ਐਨਕਾਊਂਟਰ ਤੋਂ ਪਹਿਲਾਂ ਸਕੂਲ ''ਚ ਲੁੱਕ ਗਏ ਸਨ ਗੈਂਗਸਟਰ, ਖਤਰੇ ''ਚ ਪੈ ਸਕਦੀ ਸੀ 350 ਬੱਚਿਆਂ ਦੀ ਜਾਨ
Saturday, Dec 16, 2017 - 01:45 PM (IST)

ਬਠਿੰਡਾ — ਪੰਜਾਬ, ਰਾਜਸਥਾਨ, ਹਰਿਆਣਾ ਤੇ ਯੂ. ਪੀ. 'ਚ ਗੈਂਗ ਆਪਰੇਟ ਕਰ ਰਹੇ ਵਿੱਕੀ ਗੌਂਡਰ ਦੇ ਸਾਥੀਆਂ ਦਾ ਸ਼ੁੱਕਰਵਾਰ ਨੂੰ ਬਠਿੰਡਾ ਦੇ ਪਿੰਡ ਗੁਲਾਬਗੜ੍ਹ ਦੇ ਸਕੂਲ ਦੇ ਬਾਹਰ ਪੁਲਸ ਨੇ ਉਸ ਸਮੇਂ ਐਨਕਾਊਂਟਰ ਕਰ ਦਿੱਤਾ, ਜਦ ਉਹ ਗਨਪੁਆਇੰਟ 'ਤੇ ਐੱਸ. ਪੀ. ਭੁਪਿੰਦਰ ਸਿੰਘ ਦੇ ਰਿਸ਼ਤੇਦਾਰ ਦੀ ਫਾਰਚਿਊਨਰ ਲੁੱਟ ਕੇ ਭੱਜ ਰਹੇ ਸਨ। ਇਸ ਦੌਰਾਨ ਕਰੀਬ 24 ਰਾਊਂਡ ਫਾਇਰ ਹੋਏ, ਜਿਸ ਦੌਰਾਨ ਜ਼ਖਮੀ ਗੈਂਗਸਟਰਸ ਨੇ ਹਸਪਤਾਲ 'ਚ ਦਮ ਤੋੜ ਦਿੱਤਾ, ਜਦ ਕਿ ਇਕ ਦੇ ਸਿਰ 'ਚ ਗੋਲੀ ਲੱਗਣ ਕਾਰਨ ਉਹ ਗੰਭੀਰ ਜ਼ਖਮੀ ਹੈ।
ਪੂਰੀ ਘਟਨਾ ਨੂੰ ਦੇਖ ਰਹੇ ਬਜ਼ੁਰਗ ਨੇ ਦੱਸਿਆ ਕਿ ਪਿੰਡ ਦੇ ਬੱਸ ਸਟਾਪ 'ਤੇ ਬੈਠ ਕੇ ਮੈਂ ਸਵੇਰ ਕਰੀਬ 12 ਵਜੇ ਹੱਥ ਸੇਕ ਰਿਹਾ ਸੀ। ਅਚਾਨਕ ਤੇਜ਼ ਰਫਤਾਰ ਨਾਲ ਗੱਡੀਆਂ ਸ਼ਹਿਰ 'ਚ ਦਾਖਲ ਹੋਈਆਂ, ਉਨ੍ਹਾਂ ਦੇ ਪਿੱਛੇ ਪੁਲਸ ਦੀਆਂ ਗੱਡੀਆਂ ਵੀ ਸਨ, ਉਦੋਂ 2 ਫਾਇਰ ਹੋਏ, ਮੈਨੂੰ ਲੱਗਾ ਫਿਲਮ ਦੀ ਸ਼ੂਟਿੰਗ ਚਲ ਰਹੀ ਹੈ। ਮੈਂ ਉੱਠ ਕੇ ਸਰਕਾਰੀ ਸਕੂਲ ਦੀ ਕੰਧ ਤਕ ਦੇਖਣ ਲਈ ਗਿਆ ਤਾਂ ਅਚਾਨਕ ਤਾਬੜ ਤੋੜ ਫਾਇਰਿੰਗ ਦੀ ਆਵਾਜ਼ ਆਈ ਤੇ ਸੜਕ ਵਿਚਾਲੇ ਗੱਡੀ ਰੋਕ ਕੇ ਦੋ ਨੌਜਵਾਨ ਹੱਥ 'ਚ ਹਥਿਆਰ ਲਏ ਸਕੂਲ ਵੱਲ ਦੌੜ ਗਏ।
