ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਹੁਸ਼ਿਆਰਪੁਰ ਜੇਲ ਤੋਂ ਹੋਈ ਵੀਡੀਓ ਕਾਨਫਰੰਸ ਰਾਹੀਂ ਪੇਸ਼ੀ
Friday, Mar 02, 2018 - 08:11 AM (IST)

ਗੁਰਦਾਸਪੁਰ (ਵਿਨੋਦ)-ਐਡੀਸ਼ਨਲ ਤੇ ਸੈਸ਼ਨ ਜੱਜ ਅਦਾਲਤ ਵੱਲੋਂ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਇਕ ਕੇਸ 'ਚੋਂ ਬਰੀ ਕਰਾਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਜਗਦੀਪ ਸਿੰਘ ਉਰਫ਼ ਜੱਗੂ ਪੁੱਤਰ ਸਵਿੰਦਰ ਸਿੰਘ ਵਾਸੀ ਪਿੰਡ ਭਗਵਾਨਪੁਰ, ਸੰਗਮ ਮਲਹੋਤਰਾ ਪੁੱਤਰ ਲਾਲੀ ਵਾਸੀ ਅੰਮ੍ਰਿਤਸਰ ਅਤੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਜੋ ਕੁਝ ਹਥਿਆਰਾਂ ਸਮੇਤ ਇਕ ਕਾਰ 'ਤੇ ਪਿੰਡ ਢਡਿਆਲਾ ਨੱਤ ਵੱਲ ਜਾ ਰਹੇ ਸੀ ਕਿ ਰਸਤੇ 'ਚ ਪੁਲਸ ਨੇ ਨਾਕਾਬੰਦੀ ਕਰ ਕੇ ਕਾਰ ਉਪਰ ਗੋਲੀਆਂ ਚਲਾਈਆਂ ਜਦੋਂਕਿ ਜਵਾਬੀ ਹਮਲੇ 'ਚ ਉਪਰੋਕਤ ਕਾਰ ਸਵਾਰਾਂ ਵੱਲੋਂ ਵੀ ਪੁਲਸ ਉਪਰ ਹਮਲਾ ਕੀਤਾ ਗਿਆ ਸੀ ਅਤੇ ਦੋਸ਼ੀ ਮੌਕੇ 'ਤੇ ਭੱਜਣ ਵਿਚ ਕਾਮਯਾਬ ਹੋ ਗਏ ਸਨ। ਇਸ ਤੋਂ ਬਾਅਦ ਪੁਲਸ ਵੱਲੋਂ 307, 34 ਆਈ. ਪੀ. ਸੀ. ਅਤੇ 25, 54, 59 ਆਰਮਡ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਵੀਡੀਓ ਕਾਨਫ਼ਰੰਸ ਰਾਹੀਂ ਹੁਸ਼ਿਆਰਪੁਰ ਜੇਲ ਤੋਂ ਅਦਾਲਤ ਵਿਚ ਜੱਗੂ ਭਗਵਾਨਪੁਰੀਆ ਦੀ ਪੇਸ਼ੀ ਹੋਈ, ਜਿਸ ਵਿਚ ਵਕੀਲ ਦੀਆਂ ਦਲੀਲਾਂ ਨਾਲ ਸਹਿਮਤੀ ਪ੍ਰਗਟਾਉਂਦੇ ਹੋਏ ਮਾਣਯੋਗ ਅਦਾਲਤ ਵੱਲੋਂ ਭਗਵਾਨਪੁਰੀਆ ਨੂੰ ਇਸ ਕੇਸ ਵਿਚੋਂ ਬਰੀ ਕਰ ਦਿੱਤਾ ਗਿਆ ਹੈ ਜਦੋਂਕਿ ਗੁਰਪ੍ਰੀਤ ਸਿੰਘ ਗੋਪੀ ਅਤੇ ਸੰਗਮ ਮਲਹੋਤਰਾ ਭਗੌੜਾ ਚੱਲ ਰਹੇ ਹਨ।