ਬਦਮਾਸ਼ ਬਾਹਰ ਹੀ ਨਹੀਂ, ਜੇਲਾਂ ’ਚ ਬੰਦ ਹੋਣ ਦੇ ਬਾਵਜੂਦ ਕਰਦੇ ਹਨ ਰਾਜ
Friday, Dec 20, 2019 - 10:41 AM (IST)

ਫਿਲੌਰ (ਭਾਖੜੀ) - ਬਦਮਾਸ਼ਾਂ ਦਾ ਬਾਹਰ ਹੀ ਨਹੀਂ ਸਗੋਂ ਜੇਲਾਂ ’ਚ ਬੰਦ ਹੋਣ ਦੇ ਬਾਵਜੂਦ ਪੂਰਾ ਰਾਜ ਹੈ। ਜੇਲਾਂ ’ਚ ਹੋਣ ਦੇ ਬਾਵਜੂਦ ਬਦਮਾਸ਼ ਧੜਲੇ ਨਾਲ ਨਸ਼ਾ ਸਮੱਗਲਿੰਗ ਦਾ ਧੰਦਾ ਚਲਾ ਰਹੇ ਹਨ, ਹਫਤਾ ਅਤੇ ਜਬਰਨ ਵਸੂਲੀ ਵਰਗੇ ਨਾਜਾਇਜ਼ ਕੰਮ ਬੇਖੌਫ ਕਰਦੇ ਹਨ। ਸੂਬੇ ’ਚ ਬਦਮਾਸ਼ਾਂ ਨੇ ਸਰਕਾਰ ਅਤੇ ਪੁਲਸ ਦੀ ਨੱਕ ’ਚ ਦਮ ਕਰ ਰੱਖਿਆ ਹੈ। ਬਦਮਾਸ਼ ਦੂਜੇ ਸੂਬਿਆਂ ਤੋਂ ਨਾਜਾਇਜ਼ ਹਥਿਆਰ ਮੰਗਵਾ ਕੇ ਰੋਜ਼ ਆਪਣੇ ਦੂਜੇ ਗੈਂਗ ਦੇ ਲੋਕਾਂ ਤੋਂ ਬਦਲਾ ਲੈਣ ਜਾਂ ਆਮ ਲੋਕਾਂ ਨੂੰ ਨਿਸ਼ਾਨਾ ਬਣਾ ਸੂਬੇ ਦੀ ਅਮਨ-ਸ਼ਾਂਤੀ ਭੰਗ ਕਰ ਰਹੇ ਹਨ। ਇਹ ਪਹਿਲਾਂ ਰੁਪਏ ਕਮਾਉਣ ਲਈ ਜਬਰਨ ਹਫਤਾ ਵਸੂਲੀ ਵਰਗੇ ਕੰਮ ਕਰਦੇ ਸਨ ਅਤੇ ਹੁਣ ਜ਼ਿਆਦਾ ਰੁਪਏ ਕਮਾਉਣ ਲਈ ਨਸ਼ਾ ਸਮੱਗਲਿੰਗ ਵਰਗੇ ਧੰਦੇ ਕਰ ਰਹੇ ਹਨ। ਬੇਸ਼ੱਕ ਇਨ੍ਹਾਂ ਨੂੰ ਫੜ ਕੇ ਪੁਲਸ ਜੇਲ ’ਚ ਸੁੱਟ ਦਿੰਦੀ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਜੇਲ ’ਚ ਬੰਦ ਹੋਣ ਦੇ ਬਾਵਜੂਦ ਇਹ ਪਹਿਲਾਂ ਨਾਲੋਂ ਜ਼ਿਆਦਾ ਸਰਗਰਮ ਹੋ ਜਾਂਦੇ ਹਨ। ਜੇਲ ਪੁਲਸ ਦੀ ਮਿਲੀਭੁਗਤ ਨਾਲ ਆਪਣਾ ਨੈੱਟਵਰਕ ਅੰਦਰੋਂ ਫੋਨ ’ਤੇ ਚਲਾਉਣਾ ਸ਼ੁਰੂ ਕਰ ਦਿੰਦੇ ਹਨ।
