ਗੈਂਗਸਟਰ ਜੈਪਾਲ ਭੁੱਲਰ ਤੱਕ ਇੰਝ ਪੁੱਜੀ ਸੀ ਪੰਜਾਬ ਪੁਲਸ, DGP ਨੇ ਕੀਤਾ ਖ਼ੁਲਾਸਾ (ਵੀਡੀਓ)
Thursday, Jun 10, 2021 - 11:51 AM (IST)
ਚੰਡੀਗੜ੍ਹ (ਰਮਨਜੀਤ) : ਜਗਰਾਓਂ ਵਿਚ ਪੰਜਾਬ ਪੁਲਸ ਦੇ 2 ਏ. ਐੱਸ. ਆਈ. ਪੱਧਰ ਦੇ ਅਧਿਕਾਰੀਆਂ ਦੇ ਕਤਲ ਤੋਂ ਬਾਅਦ ਮੁੱਢਲੀ ਜਾਂਚ ਵਿਚ ਹੀ ਪੁਲਸ ਨੂੰ ਪਤਾ ਲੱਗ ਗਿਆ ਸੀ ਕਿ ਇਸ ਵਾਰਦਾਤ ਵਿਚ ਖ਼ਤਰਨਾਕ ਗੈਂਗਸਟਰ ਜੈਪਾਲ ਭੁੱਲਰ ਸ਼ਾਮਲ ਹੈ। ਜੈਪਾਲ ਭੁੱਲਰ ਪੰਜਾਬ ਪੁਲਸ ਦੀ ਮੋਸਟ ਵਾਂਟੇਡ ਗੈਂਗਸਟਰਾਂ ਦੀ ਲਿਸਟ ਵਿਚ ਸਿਖ਼ਰ ’ਤੇ ਮੌਜੂਦ ਸੀ, ਲਿਹਾਜ਼ਾ ਪੰਜਾਬ ਪੁਲਸ ਵੱਲੋਂ ਬੜੀ ਬਰੀਕੀ ਨਾਲ ਸਾਰੀਆਂ ਚੀਜ਼ਾਂ ਦੀ ਜਾਂਚ ਕੀਤੀ ਗਈ। ਮੁਲਜ਼ਮਾਂ ਦੀ ਭਾਲ ਕਰਦੇ-ਕਰਦੇ ਪੰਜਾਬ ਪੁਲਸ ਹਰਿਆਣਾ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਤੱਕ ਪਹੁੰਚੀ। ਗਵਾਲੀਅਰ ਦੇ ਨਜ਼ਦੀਕ ਡਾਬਰਾ ਤੋਂ ਪੰਜਾਬ ਪੁਲਸ ਨੇ ਜਗਰਾਓਂ ਵਾਰਦਾਤ ਵਿਚ ਸ਼ਾਮਲ ਜੈਪਾਲ ਦੇ ਸਾਥੀ ਦਰਸ਼ਨ ਸਿੰਘ ਅਤੇ ਬੱਬੀ ਨੂੰ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ : ਕੈਪਟਨ-ਸਿੱਧੂ ਦੇ ਸਮਰਥਕਾਂ ਵਿਚਾਲੇ ਹੁਣ ਨਵੀਂ ਜੰਗ! ਦਿਲਚਸਪ ਗੱਲ ਆਈ ਸਾਹਮਣੇ
ਇਨ੍ਹਾਂ ਦਾ ਇਕ ਹੋਰ ਸਾਥੀ ਵੀ ਪੁਲਸ ਨੇ ਗ੍ਰਿਫ਼ਤਾਰ ਕੀਤਾ ਸੀ, ਜਿਸ ’ਤੇ ਇਨ੍ਹਾਂ ਨੂੰ ਸ਼ਰਨ ਦੇਣ ਦਾ ਦੋਸ਼ ਹੈ। ਮੁਲਜ਼ਮਾਂ ਤੋਂ ਕੀਤੀ ਗਈ ਪੁੱਛਗਿਛ ਦੌਰਾਨ ਹੀ ਪਤਾ ਲੱਗਿਆ ਕਿ ਜੈਪਾਲ ਭੁੱਲਰ ਅਤੇ ਜਸਪ੍ਰੀਤ ਜੱਸੀ ਉਨ੍ਹਾਂ ਨੂੰ ਉੱਥੇ ਛੱਡ ਕੇ ਗਏ ਸਨ। ਇਹ ਬਹੁਤ ਵੱਡਾ ਸੁਰਾਗ ਸੀ, ਜੈਪਾਲ ਭੁੱਲਰ ਦਾ ਪਤਾ ਲਗਾਉਣ ਲਈ। ਡੀ. ਜੀ. ਪੀ. ਨੇ ਦੱਸਿਆ ਕਿ ਓਕੂ ਟੀਮ ਨੂੰ ਜਾਂਚ ਦੌਰਾਨ ਗਵਾਲੀਅਰ ਵਿਚ ਹੀ ਇਕ ਟੋਲ ਪਲਾਜ਼ਾ ’ਤੇ ਕਾਲੇ ਰੰਗ ਦੀ ਹੌਂਡਾ ਅਕਾਰਡ ਕਾਰ ਦਾ ਸੀ. ਸੀ. ਟੀ. ਵੀ. ਫੁਟੇਜ ਮਿਲਿਆ। ਇਹ ਉਹੀ ਕਾਰ ਸੀ, ਜਿਸ ਵਿਚ ਭੁੱਲਰ ਉੱਥੋਂ ਗਿਆ ਸੀ। ਜਾਂਚ ਵਿਚ ਉਸ ਕਾਰ ’ਤੇ ਕੋਲਕਾਤਾ ਦਾ ਨੰਬਰ ਟ੍ਰੇਸ ਹੋਇਆ, ਜਿਸ ਤੋਂ ਬਾਅਦ ਓਕੂ ਵੱਲੋਂ ਕਾਰ ਦੀਆਂ ਡਿਟੇਲਸ ਕੋਲਕਾਤਾ ਪੁਲਸ ਨਾਲ ਸਾਂਝੀਆਂ ਕੀਤੀਆਂ ਗਈਆਂ ਅਤੇ ਇਸ ਦੀ ਅਹਮਿਅਤ ਦੱਸਦਿਆਂ ਛੇਤੀ ਤੋਂ ਛੇਤੀ ਜਾਣਕਾਰੀ ਮੰਗੀ ਗਈ।
ਇਹ ਵੀ ਪੜ੍ਹੋ : ਪੰਜਾਬ 'ਚ ਭਿਆਨਕ 'ਲੂ' ਤੇ ਗਰਮੀ ਝੱਲ ਰਹੇ ਲੋਕਾਂ ਲਈ ਬੁਰੀ ਖ਼ਬਰ, ਅਜੇ ਨਹੀਂ ਮਿਲੇਗੀ ਰਾਹਤ
ਇਸ ਦਰਮਿਆਨ ਵੀਰਵਾਰ ਨੂੰ ਸ਼ੰਭੂ ਬੈਰੀਅਰ ਤੋਂ ਸਮਰਾਲਾ ਵਾਸੀ ਭਰਤ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁੱਛਗਿਛ ਵਿਚ ਉਸ ਨੇ ਦੱਸਿਆ ਕਿ ਭੁੱਲਰ ਨੂੰ ਉਸ ਨੇ ਹੀ ਆਪਣੇ ਸਹੁਰਾ ਪਰਿਵਾਰ ਦੀ ਮਦਦ ਨਾਲ ਕੋਲਕਾਤਾ ਦੇ ਰਾਜਾਰਹਾਟ ਨਿਊ ਟਾਊਨ ਸਥਿਤ ਸਪੂਰਜੀ ਅਪਾਰਟਮੈਂਟ ਵਿਚ ਫਲੈਟ ਕਿਰਾਏ ’ਤੇ ਦਿਵਾਇਆ ਹੈ। ਇਸ ਸੂਚਨਾ ਨੂੰ ਵੀ ਤਤਕਾਲ ਕੋਲਕਾਤਾ ਪੁਲਸ ਅਤੇ ਉੱਥੇ ਮੌਜੂਦ ਓਕੂ ਟੀਮ ਨਾਲ ਸਾਂਝਾ ਕੀਤਾ ਗਿਆ, ਜਿਸ ਤੋਂ ਬਾਅਦ ਭੁੱਲਰ ਦਾ ਐਨਕਾਊਂਟਰ ਹੋਇਆ। ਹਾਲਾਂਕਿ ਇਸ ਦੌਰਾਨ ਗੋਲੀ ਲੱਗਣ ਨਾਲ ਕੋਲਕਾਤਾ ਐੱਸ. ਟੀ. ਐੱਫ਼. ਦੇ ਏ. ਐੱਸ. ਆਈ. ਕਾਰਤਿਕ ਮੋਹਨ ਘੋਸ਼ ਗੰਭੀਰ ਜਖ਼ਮੀ ਹੋ ਗਏ। ਉਨ੍ਹਾਂ ਦੇ ਮੋਢੇ ਵਿਚ ਗੋਲੀ ਲੱਗੀ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦਾ ਇਹ ਮੁਲਾਜ਼ਮ ਸੋਸ਼ਲ ਮੀਡੀਆ 'ਤੇ ਖੱਟ ਰਿਹੈ ਵਾਹੋ-ਵਾਹੀ, ਦਰਿਆਦਿਲੀ ਨੇ ਕਾਇਲ ਕੀਤੇ ਲੋਕ (ਵੀਡੀਓ)
