:30:08 PM

ਫ਼ਰੀਦਕੋਟ (ਰਾਜਨ) : ਜ਼ਿਲ੍ਹਾ ਪੁਲਸ ਨੂੰ ਉਸ ਵੇਲੇ ਭਾਰੀ ਸਫ਼ਲਤਾ ਹਾਸਲ ਹੋਈ ਜਦੋਂ ਪੈਟਰੋਲ ਪੰਪ ਲੁੱਟਣ ਦੀ ਤਾਕ ਵਿਚ ਬੈਠੇ ਗੈਂਗਸਟਰ ਸੁੱਖੇ ਦੂਨੇ ਕੇ ਰਾਹੀਂ ਬਾਹਰੋਂ ਅਸਲਾ ਲਿਆ ਕੇ ਵਾਰਦਾਤਾਂ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਅਸਲੇ ਸਮੇਤ ਕਾਬੂ ਕਰ ਲਿਆ ਗਿਆ। ਸਥਾਨਕ ਸੀ.ਆਈ .ਏ ਸਟਾਫ਼ ਵਿਖੇ ਲਖਵੀਰ ਸਿੰਘ ਡੀ.ਐੱਸ.ਪੀ (ਡੀ) ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਦੇ ਸੀਨੀਅਰ ਪੁਲਸ ਕਪਤਾਨ ਅਵਨੀਤ ਕੌਰ ਸਿੱਧੂ ਦੇ ਦਿਸ਼ਾ-ਨਿਰਦੇਸ਼ ’ਤੇ ਜਦੋਂ ਐੱਸ.ਆਈ ਕੁਲਬੀਰ ਚੰਦ ਇੰਚਾਰਜ ਸੀ.ਆਈ.ਏ ਸਟਾਫ਼ ਜੈਤੋ ਅਤੇ ਏ.ਐੱਸ.ਆਈ ਚਰਨਜੀਤ ਸਿੰਘ ਸਮੇਤ ਪੁਲਸ ਪਾਰਟੀ ਗਸ਼ਤ ’ਤੇ ਸਨ ਤਾਂ ਪਿੰਡ ਲਾਲੇਆਣਾ ਵਿਖੇ ਗੁਪਤ ਇਤਲਾਹ ਮਿਲੀ ਸੀ ਕਿ ਹਰਜੀਤ ਸਿੰਘ ਉਰਫ਼ ਦਾਰਾ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਨਾਨਕਸਰ, ਰਾਹੁਲ ਪੁੱਤਰ ਸ਼ੰਭੂ ਪ੍ਰਕਾਸ਼ ਵਾਸੀ ਕੋਟਕਪੂਰਾ, ਗੁਰਸੇਵਕ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਕੋਟਕਪੂਰਾ, ਪ੍ਰਿੰਸ ਬਿੱਲਾ ਅਤੇ ਕਰਨ ਬਿੱਲਾ ਪੁੱਤਰਾਨ ਸ਼ਾਮ ਲਾਲ ਵਾਸੀ ਕੋਟਕਪੂਰਾ ਅਤੇ ਰਮਨਦੀਪ ਸਿੰਘ ਉਰਫ਼ ਕਾਲਾ ਪੁੱਤਰ ਮੰਦਰ ਸਿੰਘ ਵਾਸੀ ਕੋਟਕਪੂਰਾ ਨੇ ਆਪਣਾ ਗੈਂਗ ਬਣਾਇਆ ਹੋਇਆ ਹੈ ਅਤੇ ਇਹ ਸਾਰੇ ਅਸਲਾ, ਮਾਰੂ ਹਥਿਆਰਾਂ ਅਤੇ ਦੋ ਮੋਟਰਸਾਇਕਲਾਂ ਸਮੇਤ ਕੋਟਕਪੂਰਾ ਲਾਗੇ ਸੂਏ ਦੀ ਪੱਟੜੀ ’ਤੇ ਬੈਠੇ ਪੈਟਰੌਲਪੰਪ ਲੁੱਟਣ ਦੀ ਤਾਕ ਵਿਚ ਬੈਠੇ ਹੋਏ ਹਨ।

