ਵਿਦੇਸ਼ਾਂ 'ਚ ਲੁਕੇ ਗੈਂਗਸਟਰਾਂ ਨੂੰ ਲਿਆਂਦਾ ਜਾਵੇਗਾ ਭਾਰਤ, ਕੇਂਦਰੀ ਏਜੰਸੀਆਂ ਨੇ ਖਿੱਚੀ ਤਿਆਰੀ
Friday, Aug 04, 2023 - 01:26 PM (IST)

ਚੰਡੀਗੜ੍ਹ : ਵਿਦੇਸ਼ਾਂ 'ਚ ਲੁਕੇ ਗੈਂਗਸਟਰਾਂ ਦੀ ਹੁਣ ਖੈਰ ਨਹੀਂ ਹੈ ਕਿਉਂਕਿ ਕੇਂਦਰੀ ਏਜੰਸੀਆਂ ਇਨ੍ਹਾਂ ਗੈਂਗਸਟਰਾਂ ਨੂੰ ਭਾਰਤ ਲਿਆਉਣ ਦੀ ਤਿਆਰੀ 'ਚ ਜੁੱਟ ਗਈਆਂ ਹਨ। ਇਨ੍ਹਾਂ ਦੀ ਸੂਚੀ ਇਸ ਅਪ੍ਰੈਲ ਮਹੀਨੇ 'ਚ ਕੇਂਦਰ ਸਰਕਾਰ ਵੱਲੋਂ ਤਿਆਰ ਕੀਤੀ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਵਿਦੇਸ਼ਾਂ 'ਚ ਲੁਕੇ 28 ਗੈਂਗਸਟਰਾਂ 'ਚੋਂ 9 ਕੈਨੇਡਾ ਅਤੇ 5 ਅਮਰੀਕਾ 'ਚ ਰਹਿ ਰਹੇ ਹਨ, ਜਿਨ੍ਹਾਂ 'ਚ ਸਿੱਧੂ ਮੂਸੇਵਾਲਾ ਦੇ ਕਤਲ ਦਾ ਮੁੱਖ ਸਾਜ਼ਿਸ਼ਕਰਤਾ ਗੋਲਡੀ ਬਰਾੜ ਵੀ ਹੈ।
ਖ਼ੁਫੀਆ ਏਜੰਸੀਆਂ ਦੇ ਅਧਿਕਾਰੀਆਂ ਮੁਤਾਬਕ ਕੇਂਦਰ ਸਰਕਾਰ ਜ਼ਰੀਏ ਸਾਰੇ ਗੈਂਗਸਟਰਾਂ ਨੂੰ ਭਾਰਤ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ ਪਰ ਪਹਿਲਾ ਨਿਸ਼ਾਨਾ ਕੈਨੇਡਾ ਅਤੇ ਅਮਰੀਕਾ ਹੈ, ਜਿੱਥੇ ਗੋਲਡੀ ਬਰਾੜ ਸਣੇ ਬਾਕੀ ਗੈਂਗਸਟਰਾਂ ਨੂੰ ਫੜ੍ਹਨ ਦੀ ਤਿਆਰੀ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਵਿਦੇਸ਼ਾਂ 'ਚ ਲੁਕੇ ਗੈਂਗਸਟਰ ਭਾਰਤ 'ਚ ਆਪਣੇ ਗੁਰਗਿਆਂ ਜ਼ਰੀਏ ਟਾਰਗੇਟ ਕੀਲਿੰਗ, ਅਗਵਾ, ਹਫ਼ਤਾ ਵਸੂਲੀ ਵਰਗੇ ਅਪਰਾਧ ਕਰਵਾ ਰਹੇ ਹਨ। ਖ਼ੁਫ਼ੀਆ ਏਜੰਸੀਆਂ ਵੱਲੋਂ ਹਾਲ ਹੀ 'ਚ ਦਿੱਲੀ, ਹਰਿਆਣਾ ਅਤੇ ਪੰਜਾਬ ਤੋਂ ਇਨ੍ਹਾਂ ਗੈਂਗਸਟਰਾਂ ਦੇ ਕਈ ਗੁਰਗਿਆਂ ਨੂੰ ਫ਼ੜ੍ਹਿਆ ਗਿਆ ਹੈ, ਜਿਨ੍ਹਾਂ ਤੋਂ ਮਿਲੇ ਇਨਪੁੱਟ ਦੇ ਆਧਾਰ 'ਤੇ ਹੁਣ ਏਜੰਸੀਆਂ ਵਿਦੇਸ਼ 'ਚ ਕਈ ਗੈਂਗਸਟਰਾਂ ਦੇ ਸੁਰਾਗ ਲਾਉਣ 'ਚ ਸਫ਼ਲ ਰਹੀਆਂ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