ਕੌਣ ਸੀ ਜੈਪਾਲ ਭੁੱਲਰ
ਫਿਰੋਜ਼ਪੁਰ ਦਾ ਰਹਿਣ ਵਾਲਾ ਅਤੇ ਸਾਬਕਾ ਪੁਲਸ ਮੁਲਾਜ਼ਮ ਦਾ ਪੁੱਤਰ ਜੈਪਾਲ ਭੁੱਲਰ ਕਿਸੇ ਸਮੇਂ ਰਾਸ਼ਟਰੀ ਪੱਧਰ ਦਾ ਹੈਮਰ ਥ੍ਰੋਅਰ ਰਿਹਾ। ਜੈਪਾਲ ਭੁੱਲਰ ਅਪ੍ਰੈਲ, 2016 ਵਿਚ ਗੈਂਗਸਟਰ ਤੋਂ ਰਾਜਨੇਤਾ ਬਣੇ ਫਾਜ਼ਿਲਕਾ ਨਿਵਾਸੀ ਜਸਵਿੰਦਰ ਰੌਕੀ ਦੇ ਪਰਵਾਣੂ ਵਿਚ ਕੀਤੇ ਗਏ ਕਤਲ ਤੋਂ ਬਾਅਦ ਤੋਂ ਲਗਾਤਾਰ ਪੁਲਸ ਦੇ ਸ਼ਿਕੰਜੇ ਤੋਂ ਬਾਹਰ ਰਿਹਾ। ਉਸ ਨੂੰ 2010 ਵਿਚ ਚੰਡੀਗੜ੍ਹ ਨਾਲ ਸਬੰਧਿਤ ਇਕ ਮਾਮਲੇ ਵਿਚ ਚੰਡੀਗੜ੍ਹ ਅਦਾਲਤ ਵਲੋਂ ਬਰੀ ਕੀਤੇ ਜਾਣ ਤੋਂ ਬਾਅਦ ਤੋਂ ਕਿਤੇ ਨਹੀਂ ਦੇਖਿਆ ਗਿਆ ਸੀ ਪਰ ਉਹ ਲਗਾਤਾਰ ਵਾਰਦਾਤਾਂ ਨੂੰ ਅੰਜਾਮ ਦਿੰਦਾ ਰਿਹਾ। ਸ਼ੇਰਾ ਖੁੱਬਣ ਦੀ ਮੌਤ ਦੇ ਬਾਅਦ ਉਸ ਦੇ ਗੈਂਗ ਨੂੰ ਜੈਪਾਲ ਵਲੋਂ ਹੀ ਹੈਂਡਲ ਕੀਤਾ ਜਾਂਦਾ ਰਿਹਾ ਅਤੇ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਵੀ ਉਸਦੇ ਹੀ ਸਾਥੀ ਸਨ, ਜਿਨ੍ਹਾਂ ਨੂੰ ਗੈਂਗਸਟਰ ਸੁੱਖਾ ਕਾਹਲਵਾਂ ਦੇ ਕਤਲ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਜੈਪਾਲ ਭੁੱਲਰ ਇੰਨਾ ਸ਼ਾਤਿਰ ਸੀ ਕਿ ਪੰਜਾਬ ਪੁਲਸ ਕੋਲ ਉਸ ਦੀ 2010 ਤੋਂ ਬਾਅਦ ਦੀ ਕੋਈ ਤਾਜ਼ਾ ਫੋਟੋ ਵੀ ਨਹੀਂ ਸੀ। ਹਾਲਾਂਕਿ ਉਸ ਨੇ ਰੌਕੀ ਦੇ ਕਤਲ ਤੋਂ ਬਾਅਦ ਵਾਰਦਾਤ ਦੀ ਜ਼ਿੰਮੇਵਾਰੀ ਫੇਸਬੁੱਕ ’ਤੇ ਪੋਸਟ ਪਾ ਕੇ ਲਈ ਸੀ ਪਰ ਉਸ ਦੇ ਬਾਵਜੂਦ ਵੀ ਪੁਲਸ ਨੂੰ ਉਸ ਦਾ ਸੁਰਾਗ ਨਹੀਂ ਲੱਗ ਸਕਿਆ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