ਇਹ ਵੀ ਪੜ੍ਹੋ : ਬਠਿੰਡਾ ’ਚ ਹੋਈ 42 ਲੱਖ ਦੀ ਲੁੱਟ ਦੇ ਮਾਮਲੇ ’ਚ ਵੱਡਾ ਖ਼ੁਲਾਸਾ, ਅੰਮ੍ਰਿਤਸਰ ਦੇ ਪੁਲਸ ਵਾਲੇ ਦੀ ਕਰਤੂਤ ਨੇ ਹੈਰਾਨ ਕੀਤੇ ਸਭ

ਉਨ੍ਹਾਂ ਦੱਸਿਆ ਕਿ ਇਸ ਇਤਲਾਹ ’ਤੇ ਪੁਲਸ ਵੱਲੋਂ ਰੇਡ ਮਾਰ ਕੇ ਮੁਲਜ਼ਮ ਹਰਜੀਤ ਸਿੰਘ ਉਰਫ਼ ਦਾਰਾ, ਰਾਹੁਲ  ਅਤੇ ਗੁਰਸੇਵਕ ਸਿੰਘ ਨੂੰ ਕਾਬੂ ਕਰਕੇ ਇਨ੍ਹਾਂ ਪਾਸੋਂ ਇਕ ਪਿਸਟਲ 32 ਬੋਰ, 3 ਰੋਂਦ, ਇਕ ਕਾਪਾ ਲੋਹਾ ਅਤੇ ਇਕ ਖੰਡਾ ਦੋ ਮੂੰਹਾ ਮੌਕੇ ’ਤੇ ਬਰਾਮਦ ਕਰਕੇ ਕਾਬੂ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਕਾਬੂ ਕਰਕੇ ਮੁਕੱਦਮਾ ਦਰਜ ਕਰਨ ਉਪ੍ਰੰਤ ਕੀਤੀ ਗਈ ਪੁੱਛ-ਗਿੱਛ ਦੌਰਾਨ ਉਕਤ ਵਿੱਚੋਂ ਮੁਲਜ਼ਮ ਰਾਹੁਲ ਵੱਲੋਂ ਲੁਕੋ ਕੇ ਰੱਖਿਆ ਗਿਆ 32 ਬੋਰ ਪਿਸਟਲ ਅਤੇ 4 ਰੋਂਦ ਹੋਰ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਇਹ ਮੁਲਜ਼ਮ ਗੈਂਗਸਟਰ ਸੁੱਖਾ ਦੂਨੇ ਕੇ ਰਾਂਹੀਂ ਇੰਦੌਰ ਤੋਂ ਅਸਲਾ ਲਿਆਏ ਸਨ ਅਤੇ ਇਨ੍ਹਾਂ ਨੇ ਪੁਰਾਂਣੀ ਰੰਜਿਸ਼ ਕਾਰਣ ਇਸ ਜ਼ਿਲ੍ਹੇ ਦੇ ਦੋ ਵਿਅਕਤੀਆਂ ਦਾ ਵੀ ਕਤਲ ਕਰਨਾ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਹਰਜੀਤ ਸਿੰਘ ਉਰਫ਼ ਦਾਰਾ ’ਤੇ ਥਾਣਾ ਬਾਘਾਪੁਰਾਣਾ ਵਿਖੇ ਸਾਲ 2019 ਵਿਚ ਮੁਕੱਦਮਾ ਨੰਬਰ 190 ਅਤੇ 194 ਦਰਜ ਹਨ ਜਦਕਿ ਮੁਲਜ਼ਮ ਰਾਹੁਲ ਖਿਲਾਫ਼ ਸਾਲ 2020 ਵਿਚ ਸਿਟੀ ਕੋਟਕਪੂਰਾ ਵਿਖੇ ਮੁਕੱਦਮਾ ਨੰਬਰ 53 ਅਤੇ 116 ਪਹਿਲਾਂ ਹੀ ਦਰਜ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਸਾਥੀਆਂ ਦੀ ਗ੍ਰਿਫ਼ਤਾਰੀ ਲਈ ਪੁਲਸ ਪਾਰਟੀਆਂ ਵੱਲੋਂ ਰੇਡ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : ਅਜਨਾਲਾ ਨੇੜੇ ਵਾਲੀਬਾਲ ਟੂਰਨਾਮੈਂਟ ਤੋਂ ਬਾਅਦ ਜ਼ੋਰਦਾਰ ਧਮਾਕਾ, 12 ਸਾਲਾ ਬੱਚੇ ਦੀ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

 


Gurminder Singh

Content Editor

Related News