ਗੈਂਗਸਟਰ ਕਾਂਚਾ ਗੈਂਗ ਦੇ 2 ਮੈਂਬਰ ਗ੍ਰਿਫਤਾਰ, 1 ਫਰਾਰ

08/12/2018 5:41:24 AM

ਲੁਧਿਆਣਾ, (ਮਹੇਸ਼)– ਥਾਣਾ ਸਦਰ ਪੁਲਸ ਨੇ ਸ਼ਨੀਵਾਰ ਨੂੰ ਪਟਿਆਲਾ ਜੇਲ ’ਚ ਬੰਦ  ਗੈਂਗਸਟਰ ਕਾਂਚਾ ਦੇ ਗੈਂਗ ਦੇ 2 ਮੈਂਬਰਾਂ ਨੂੰ ਫਿਲਮੀ ਅੰਦਾਜ਼ ’ਚ ਨਾਜਾਇਜ਼ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ, ਜਦਕਿ ਇਕ ਦੋਸ਼ੀ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋਣ ’ਚ ਕਾਮਯਾਬ ਹੋ ਗਿਆ। ਫਡ਼ੇ ਗਏ ਦੋਸ਼ੀਆਂ ਦੀ ਪਛਾਣ ਮਾਡਲ ਟਾਊਨ ਦੀ ਧੱਕਾ ਕਾਲੋਨੀ ਦੇ 21 ਸਾਲਾ ਜਤਿਨ ਤੇ ਨਿਊ ਸ਼ਿਮਲਾਪੁਰੀ ਦਾਣਾ ਮੰਡੀ ਦੇ 23 ਸਾਲਾ ਸੂਰਜ  ਵਜੋਂ ਹੋਈ ਹੈ। ਪੁਲਸ ਨੇ ਇਨ੍ਹਾਂ ਦੇ ਕਬਜ਼ੇ ’ਚੋਂ 32 ਬੋਰ ਦੇ 2 ਦੇਸੀ ਪਿਸਤੌਲ, 2 ਖਾਲੀ ਮੈਗਜ਼ੀਨ ਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਹੈ, ਜਦਕਿ ਫਰਾਰ ਦੋਸ਼ੀ ਸ਼ਿਮਲਾਪੁਰੀ ਦੇ ਗੁਰੂ ਗੋਬਿੰਦ ਸਿੰਘ ਨਗਰ ਨਿਵਾਸੀ ਰਾਹੁਲ ਦੀ ਭਾਲ ’ਚ ਪੁਲਸ ਜੁਟ ਗਈ ਹੈ। 
 ਪ੍ਰੈੱਸ ਵਾਰਤਾ ’ਚ ਇਹ ਜਾਣਕਾਰੀ ਦਿੰਦੇ ਏ. ਡੀ. ਸੀ. ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ 15 ਅਗਸਤ ਨੂੰ ਲੈ ਕੇ ਸ਼ਹਿਰ ਭਰ ’ਚ ਕੀਤੇ ਗਏ ਸਖਤ ਸੁਰੱਖਿਆ ਪ੍ਰਬੰਧਾਂ ਦਾ ਨਤੀਜਾ ਹੈ ਕਿ ਇਨ੍ਹਾਂ ਦੋਵੇਂ ਦੋਸ਼ੀਆਂ ਨੂੰ ਪਿੰਡ ਫੁੱਲਾਂਵਾਲ ਦੇ ਨੇਡ਼ੇ ਅੱਜ ਸਵੇਰੇ ਕਾਬੂ ਕੀਤਾ ਗਿਆ। ਥਾਣਾ ਇੰਚਾਰਜ ਸੁਖਪਾਲ ਸਿੰਘ ਬਰਾਡ਼ ਦੀ ਟੀਮ ਨੇ ਫਲਾਵਰ ਅਨਕਲੇਵ ਦੇ ਨੇਡ਼ੇ ’ਤੇ ਸੀ। ਤਦ ਉਨ੍ਹਾਂ ਨੇ ਸਪਲੈਂਡਰ ਮੋਟਰਸਾਈਕਲ ’ਤੇ ਟ੍ਰਿਪਲ ਰਾਈਡਿੰਗ ਕਰਦੇ ਹੋਏ ਨੌਜਵਾਨ ਦਿਖਾਈ ਹੈ। ਸ਼ੱਕ ਹੋਣ ’ਤੇ ਜਦ ਪੁਲਸ ਨੇ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਇਨ੍ਹਾਂ ਨੇ ਮੋਟਰਸਾਈਕਲ ਪਿਛੇ ਮੋਡ਼ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਦ ਇਨ੍ਹਾਂ ਦਾ ਮੋਟਰਸਾਈਕਲ ਬੰਦ ਹੋ ਗਿਆ। ਪੁਲਸ ਨੇ ਤੁਰੰਤ ਹਰਕਤ ’ਚ ਆਉਂਦਿਅਾਂ ਮੌਕੇ ’ਤੇ 2 ਦੋਸ਼ੀਆਂ ਨੂੰ ਕਾਬੂ ਕਰ ਲਿਆ, ਜਦਕਿ ਤੀਜਾ ਫਰਾਰ ਹੋ ਗਿਆ। ਜਦ ਇਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਇਨ੍ਹਾਂ ਪਾਸੋਂ 2 ਦੇਸੀ ਪਿਸਤੌਲ ਤੇ 2 ਖਾਲੀ ਮੈਗਜ਼ੀਨ ਮਿਲੇ। ਜਿਸ ’ਤੇ ਪੁਲਸ ਨੇ ਇਨ੍ਹਾਂ ਨੂੰ ਫਡ਼ ਕੇ ਥਾਣੇ ਲਿਆਂਦਾ। ਇਨ੍ਹਾਂ ਦੇ ਖਿਲਾਫ ਆਰਮਜ਼ ਐਕਟ ਦੇ ਤਹਿਤ ਕੇਸ ਦਰਜ ਕਰ ਕੇ ਛਾਣਬੀਨ ਅੱਗੇ ਵਧਾਈ ਗਈ ਤਾਂ ਪਤਾ ਲੱਗਿਆ ਕਿ ਇਹ  ਗੈਂਗਸਟਰ ਸੋਨੂੰ ਉਰਫ ਕਾਂਚਾ ਗੈਂਗ ਦੇ ਮੈਂਬਰ ਹਨ। ਇਨ੍ਹਾਂ ਦਾ ਸਰਗਣਾ ਪਟਿਆਲਾ ਜੇਲ ’ਚ ਪਿਛਲੇ 2 ਮਹੀਨਿਆਂ ਤੋਂ ਬੰਦ ਹੈ। ਜਿਸ ’ਤੇ ਅੱਧਾ ਦਰਜਨ ਦੇ ਲਗਭਗ  ਅਪਰਾਧਿਕ ਮਾਮਲੇ ਦਰਜ ਹਨ। ਜਦਕਿ ਸੂਰਜ ’ਤੇ ਸ਼ਿਮਲਾਪੁਰੀ ਥਾਣੇ ’ਚ ਕਤਲ ਦਾ ਯਤਨ ਅਤੇ ਡਾਬਾ ਥਾਣੇ ਵਿਚ ਅਗਵਾ ਅਤੇ ਕੁੱਟ-ਮਾਰ ਦਾ ਕੇਸ ਦਰਜ ਕੀਤਾ ਹੈ। ਲਾਂਬਾ ਨੇ ਦੱਸਿਆ ਕਿ ਸੂਰਜ 11ਵੀਂ ਕਲਾਸ ’ਚ ਪਡ਼੍ਹਦਾ ਹੈ। ਜਦਕਿ ਜਤਿਨ 10ਵੀਂ ਫੇਲ ਹੈ। ਦੋਵਾਂ  ਪੱਛੜੇ ਵਰਗ ਦੇ ਪਰਿਵਾਰਾਂ ਨਾਲ ਸਬੰਧ ਰੱਖਦੇ ਹਨ। ਇਸ ਮੌਕੇ  ਲਾਂਬਾ ਵਧੀਕ ਏ.ਡੀ.ਸੀ.ਪੀ. ਹੈੱਡ ਕੁਆਰਟਰ ਦੀਪਕ ਪਾਰਿਖ, ਏ.ਸੀ.ਪੀ. ਗਿੱਲ ਸਰਤਾਜ ਚਾਹਲ, ਇੰਸਪੈਕਟਰ ਸੁਖਦੇਵ ਸਿੰਘ ਬਰਾਡ਼ ਆਦਿ ਵੀ ਮੌਜੂਦ ਸਨ। 
