ਖਤਰਨਾਕ ਗੈਂਗਸਟਰ ਪੁਲਸ ਨੂੰ ਚਕਮਾ ਦੇ ਕੇ ਅਦਾਲਤ 'ਚੋਂ ਫਰਾਰ

Tuesday, Jan 30, 2018 - 11:48 AM (IST)

ਅੰਮ੍ਰਿਤਸਰ (ਮਹਿੰਦਰ)¸ ਸਥਾਨਕ ਅਦਾਲਤਾਂ ਵਿਚ 3 ਦਿਨਾਂ ਦੀ ਛੁੱਟੀ ਮਗਰੋਂ ਸੋਮਵਾਰ ਨੂੰ ਅਦਾਲਤੀ ਕੰਮਕਾਜ ਚੱਲ ਹੀ ਰਿਹਾ ਸੀ ਕਿ ਸਵੇਰੇ ਕਰੀਬ 11.30 ਵਜੇ 6 ਮੰਜ਼ਿਲਾ ਜੁਡੀਸ਼ੀਅਲ ਕੰਪਲੈਕਸ ਅੰਦਰ ਭੜਥੂ ਪੈ ਗਿਆ। ਗਰਾਊਂਡ ਫਲੋਰ ਤੋਂ ਲੈ ਕੇ ਉਪਰਲੀਆਂ ਮੰਜ਼ਿਲਾਂ ਤਕ ਹਰ ਪਾਸੇ ਪੁਲਸ ਕਰਮਚਾਰੀਆਂ ਨੂੰ ਇਧਰ-ਉਧਰ ਭੱਜਦੇ ਦੇਖਿਆ ਜਾ ਰਿਹਾ ਸੀ। ਦੇਖਦੇ ਹੀ ਦੇਖਦੇ ਜੂਡੀਸ਼ੀਅਲ ਕੰਪਲੈਕਸ ਦੇ ਸਾਰੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਜਿਸ ਦੌਰਾਨ ਪਤਾ ਲੱਗਾ ਕਿ ਗੈਂਗਸਟਰ ਪੁਲਸ ਪਾਰਟੀ ਨੂੰ ਚਕਮਾ ਦੇ ਕੇ ਫਰਾਰ ਹੋਣ ਵਿਚ ਸਫਲ ਹੋ ਗਿਆ ਹੈ।
ਉਸ ਦੀ ਭਾਲ ਵਿਚ ਸਾਰੇ ਅਦਾਲਤੀ ਕੰਪਲੈਕਸ ਵਿਚ ਕਾਫੀ ਸਮੇਂ ਤਕ ਸਰਚ ਆਪ੍ਰੇਸ਼ਨ ਚੱਲਦਾ ਰਿਹਾ ਪਰ ਉਸ ਨੂੰ ਲੱਭਣ ਦੀ ਬਜਾਏ ਪੁਲਸ ਦੇ ਹੱਥ ਨਿਰਾਸ਼ਾ ਹੀ ਲੱਗੀ। ਓਧਰ ਥਾਣਾ ਸਿਵਲ ਲਾਈਨ ਦੀ ਪੁਲਸ ਨੇ ਫਰਾਰ ਹੋਏ ਗੈਂਗਸਟਰ ਅਤੇ ਲਾਪ੍ਰਵਾਹੀ ਵਰਤਣ ਵਾਲੇ ਹੈੱਡ ਕਾਂਸਟੇਬਲ ਖਿਲਾਫ ਮਾਮਲਾ ਦਰਜ  ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਡਕੈਤੀ ਦੇ ਮਾਮਲੇ 'ਚ ਲਿਆਂਦਾ ਗਿਆ ਸੀ ਪੇਸ਼ੀ ਲਈ
ਪ੍ਰਾਪਤ ਜਾਣਕਾਰੀ ਅਨੁਸਾਰ ਗੋਲੀਆਂ ਚਲਾ ਕੇ ਮੋਟਰਸਾਈਕਲ ਖੋਹ ਕੇ ਲਿਜਾਣ ਸਬੰਧੀ ਸਥਾਨਕ ਥਾਣਾ ਸੁਲਤਾਨਵਿੰਡ ਦੀ ਪੁਲਸ ਨੇ 30.9.2017 ਨੂੰ ਦਰਜ ਕੇਸ ਵਿਚ ਸਥਾਨਕ ਬਾਜ਼ਾਰ ਗੁੱਜਰਾਂ, ਮਜੀਠ ਮੰਡੀ ਨਿਵਾਸੀ ਕਥਿਤ ਗੈਂਗਸਟਰ ਰਜਤ ਮਲਹੋਤਰਾ ਉਰਫ ਕਰਣ ਮਸਤੀ ਪੁੱਤਰ ਕਿਸ਼ੋਰ ਕੁਮਾਰ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਸੀ। ਇਸ ਮਾਮਲੇ ਵਿਚ ਸੈਂਟਰਲ ਜੇਲ ਤੋਂ ਉਸ ਨੂੰ ਸਥਾਨਕ ਜੇ. ਐੱਮ. ਆਈ. ਸੀ. ਜਗਿੰਦਰ ਸਿੰਘ ਦੀ ਅਦਾਲਤ ਵਿਚ ਪੇਸ਼ੀ ਲਈ ਲਿਆਂਦਾ ਗਿਆ ਸੀ ਜਿਸ ਨੂੰ ਹੈੱਡ ਕਾਂਸਟੇਬਲ ਕੁਲਵਿੰਦਰ ਸਿੰਘ 3 ਹੋਰ ਕਥਿਤ ਦੋਸ਼ੀਆਂ ਨਾਲ ਅਦਾਲਤੀ ਕੰਪਲੈਕਸ ਦੀ ਚੌਥੀ ਮੰਜ਼ਿਲ 'ਤੇ ਬਣ ਰਹੇ ਬਖਸ਼ੀਖਾਨੇ ਤਕ ਲੈ ਕੇ ਜਾ ਰਿਹਾ ਸੀ। ਜਦ ਹੈੱਡ ਕਾਂਸਟੇਬਲ ਬਖਸ਼ੀਖਾਨੇ ਤਕ ਪਹੁੰਚਿਆ ਤਾਂ ਪਤਾ ਲੱਗਾ ਕਿ 3 ਵਿਚੋਂ ਉਕਤ ਦੋਸ਼ੀ ਹੱਥਕੜੀ ਵਿਚੋਂ ਆਪਣਾ ਹੱਥ ਕੱਢ ਕੇ ਫਰਾਰ ਹੋ ਚੁੱਕਾ ਸੀ।
ਪੁਲਸ ਅਧਿਕਾਰੀ ਪਹੁੰਚੇ ਮੌਕੇ 'ਤੇ, ਟਾਇਲਟ ਤਕ ਖੰਗਾਲੇ
ਜਿਉਂ ਹੀ ਕਥਿਤ ਗੈਂਗਸਟਰ ਕਰਣ ਮਸਤੀ ਦੇ ਫਰਾਰ ਹੋਣ ਦੀ ਪੁਲਸ  ਨੂੰ ਜਾਣਕਾਰੀ  ਮਿਲੀ,  ਪੁਲਸ ਨੇ ਸਭ ਤੋਂ ਪਹਿਲਾਂ ਚੌਕਸੀ ਵਰਤਦੇ ਹੋਏ ਜੁਡੀਸ਼ੀਅਲ ਕੰਪਲੈਕਸ ਦੇ ਸਾਰੇ ਦਰਵਾਜ਼ੇ ਬੰਦ ਕਰਵਾ ਦਿੱਤੇ ਜਿਸ ਕਾਰਨ ਜੋ ਵੀ ਲੋਕ ਕੰਪਲੈਕਸ ਦੇ ਅੰਦਰ ਸੀ ਉਹ ਕਾਫੀ ਸਮੇਂ ਤਕ ਅੰਦਰ ਹੀ ਬੰਦ ਰਹੇ ਅਤੇ ਬਾਹਰ ਵਾਲੇ ਬਾਹਰ ਹੀ ਰਹਿ ਗਏ। ਇਸ ਦੌਰਾਨ ਪੁਲਸ ਦੇ ਕਈ ਸੀਨੀਅਰ ਅਧਿਕਾਰੀ ਵੀ ਉਥੇ ਆ ਪਹੁੰਚੇ ਜਿਨ੍ਹਾਂ ਨੇ ਸਾਰੇ ਕੰਪਲੈਕਸ ਦੇ ਅੰਦਰ ਸਰਚ ਆਪ੍ਰੇਸ਼ਨ ਕਰਦੇ ਹੋਏ ਫਰਾਰ ਗੈਂਗਸਟਰ ਦੀ ਭਾਲ ਸ਼ੁਰੂ ਕਰ ਦਿੱਤੀ। ਕੰਪਲੈਕਸ ਦੇ ਅੰਦਰ ਬਣੀਆਂ ਸਾਰੀਆਂ ਟਾਇਲਟਾਂ ਦੀ ਵੀ ਤਲਾਸ਼ੀ ਲਈ ਗਈ ਪਰ ਤਦ ਤਕ ਕਾਫੀ ਦੇਰ ਹੋ ਚੁੱਕੀ ਸੀ।
ਕੰਮਕਾਜ ਹੋਇਆ ਪ੍ਰਭਾਵਿਤ, ਕਈ ਵਕੀਲ ਨਹੀਂ ਪਹੁੰਚ ਸਕੇ ਅਦਾਲਤਾਂ 'ਚ
ਕਰੀਬ 3 ਘੰਟੇ ਤਕ ਪੁਲਸ ਵਲੋਂ ਚਲਾਏ ਗਏ ਸਰਚ ਆਪ੍ਰੇਸ਼ਨ ਦੌਰਾਨ ਅਦਾਲਤੀ ਕੰਮਕਾਜ ਵੀ ਕਾਫੀ ਹੱਦ ਤਕ ਪ੍ਰਭਾਵਿਤ ਹੋ ਚੁੱਕਾ ਸੀ। ਆਖਿਰ ਕਈ ਅਦਾਲਤਾਂ ਨੇ ਤਾਂ ਕਈ ਮਾਮਲਿਆਂ ਵਿਚ ਅਗਲੀਆਂ ਤਰੀਕਾਂ ਵੀ ਦੇ ਦਿੱਤੀਆਂ ਸੀ ਕਿਉਂਕਿ 3 ਘੰਟੇ ਤਕ ਚੱਲੇ ਸਰਚ ਆਪ੍ਰੇਸ਼ਨ ਦੌਰਾਨ ਜਦ ਪੁਲਸ ਨੇ ਸਾਰੇ ਦਰਵਾਜ਼ੇ ਬੰਦ ਕਰਵਾ ਰੱਖੇ ਸੀ ਤਾਂ ਕਈ ਲਿਟੀਗੈਂਟਸ ਦੇ ਨਾਲ-ਨਾਲ ਉਨ੍ਹਾਂ ਦੇ ਵਕੀਲ ਵੀ ਉਸ ਸਮੇਂ ਦੌਰਾਨ ਕੰਪਲੈਕਸ ਦੇ ਬਾਹਰ ਰਹਿ ਜਾਣ ਕਾਰਨ ਅਦਾਲਤਾਂ ਅੰਦਰ ਪਹੁੰਚ ਨਹੀਂ ਸਕੇ।


Related News