ਗੈਂਗਸਟਰ ਅਰਸ਼ਦੀਪ ਸਿੰਘ ਡਾਲਾ ਨਾਲ ਸਬੰਧਤ ਦੋ ਵਿਅਕਤੀਆਂ ਨੂੰ ਕੀਤਾ ਹਥਿਆਰਾਂ ਸਮੇਤ ਕਾਬੂ

Wednesday, Jul 06, 2022 - 12:39 PM (IST)

ਗੈਂਗਸਟਰ ਅਰਸ਼ਦੀਪ ਸਿੰਘ ਡਾਲਾ ਨਾਲ ਸਬੰਧਤ ਦੋ ਵਿਅਕਤੀਆਂ ਨੂੰ ਕੀਤਾ ਹਥਿਆਰਾਂ ਸਮੇਤ ਕਾਬੂ

ਮੋਗਾ (ਅਜ਼ਾਦ) : ਜ਼ਿਲ੍ਹਾ ਪੁਲਸ ਮੁਖੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਮਾੜੇ ਅਨਸਰਾਂ ਖ਼ਿਲਾਫ ਚਲਾਈ ਜਾ ਰਹੀ ਮੁਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਮੋਗਾ ਪੁਲਸ ਨੇ ਬੀਤੀ 25 ਜੂਨ ਨੂੰ ਦਿਨ-ਦਿਹਾੜੇ ਪਿੰਡ ਡਾਲਾ ਦੇ ਪੰਚਾਇਤ ਸੈਕਟਰੀ ਲਖਵੀਰ ਸਿੰਘ ਦੇ ਘਰ ਦੇ ਬਾਹਰ ਫਾਇਰਿੰਗ ਕੀਤੇ ਜਾਣ ਦੇ ਮਾਮਲੇ ਵਿਚ ਦੋ ਵਿਅਕਤੀਆਂ ਨੂੰ ਵਾਰਦਾਤ ਸਮੇਂ ਵਰਤੇ ਗਏ ਮੋਟਰਸਾਈਕਲ ਅਤੇ ਅਸਲੇ ਸਮੇਤ ਕਾਬੂ ਕੀਤਾ। ਜਦਕਿ ਉਕਤ ਮਾਮਲੇ ਵਿਚ ਨਾਮਜ਼ਦ ਕੀਤੇ ਗਏ ਤਿੰਨ ਵਿਅਕਤੀਆਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਉਨ੍ਹਾਂ ਦੱਸਿਆ ਕਿ ਬੀਤੀ 25 ਜੂਨ ਨੂੰ ਪਿੰਡ ਡਾਲਾ ਦੇ ਪੰਚਾਇਤ ਸਕੱਤਰ ਲਖਵੀਰ ਸਿੰਘ ਜੋ ਆੜ੍ਹਤ ਦਾ ਕੰਮ ਵੀ ਕਰਦੇ ਹਨ ਫਿਰੌਤੀ ਲਈ ਧਮਕੀ ਭਰੇ ਟੈਲੀਫੋਨ ਆਉਣ ਤੋਂ ਬਾਅਦ ਉਨ੍ਹਾਂ ਦੇ ਘਰ ਅੱਗੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਵਲੋਂ ਫਾਇਰਿੰਗ ਕੀਤੀ ਗਈ ਸੀ।