ਜੇਲ ਜਾਣ ਨਾਲ ਬਦਮਾਸ਼ਾਂ ਦੀ ਧਾਕ ਆਮ ਲੋਕਾਂ ’ਤੇ ਪਹਿਲਾਂ ਨਾਲੋਂ ਜ਼ਿਆਦਾ ਹੋ ਜਾਂਦੀ ਹੈ, ਕਿਉਂਕਿ ਉਹ ਜੇਲਾਂ ਦੇ ਅੰਦਰੋਂ ਲੋਕਾਂ ਨੂੰ ਖੁੱਲ੍ਹੇਆਮ ਧਮਕੀ ਦੇ ਕੇ ਉਨ੍ਹਾਂ ਤੋਂ ਨਾਜਾਇਜ਼ ਵਸੂਲੀ ਦੇ ਕੰਮ ਕਰਵਾਉਣ ਲੱਗ ਪੈਂਦੇ ਹਨ। ਦੂਜਾ, ਉਹ ਜੇਲ ’ਚ ਬੈਠੇ ਹੀ ਫੇਸਬੁੱਕ ’ਤੇ ਬੜੇ ਐਕਟਿਵ ਰਹਿੰਦੇ ਹਨ। ਬਾਹਰੋਂ ਉਨ੍ਹਾਂ ਦੇ ਇਸ਼ਾਰੇ ’ਤੇ ਉਨ੍ਹਾਂ ਦੀ ਗੈਂਗ ਦੇ ਲੋਕ ਕਿਸੇ ’ਤੇ ਵੀ ਹਮਲਾ ਕਰ ਦਿੰਦੇ ਹਨ, ਜਿਸ ਤੋਂ ਬਾਅਦ ਉਹ ਜੇਲ ’ਚ ਬੈਠ ਫੇਸਬੁੱਕ ’ਤੇ ਖੁੱਲ੍ਹੇਆਮ ਹਮਲੇ ਦੀ ਜ਼ਿੰਮੇਦਾਰੀ ਆਪਣੇ ਸਿਰ ਲੈਂ ਲੈਂਦੇ ਹਨ। ਅਜਿਹੇ ਹੀ ਕੁਝ ਵੱਡੇ ਖੁਲਾਸੇ ਹਾਲ ਹੀ ਜੇਲ ਤੋਂ ਜ਼ਮਾਨਤ ’ਤੇ ਛੁੱਟ ਕੇ ਆਏ ਬਦਮਾਸ਼ ਨੇ ਕਰਦੇ ਹੋਏ ਦੱਸਿਆ ਕਿ ਜੇਲ ਜਾਣ ਨਾਲ ਉਹ ਬਦਨਾਮ ਨਹੀਂ ਉਲਟਾ ਉਨ੍ਹਾਂ ਦਾ ਨਾਂ ਪ੍ਰਸਿੱਧ ਹੋ ਜਾਂਦਾ ਹੈ। ਕਤਲ, ਅਗਵਾ, ਫਿਰੌਤੀ ਅਤੇ ਨਸ਼ਾ ਸਮੱਗਲਿੰਗ ਵਰਗੇ ਗੰਭੀਰ ਮੁਕੱਦਮੇ ਦਰਜ ਹੋਣ ਮਗਰੋਂ ਜਿਵੇਂ ਹੀ ਬਦਮਾਸ਼ ਜੇਲ ’ਚ ਜਾਂਦੇ ਹਨ ਤਾਂ ਉਨ੍ਹਾਂ ਦਾ ਉੱਥੇ ਰੁਤਬਾ ਡਿਪਟੀ ਸੁਪਰਡੈਂਟ ਦੇ ਬਰਾਬਰ ਦਾ ਹੋ ਜਾਂਦਾ ਹੈ। ਜੇਲ ’ਚ ਦਾਖਲ ਹੁੰਦੇ ਹੀ ਉਹ ਪੈਸਿਆਂ ਦੇ ਜ਼ੋਰ ’ਤੇ ਹਰ ਤਰ੍ਹਾਂ ਦੀਆਂ ਸੁੱਖ ਸਹੂਲਤਾਂ ਹਾਸਲ ਕਰ ਲੈਂਦੇ ਹਨ।
ਜੇਲ ’ਚ ਬਦਮਾਸ਼ਾਂ ਦੀ ਕੈਟਾਗਰੀ ਦੇ ਮੁਤਾਬਕ ਤੈਅ ਹੁੰਦੀਆਂ ਹਨ ਸਹੂਲਤਾਂ
ਸੂਤਰਾਂ ਮੁਤਾਬਕ ਜੇਲ ’ਚ ਬੰਦ ਬਦਮਾਸ਼ਾਂ ਦੀ ਕੈਟਾਗਰੀ ਦੇ ਅਨੁਸਾਰ ਜੇਲ ਅਧਿਕਾਰੀ ਸਹੂਲਤਾਂ ਤੈਅ ਕਰਦੇ ਹਨ। ਜੇਕਰ ਬਦਮਾਸ਼ ਏ ਕੈਟਾਗਰੀ ਦਾ ਹੋਵੇ ਤਾਂ ਉਹ ਮੋਬਾਇਲ ਫੋਨ ਆਪਣੇ ਕੋਲ 24 ਘੰਟੇ ਰੱਖ ਸਕਦਾ ਹੈ, ਜਿਸ ਦਾ 50 ਹਜ਼ਾਰ ਰੁਪਏ ਮਹੀਨਾ ਚੁਕਾਉਣਾ ਪੈਂਦਾ ਹੈ। ਬੀ ਅਤੇ ਸੀ ਕੈਟਾਗਰੀ ਤੋਂ 30 ਅਤੇ 20 ਹਜ਼ਾਰ ਰੁਪਏ ਮਹੀਨਾ ਲਿਆ ਜਾਂਦਾ ਹੈ।