ਗੈਂਗ ਸਰਗਨਾ ਹਰਵਿੰਦਰ ਸਿੰਘ ਭਿੰਦਾ ਤੇ ਗੁਰਵਿੰਦਰ ਸਿੰਘ ਗਿੰਦਾ ਦੋਨੋਂ ਹਥਿਆਰਾਂ ਸਮੇਤ ਦੋ ਸਕੂਲਾਂ 'ਚ ਜਾ ਵੜੇ। ਇਨ੍ਹਾਂ ਸਕੂਲਾਂ 'ਚ ਕਰੀਬ 350 ਬੱਚੇ ਪੜ੍ਹ ਰਹੇ ਸਨ। ਪੁਲਸ ਨੇ ਸਕੂਲ ਦੀ ਘੇਰਾਬੰਦੀ ਕਰਕੇ ਅੰਦਰ ਜਾ ਕੇ ਗਿੰਦਾ ਨੂੰ ਕਾਬੂ ਕਰ ਲਿਆ, ਜਦ ਕਿ ਭਿੰਦਾ ਕੰਧ ਟੱਪ ਕੇ ਪਿੰਡ 'ਚ ਜਾ ਵੜ੍ਹਿਆ ਪਰ ਉਸ ਨੂੰ ਵੀ ਕਾਬੂ ਕਰ ਲਿਆ ਗਿਆ। ਇਨ੍ਹਾਂ ਕੋਲੋਂ 9 ਐੱਮ. ਐੱਮ. ਪਿਸਤੌਲ, 32 ਬੌਰ ਪਿਸਤੌਲ ਤੇ ਇਕ 315 ਬੋਰ ਦਾ ਦੇਸੀ ਪਿਸੌਤਲ ਤੇ ਗੱਡੀ ਬਰਾਮਦ ਹੋਈ ਹੈ।
ਐਨਕਾਊਂਟਰ ਦੇਖ ਪਿੱਛੇ ਗੱਡੀ ਰੋਕ ਗੈਂਗ ਸਰਗਨਾ ਹਰਵਿੰਦਰ ਭਿੰਦਾ ਤੇ ਗੁਰਵਿੰਦਰ ਗਿੰਦਾ ਨੇ ਗੱਡੀ ਸਕੂਲ ਦੇ ਬਾਹਰ ਰੋਕ ਦਿੱਤੀ ਤੇ ਪ੍ਰਾਈਮਰੀ ਸਕੂਲ 'ਚ ਜਾ ਵੜੇ। ਉਨ੍ਹਾਂ ਦੇ ਹੱਥਾਂ 'ਚ ਹਥਿਆਰ ਦੇਖ ਵਿਦਿਆਰਥੀ ਜਮਾਤਾਂ 'ਚ ਲੁੱਕ ਗਏ। ਭਿੰਦਾ ਤੇ ਗਿੰਦਾ ਦੋਨੋਂ ਪ੍ਰਾਈਮਰੀ ਸਕੂਲ 'ਚੋਂ ਹੁੰਦੇ ਹੋਏ ਨਾਲ ਸਥਿਤ ਸਰਕਾਰੀ ਸੈਕੇਂਡਰੀ ਸਕੂਲ 'ਚ ਜਾ ਵੜੇ। ਇਨ੍ਹਾਂ ਦੋਨਾਂ ਸਕੂਲਾਂ 'ਚ ਕਰੀਬ 350 ਬੱਚੇ ਪੜ੍ਹ ਰਹੇ ਸਨ। ਕੁਝ ਦੇਰ ਬਾਅਦ ਪੁਲਸ ਨੇ ਦੋਨਾਂ ਨੂੰ ਕਾਬੂ ਕਰ ਲਿਆ।
ਜਾਣਕਾਰੀ ਮੁਤਾਬਕ ਭਿੰਦਾ ਤੇ ਗਿੰਦਾ ਪਹਿਲਾਂ ਹੀ ਬੀਕਾਨੇਰ ਤੋਂ ਅਬੋਹਰ ਦੇ ਰਸਤੇ ਪੰਜਾਬ ਆਏ ਸਨ। ਲੁੱਟੀ ਹੋਈ ਫਾਰਚਿਊਨਰ ਨੂੰ ਵੱਡੀ ਵਾਰਦਾਤ 'ਚ ਇਸਤੇਮਾਲ ਕਰਨਾ ਸੀ। ਅਰੇਸਟ ਭਿੰਦਾ 2009 ਤੋਂ 2012 ਤਕ ਪੰਜਾਬ, ਹਰਿਆਣਾ 'ਚ ਸਰਗਰਮ ਰਹੇ ਸ਼ੇਰਾ ਖੁੱਬਣ ਦੀ ਭੂਆ ਦਾ ਪੁੱਤਰ ਹੈ, ਜੋ ਯੂ. ਪੀ. ਸ਼ਿਫਟ ਹੋ ਗਿਆ ਸੀ ਤੇ ਖੁੱਬਣ ਦੇ ਹੀ ਸਾਥੀ ਵਿੱਕੀ ਗੌਂਡਰ ਦੀ ਮਦਦ ਨਾਲ ਰਾਜਸਥਾਨ-ਯੂ. ਪੀ. 'ਚ ਗੈਂਗ ਚਲਾ ਰਿਹਾ ਸੀ।