ਰਵੀ ਦਿਓਲ ਦੇ ਬਿਆਨ ਤੋਂ ਬਾਅਦ ਓ. ਐੱਸ. ਡੀ. ਦੇ ਬਚਾਅ 'ਚ ਨਿੱਤਰੇ ਅਕਾਲੀ ਆਗੂ

Sunday, Feb 04, 2018 - 03:30 PM (IST)

ਸੰਗਰੂਰ (ਬੇਦੀ,ਬਾਵਾ, ਰਾਜੇਸ਼) — ਪਿਛਲੇ ਦਿਨੀਂ ਅਦਾਲਤ ਕੋਲ ਆਤਮ ਸਮਰਪਣ ਕਰਨ ਵਾਲੇ ਗੈਂਗਸਟਰ ਰਵੀ ਦਿਓਲ ਵੱਲੋਂ ਕੀਤੇ ਗਏ ਖੁਲਾਸਿਆਂ 'ਚ ਢੀਂਡਸਾ ਪਰਿਵਾਰ ਦੇ ਨਜ਼ਦੀਕੀ ਰਿਸ਼ਤੇਦਾਰ 'ਤੇ ਲਗਾਏ ਦੋਸ਼ਾਂ ਦਾ ਖੰਡਨ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੇ ਪਰਿਵਾਰ ਨੇ ਹੁਣ ਤੱਕ ਸਾਫ ਰਾਜਨੀਤੀ ਕੀਤੀ ਹੈ ਅਤੇ ਜੇਕਰ ਉਨ੍ਹਾਂ ਦੇ ਪਰਿਵਾਰ 'ਤੇ ਕੋਈ ਵੀ ਦੋਸ਼ ਸਾਬਤ ਹੁੰਦਾ ਹੈ ਤਾਂ ਉਹ ਕੋਈ ਵੀ ਸਜ਼ਾ ਭੁਗਤਣ ਲਈ ਤਿਆਰ ਹਨ। ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਢੀਂਡਸਾ ਨੇ ਕਿਹਾ ਕਿ ਕਾਂਗਰਸੀ ਆਗੂ ਉਕਤ ਗੈਂਗਸਟਰ ਦੀ ਪੁਸ਼ਤਪਨਾਹੀ ਕਰ ਰਹੇ ਹਨ ਅਤੇ ਰਵੀ ਨੂੰ ਢੀਂਡਸਾ ਪਰਿਵਾਰ ਨੂੰ ਬਦਨਾਮ ਕਰਨ ਲਈ ਵਰਤ ਰਹੇ ਹਨ।
ਇਸ ਮੌਕੇ ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਸਾਬਕਾ ਓ. ਐੱਸ. ਡੀ. ਅਮਨਵੀਰ ਚੈਰੀ ਦੇ ਖਿਲਾਫ ਝੂਠੇ ਦੋਸ਼ ਲਾਏ ਗਏ ਹਨ ਤਾਂ ਜੋ ਢੀਂਡਸਾ ਪਰਿਵਾਰ ਦੀ ਤਸਵੀਰ ਨੂੰ ਖਰਾਬ ਕੀਤਾ ਜਾਵੇ ਕਿਉਂਕਿ ਚੈਰੀ ਸਾਡਾ ਰਿਸ਼ਤੇਦਾਰ ਹੈ ਅਤੇ ਬੀਬੀ ਭੱਠਲ ਸੰਗਰੂਰ ਤੋਂ ਹੀ ਸੰਸਦੀ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ, ਜਿਸ ਦੇ ਚਲਦਿਆਂ ਉਨ੍ਹਾਂ ਦੇ ਸਪੁੱਤਰ ਰਾਹੁਲਇੰਦਰ ਸਿੱਧੂ ਅਤੇ ਸੁਨਾਮ ਤੋਂ ਕਾਂਗਰਸੀ ਆਗੂ ਵੱਲੋਂ ਰਵੀ ਦਿਓਲ ਨੂੰ ਮੋਹਰਾ ਬਣਾਕੇ ਢੀਂਡਸਾ ਪਰਿਵਾਰ ਦੇ ਅਕਸ ਨੂੰ ਖਰਾਬ ਕਰਨ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਢੀਂਡਸਾ ਨੇ ਕਿਹਾ, “ਜੇ ਕੋਈ ਮੇਰੇ ਵਿਰੁੱਧ ਚੋਣ ਲੜਨਾ ਚਾਹੁੰਦਾ ਹੈ ਤਾਂ ਉਹ ਮੁਕਾਬਲਾ ਕਰ ਸਕਦਾ ਹੈ ਪਰ ਅਜਿਹੇ ਬੇਬੁਨਿਆਦ ਦੋਸ਼ ਲਗਾ ਕੇ ਘਟੀਆ ਰਾਜਨੀਤੀ ਨਹੀ ਕਰਨੀ ਚਾਹੀਦੀ। ਢੀਂਡਸਾ ਨੇ ਇਹ ਵੀ ਦੋਸ਼ ਲਾਇਆ ਕਿ ਸੰਗਰੂਰ ਪੁਲਸ ਕਾਂਗਰਸੀ ਨੇਤਾਵਾਂ ਦੇ ਦਿਸ਼ਾ ਨਿਰਦੇਸ਼ਾਂ 'ਤੇ ਕੰਮ ਕਰ ਰਹੀ ਹੈ, ਜੋ ਪੁਲਸ ਦੀ ਹਿਰਾਸਤ 'ਚ ਦਿਓਲ ਨੂੰ ਮਿਲ ਰਹੇ ਹਨ ਅਤੇ ਉਨ੍ਹਾਂ ਨੂੰ ਚੈਰੀ ਦੇ ਖਿਲਾਫ ਦੋਸ਼ਾਂ ਦੀ ਜਾਂਚ ਕਰਨ ਲਈ ਕਹਿ ਰਹੇ ਹਨ। ਢੀਂਡਸਾ ਨੇ ਮੰਗ ਕੀਤੀ ਇਸ ਮਸਲੇ ਦੀ ਸੀ.ਬੀ. ਆਈ. ਜਾਂ ਕਿਸੇ ਹੋਰ ਨਿਰਪੱਖ ਏਜੰਸੀ ਤੋਂ ਜਾਂਚ ਕਰਵਾਈ ਜਾਵੇ। 
ਜ਼ਿਕਰਯੋਗ ਹੈ ਕਿ ਗੈਂਗਸਟਰ ਰਵੀ ਦਿਓਲ 12 ਕੇਸਾਂ 'ਚ ਲੌੜੀਦਾ ਸੀ ਅਤੇ ਜਿਸ ਨੇ 30 ਜਨਵਰੀ ਨੂੰ ਸੰਗਰੂਰ ਦੀ ਅਦਾਲਤ 'ਚ ਆਤਮ ਸਮਰਪਣ ਕੀਤਾ ਸੀ, ਉਸ ਨੇ ਪੁਲਸ ਰਿਮਾਂਡ ਦੇ ਅੰਤ ਤੋਂ ਬਾਅਦ ਸ਼ਨੀਵਾਰ ਨੂੰ ਪੇਸ਼ੀ ਦੌਰਾਨ ਢੀਂਡਸਾ ਦੇ ਰਿਸ਼ਤੇਦਾਰ ਅਤੇ ਸਾਬਕਾ ਓ.ਐਸ.ਡੀ. ਅਤੇ ਉਨ੍ਹਾਂ ਦੇ ਦੋਸਤ ਨੂੰ ਅਪਰਾਧ ਦੀ ਦੁਨੀਆ 'ਚ ਧੱਕਣ ਦਾ ਦੋਸ਼ ਲਗਾਇਆ ਅਤੇ ਦੋਵਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਸੀ। ਇਸ ਮੌਕੇ ਬਾਬੂ ਪ੍ਰਕਾਸ਼ ਚੰਦ ਗਰਗ ਸਾਬਕਾ ਵਿਧਾਇਕ, ਗੋਬਿੰਦ ਸਿੰਘ ਕਾਝਲਾ ਸਾਬਕਾ ਮੰਤਰੀ, ਰਜਿੰਦਰ ਸਿੰਘ ਕਾਝਲਾ, ਪ੍ਰਿਤਪਾਲ ਸਿੰਘ ਹਾਡਾਂ ਜ਼ਿਲਾ ਪ੍ਰਧਾਨ, ਸਤਗੁਰ ਸਿੰਘ ਨਮੋਲ ਚੇਅਰਮੈਨ ਜ਼ਿਲਾ ਪ੍ਰ੍ਰੀਸ਼ਦ,ਰਿਪਦਮਨ ਸਿੰਘ ਢਿਲੋਂ ਪ੍ਰਧਾਨ ਨਗਰ ਕੌਂਸਲ,ਮਨਿੰਦਰ ਸਿੰਘ ਲਖਮੀਰਵਾਲਾ ਜ਼ਿਲਾ ਸ਼ਹਿਰੀ ਪ੍ਰਧਾਨ ਯੂਥ ਅਕਾਲੀ ,ਹਰਪ੍ਰੀਤ ਸਿੰਘ ਢੀਡਸਾ,ਸੰਦੀਪ ਦਾਨੀਆਂ,ਮਿੰਟੂ ਬਡਰੁਖਾ ਸਰਪੰਚ ਬਡਰੁਖਾ,ਮਨਪ੍ਰੀਤ ਸਿੰਘ ਸੁਨਾਮ ਤੇ ਹੋਰ ਅਕਾਲੀ ਆਗੂ ਹਾਜ਼ਰ ਸਨ।


Related News