ਦੇਸੀ ਪਿਸਤੌਲਾਂ ’ਤੇ ਲਿਖਿਆ ਹੈ ਵਿਦੇਸ਼ੀ ਨਾਂ 
 ਲਾਂਬਾ ਨੇ ਦੱਸਿਆ ਕਿ ਜ਼ਬਤ ਕੀਤੇ ਗਏ ਦੋਵੇਂ ਪਿਸਤੌਲ ਦੇਸੀ ਹਨ ਪਰ ਇਕ ਪਿਸਤੌਲ ਦੀ ਬਾਡੀ ਯੂ. ਐੱਸ. ਏ. 32 ਐੱਮ.ਐੱਮ. ਤੇ ਦੂਜੇ ’ਤੇ ਆਰਮੀ 32 ਐੱਮ.ਐੱਮ. ਲਿਖਿਆ ਹੈ। ਜਾਂਚ ’ਚ ਪਤਾ ਲੱਗਿਆ ਹੈ ਕਿ ਇਹ ਦੋਵੇਂ ਪਿਸਤੌਲ ਉੱਤਰ ਪ੍ਰਦੇਸ਼ ਤੋਂ  ਸਮਗੱਲਿੰਗ ਕਰ ਕੇ ਲਿਆਂਦੇ ਗਏ ਸੀ। 
ਰਾਹੁਲ ਦੀ ਭੈਣ ਦੀ ਲਵ ਮੈਰਿਜ ਹੋਈ ਹੈ ਕਾਂਚਾ ਦੇ  ਰਾਈਟ ਹੈਂਡ ਨਾਲ 
 ਥਾਣਾ ਇੰਚਾਰਜ ਬਰਾਡ਼ ਨੇ ਦੱਸਿਆ ਕਿ ਫਰਾਰ ਦੋਸ਼ੀ ਰਾਹੁਲ ਦੀ ਭੈਣ ਦੀ ਕਾਂਚਾ ਦੇ ਰਾਈਟ ਹੈਂਡ ਮੰਨੇ ਜਾਣ ਵਾਲੇ ਦੇ ਨਾਲ ਲਵ ਮੈਰਿਜ ਹੋਈ ਸੀ। ਕਾਂਚਾ ਦੇ ਇਸ਼ਾਰੇ ’ਤੇ ਹੀ ਇਹ ਹਥਿਆਰ ਇਨ੍ਹਾਂ ਕੋਲ ਆਏ ਸਨ, ਜਦਕਿ ਜੇਲ ਜਾਣ ਤੋਂ ਪਹਿਲਾਂ ਕਾਂਚਾ ਇਨ੍ਹਾਂ ਹਥਿਆਰਾਂ ਨੂੰ ਸੁਰੱਖਿਅਤ ਰੱਖ ਗਿਆ ਸੀ। ਬਰਾਡ਼ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ’ਚ ਪਤਾ ਲੱਗਿਆ ਕਿ ਇਹ ਗੈਂਗ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ’ਚ ਸੀ। ਰਾਹੁਲ ਨੇ ਇਸਦੀ ਪੂਰੀ ਰੂਪ ਰੇਖਾ ਤਿਆਰ ਕਰ ਰੱਖੀ ਸੀ ਪਰ ਸਮਾਂ ਰਹਿੰਦੇ ਇਹ ਪੁਲਸ ਦੇ ਹੱਥ ਲੱਗ ਗਏ। ਉਨ੍ਹਾਂ ਨੇ ਦੱਸਿਆ ਕਿ ਕਾਂਚਾ ਨੂੰ ਜਲਦ ਹੀ ਪੁੱਛਗਿਛ ਲਈ ਪ੍ਰੋਡੰਕਸ਼ਨ ਵਾਰੰਟ ’ਤੇ ਲਿਆਂਦਾ ਜਾਵੇਗਾ।  


Related News