ਬਹੁਚਰਚਿਤ ਗੈਂਗਸਟਰ ਸੁੱਖਾ ਕਾਹਲਵਾਂ ਕਤਲ ਕਾਂਡ ਦੇ ਦੋਸ਼ੀ ਅਦਾਲਤ ''ਚ ਪੇਸ਼, 8 ਖਿਲਾਫ ਦੋਸ਼ ਤੈਅ
Tuesday, Nov 14, 2017 - 07:37 PM (IST)

ਕਪੂਰਥਲਾ (ਓਬਰਾਏ) : 21 ਜਨਵਰੀ 2015 ਨੂੰ ਫਗਵਾੜਾ ਬਾਈਪਾਸ ਨੇੜੇ ਸ਼ਰੇਆਮ ਪੁਲਸ ਹਿਰਾਸਤ ਵਿਚ ਕਤਲ ਕੀਤੇ ਗਏ ਗੈਂਗਸਟਰ ਸੁੱਖਾ ਕਾਹਲਵਾਂ ਦੇ ਕਤਲ ਕੇਸ ਵਿਚ ਸ਼ਾਮਲ 8 ਗੈਂਗਸਟਰਾਂ ਨੂੰ ਮੰਗਲਵਾਰ ਕਪੂਰਥਲਾ ਐਡੀਸ਼ਨਲ ਸੈਸ਼ਨ ਜੱਜ ਜਤਿੰਦਰ ਵਾਲੀਆ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਸ ਕੇਸ 'ਚ ਕੁੱਲ 14 ਦੋਸ਼ੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ ਜਿਨ੍ਹਾਂ 'ਚੋਂ 8 ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਨ੍ਹਾਂ ਦੋਸ਼ੀਆਂ ਵਿਚ ਰਮਨਜੀਤ ਸਿੰਘ ਉਰਫ ਰੋਮੀ, ਕੁਲਪ੍ਰੀਤ ਸਿੰਘ ਦਿਓਲ, ਕਰਮਜੀਤ ਸਿੰਘ ਉਰਫ ਸਾਹਿਬ ਆਦਿ ਸ਼ਾਮਲ ਹਨ। ਅਦਾਲਤ ਨੇ ਦੋਸ਼ੀਆਂ ਖਿਲਾਫ ਧਾਰਾ 120 ਬੀ 148, 353, 302, 427, 186, 379 ਬੀ ਅਤੇ 25 ਆਰਮਸ ਐਕਟ ਦੇ ਤਹਿਤ ਦੋਸ਼ ਤੈਅ ਕੀਤੇ ਹਨ।
ਇਥੇ ਗੌਰਤਲਬ ਹੈ ਕਿ ਇਸ ਮਾਮਲੇ ਵਿਚ ਨਾਮਜ਼ਦ ਕੁੱਲ 14 'ਚੋਂ 6 ਦੋਸ਼ੀ ਭਗੌੜੇ ਕਰਾਰ ਦਿੱਤੇ ਗਏ ਹਨ ਜਿਨ੍ਹਾਂ ਵਿਚ ਖਤਰਨਾਕ ਗੈਂਗਸਟਰ ਹਰਜਿੰਦਰ ਸਿੰਘ ਉਰਫ ਵਿੱਕੀ ਗੌਂਡਰ, ਤੀਰਥ ਢਿੱਲਵਾਂ ਅਤੇ ਪ੍ਰੇਮ ਸਿੰਘ ਉਰਫ ਪ੍ਰੇਮਾ ਲਾਹੌਰੀਆ ਸ਼ਾਮਲ ਹੈ।