ਉਕਤ ਦੋਨੋਂ ਮੋਟਰਸਾਈਕਲ ਸਵਾਰ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਏ ਸਨ। ਪੁਲਸ ਵਲੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਲਈ ਸੁਖਵਿੰਦਰ ਸਿੰਘ ਡੀ.ਐੱਸ.ਪੀ. ਸਪੈਸ਼ਲ ਕਰਾਈਮ, ਮਨਜੀਤ ਸਿੰਘ ਡੀ.ਐੱਸ.ਪੀ. ਧਰਮਕੋਟ, ਡੀ.ਐੱਸ.ਪੀ. ਸਿਟੀ ਮੋਗਾ। ਇੰਸਪੈਕਟਰ ਇਕਬਾਲ ਹੁਸੈਨ ਥਾਣਾ ਮਹਿਣਾ, ਇੰਸਪੈਕਟਰ ਕਿੱਕਰ ਸਿੰਘ ਅਤੇ ਥਾਣਾ ਸਿਟੀ ਮੋਗਾ ਦੇ ਮੁੱਖ ਅਫਸਰ ਦਲਜੀਤ ਸਿੰਘ, ਥਾਣਾ ਸਦਰ ਮੋਗਾ ਦੇ ਮੁੱਖ ਅਫਸਰ ਜਸਵਿੰਦਰ ਸਿੰਘ ’ਤੇ ਆਧਾਰਤ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਜਦੋਂ ਥਾਣਾ ਸਦਰ ਦੇ ਮੁੱਖ ਅਫਸਰ ਜਸਵਿੰਦਰ ਸਿੰਘ ਪੁਲਸ ਪਾਰਟੀ ਸਮੇਤ ਇਲਾਕੇ ਵਿਚ ਗਸ਼ਤ ਕਰ ਰਹੇ ਸੀ ਤਾਂ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਲਛਮਣ ਸਿੰਘ ਨਿਵਾਸੀ ਪਿੰਡ ਘੱਲ ਖੁਰਦ ਅਤੇ ਸੁਖਪਾਲ ਸਿੰਘ ਉਰਫ ਪਾਲ ਨਿਵਾਸੀ ਮਾਛੀਬੁਗਰਾ ਦੇ ਸਬੰਧ ਗੈਂਗਸਟਰਾਂ ਨਾਲ ਹਨ ਅਤੇ ਉਹ ਮੋਗਾ ਅਤੇ ਫਰੀਦਕੋਟ ਇਲਾਕੇ ਵਿਚ ਹਥਿਆਰਾਂ ਦੀ ਨੋਕ ’ਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਪਿੰਡ ਖੁਖਰਾਣਾ ਦੀ ਦਾਣਾ ਮੰਡੀ ਵਿਚ ਬਣੇ ਬੇਅਬਾਦ ਕਮਰੇ ਵਿਚ ਬੈਠੇ ਹਨ, ਜਿਸ ’ਤੇ ਪੁਲਸ ਪਾਰਟੀ ਨੇ ਉਨ੍ਹਾਂ ਨੂੰ ਜਾ ਦਬੋਚਿਆ ਅਤੇ ਉਨ੍ਹਾਂ ਕੋਲੋਂ ਇਕ ਮੋਟਰਸਾਈਕਲ, ਇਕ 32 ਬੋਰ ਪਿਸਟਲ ਅਤੇ ਦੋ 30 ਬੋਰ ਪਿਸਟਲ ਸਮੇਤ ਕਾਰਤੂਸਾਂ ਦੇ ਬਰਾਮਦ ਕੀਤੇ ਗਏ।

ਜ਼ਿਲ੍ਹਾ ਪੁਲਸ ਮੁਖੀ ਨੇ ਕਿਹਾ ਕਿ ਪੁੱਛਗਿੱਛ ਦੌਰਾਨ ਸੁਖਪਾਲ ਸਿੰਘ ਉਰਫ ਪਾਲ ਨੇ ਕਿਹਾ ਕਿ ਉਸਦੇ ਸੰਦੀਪ ਸਿੰਘ ਉਰਫ ਸੰਨੀ ਨਿਵਾਸੀ ਪਿੰਡ ਕੋਟਕਰੋੜ ਜੋ ਵਿਦੇਸ਼ ਰਹਿੰਦਾ ਹੈ ਦੇ ਗੈਂਗਸਟਰ ਅਰਸ਼ ਡਾਲਾ ਨਾਲ ਸਬੰਧ ਹਨ ਅਤੇ ਉਨ੍ਹਾਂ ਅਰਸ਼ ਡਾਲਾ ਦੇ ਕਹਿਣ ’ਤੇ ਲਖਵੀਰ ਸਿੰਘ ਸੈਕਟਰੀ ਦੇ ਘਰ ਦੇ ਬਾਹਰ ਫਾਇਰਿੰਗ ਕੀਤੀ ਸੀ। ਇਸ ਸਮੇਂ ਮੇਰੇ ਨਾਲ ਦੀਪਕ ਸ਼ਰਮਾ ਨਿਵਾਸੀ ਨਿਗਾਹਾ ਰੋਡ ਮੋਗਾ ਵੀ ਸਨ ਅਤੇ ਵਾਰਦਾਤ ਸਮੇਂ ਵਰਤਿਆ ਗਿਆ ਮੋਟਰਸਾਈਕਲ ਅਸੀਂ ਤਲਵੰਡੀ ਭਾਈ ਫਰੀਦਕੋਟ ਰੋਡ ਤੋਂ ਫਾਇਰਿੰਗ ਕਰ ਕੇ ਖੋਹਿਆ ਸੀ। ਜ਼ਿਲ੍ਹਾ ਪੁਲਸ ਮੁਖੀ ਨੇ ਦੱਸਿਆ ਕਿ ਉਕਤ ਮਾਮਲੇ ਵਿਚ ਗੈਂਗਸਟਰ ਅਰਸ਼ਦੀਪ ਸਿੰਘ ਉਰਫ ਅਰਸ਼, ਲਛਮਣ ਸਿੰਘ, ਸੁਖਪਾਲ ਸਿੰਘ ਉਰਫ ਪਾਲ, ਸੰਦੀਪ ਸਿੰਘ ਉਰਫ਼ ਸੰਨੀ, ਦੀਪਕ ਸ਼ਰਮਾ ਸਮੇਤ ਪੰਜ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਉਕਤ ਮਾਮਲੇ ਵਿਚ ਤਿੰਨ ਦੀ ਗ੍ਰਿਫਤਾਰੀ ਬਾਕੀ ਹੈ। ਉਨ੍ਹਾਂ ਕਿਹਾ ਕਿ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਨੂੰ ਪੁੱਛਗਿੱਛ ਦੇ ਬਾਅਦ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।


author

Gurminder Singh

Content Editor

Related News