ਸਜ਼ਾਯਾਫਤਾ ਕੈਦੀ ਕਰਵਾਉਂਦੇ ਹਨ ਅਧਿਕਾਰੀਆਂ ਨਾਲ ਸੈਟਿੰਗ
ਸੂਤਰਾਂ ਨੇ ਦੱਸਿਆ ਕਿ ਜੇਲ ’ਚ ਬੰਦ ਸਜ਼ਾਯਾਫਤਾ ਕੈਦੀ, ਜਿਸ ਨੂੰ ਜੇਲ ’ਚ ਲੰਬੜਦਾਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਉਹ ਅਫਸਰਾਂ ਦੇ ਦਲਾਲ ਦਾ ਕੰਮ ਕਰਦੇ ਹਨ। ਜਿਵੇਂ ਹੀ ਨਵਾਂ ਮੁਜਰਮ ਜੇਲ ’ਚ ਜਾਂਦਾ ਹੈ ਤਾਂ ਉਸ ਨੂੰ ਪਹਿਲਾਂ 2 ਦਿਨ ਇਕ ਬੈਰਕ ’ਚ ਰੱਖਿਆ ਜਾਂਦਾ ਹੈ। ਉਹ ਲੰਬੜਦਾਰ ਕੈਦੀ ਪਹਿਲੇ ਹੀ ਦਿਨ ਸਿੱਧਾ ਉੱਥੇ ਪੁੱਜਦਾ ਹੈ, ਜੋ ਨਵੇਂ ਆਏ ਹਵਾਲਾਤੀ ਨਾਲ ਗੱਲ ਚਲਾਉਂਦਾ ਹੈ। ਉਸ ਨੂੰ ਜੇਲ ਵਿਚ ਕੀ ਸਹੂਲਤ ਚਾਹੀਦੀ ਹੈ, ਉਹ ਕਿਸ ਕੈਟਾਗਰੀ ਦਾ ਹੈ। ਉਸ ਨੂੰ ਮੋਬਾਇਲ ਫੋਨ ਜਾਂ ਫਿਰ ਉਹ ਕਿਸ ਤਰ੍ਹਾਂ ਦਾ ਨਸ਼ਾ ਕਰਦਾ ਹੈ, ਉਸ ਦੇ ਮੁਤਾਬਕ ਹੀ ਰੇਟ ਤੈਅ ਹੋ ਜਾਂਦੇ ਹਨ। ਜੇਲ ਅਧਿਕਾਰੀਆਂ ਨਾਲ ਸੈਟਿੰਗ ਕਰਵਾਉਣ ਮਗਰੋਂ ਮੁਜਰਮ ਨੂੰ ਜੇਲ ’ਚ ਉਸ ਦੀ ਮਨਚਾਹੀ ਜਗ੍ਹਾ ’ਤੇ ਉਸ ਦੇ ਸਾਥੀਆਂ ਕੋਲ ਭੇਜ ਦਿੱਤਾ ਜਾਂਦਾ ਹੈ।
ਬਦਮਾਸ਼ਾਂ ਦੀ ਮੁਲਾਕਾਤ ਬਿਨਾਂ ਜੇਲ ਰਜਿਸਟਰ ’ਚ ਦਰਜ ਕੀਤੀ ਹੁੰਦੀ ਹੈ
ਸੂਤਰਾਂ ਅਨੁਸਾਰ ਜੇਲ ’ਚ ਬੰਦ ਜ਼ਿਆਦਾਤਰ ਖਤਰਨਾਕ ਬਦਮਾਸ਼ਾਂ ਨਾਲ ਜੇਕਰ ਕੋਈ ਬਾਹਰ ਦਾ ਵਿਅਕਤੀ ਮੁਲਾਕਾਤ ਕਰਨ ਆਉਂਦਾ ਹੈ ਤਾਂ ਉਹ ਮੁਲਾਕਾਤ ਰਜਿਸਟਰ ’ਚ ਦਰਜ ਹੀ ਨਹੀਂ ਕੀਤੀ ਜਾਂਦੀ। ਬੇਸ਼ੱਕ ਜੇਲਾਂ ’ਚ ਕੈਮਰੇ ਲੱਗੇ ਹੋਏ ਹਨ, ਇਸ ਦੇ ਬਾਵਜੂਦ ਅਧਿਕਾਰੀ ਉਨ੍ਹਾਂ ਨਾਲ ਮੁਲਾਕਾਤ ਕਰਨ ਵਾਲੇ ਲੋਕਾਂ ਨੂੰ ਸਿੱਧਾ ਮੁੱਖ ਗੇਟ ਤੋਂ ਅੰਦਰ ਲੈ ਜਾਂਦੇ ਹਨ। ਇਥੇ ਉਹ ਕਿਸੇ ਵੀ ਅÎਧਿਕਾਰੀ ਦੇ ਕਮਰੇ ’ਚ ਬੈਠ ਕੇ ਬਦਮਾਸ਼ ਨਾਲ ਮੀਟਿੰਗ ਕਰ ਕੇ ਬਾਹਰ ਆ ਜਾਂਦੇ ਹਨ।
ਜੇਲ ਗਾਰਦ ਦੀਆਂ ਸੁੱਖ ਸਹੂਲਤਾਂ ਵੀ ਬਦਮਾਸ਼ਾਂ ’ਤੇ ਹੁੰਦੀਆਂ ਹਨ ਨਿਰਭਰ
ਵੱਡੇ ਬਦਮਾਸ਼ਾਂ ਦੀਅਾਂ ਬੈਰਕ ਦੇ ਬਾਹਰ ਜੋ ਗਾਰਦ ਦੇ ਅਧਿਕਾਰੀ ਤਾਇਨਾਤ ਹੁੰਦੇ ਹਨ, ਉਨ੍ਹਾਂ ਦੀ ਹਰ ਤਰ੍ਹਾਂ ਦੀ ਸੁੱਖ ਸਹੂਲਤ ਦਾ ਧਿਆਨ ਅੰਦਰ ਬੰਦ ਬਦਮਾਸ਼ ਰੱਖਦੇ ਹਨ। ਬਦਮਾਸ਼ ਅੰਦਰ ਜੋ ਕੁਝ ਵੀ ਖਾਂਦੇ ਹਨ, ਉਹ ਸਾਮਾਨ ਬਾਕਾਇਦਾ ਗਾਰਦ ਦੇ ਅਧਿਕਾਰੀ ਨੂੰ ਵੀ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਜਦੋਂ ਗਾਰਦ ਦਾ ਅਧਿਕਾਰੀ ਡਿਊਟੀ ਖਤਮ ਕਰਦਾ ਹੈ ਤਾਂ ਬਦਮਾਸ਼ ਬਾਹਰ ਆਪਣੇ ਗੁਰਗਿਆਂ ਨੂੰ ਫੋਨ ’ਤੇ ਹੁਕਮ ਦਿੰਦਾ ਹੈ ਕਿ ਉਕਤ ਅਧਿਕਾਰੀ ਦੇ ਘਰ ਸ਼ਰਾਬ ਦੀਆਂ ਬੋਤਲਾਂ ਪਹੁੰਚਾ ਦੇਣ। ਇਸ ਦੇ ਬਦਲੇ ਗਾਰਦ ਦੇ ਅਧਿਕਾਰੀ ਜਿਵੇਂ ਹੀ ਜੇਲ ਵਿਚ ਕੋਈ ਵੱਡਾ ਅਧਿਕਾਰੀ ਚੈਕਿੰਗ ’ਤੇ ਪੁੱਜਦਾ ਹੈ ਤਾਂ ਉਨ੍ਹਾਂ ਦੇ ਪੁੱਜਦੇ ਹੀ ਬਦਮਾਸ਼ ਨੂੰ ਸੂਚਿਤ ਕਰ ਕੇ ਉਸ ਦਾ ਮੋਬਾਇਲ ਫੋਨ ਅਤੇ ਹੋਰ ਗੈਰ-ਕਾਨੂੰਨੀ ਫੋਨ ਫਡ਼ ਕੇ ਪਹਿਲਾਂ ਹੀ ਟਿਕਾਣੇ ਲਾ ਦਿੰਦੇ ਹਨ।
ਪਟਿਆਲਾ ਜੇਲ ’ਚ ਬੰਦ ਲੁਧਿਆਣਾ ਦਾ ਬਦਮਾਸ਼ ਕਰ ਰਿਹਾ ਨਸ਼ਾ ਸਮੱਗਲਿੰਗ
ਸੂਤਰਾਂ ਮੁਤਾਬਕ ਪੰਜਾਬ ਦੀ ਪਟਿਆਲਾ ਜੇਲ ’ਚ ਹਾਲ ਹੀ ਇਕ ਕੇਸ ਸਾਹਮਣੇ ਆਇਆ ਸੀ। ਜੇਲ ’ਚ ਬੰਦ ਲੁਧਿਆਣਾ ਦਾ ਇਕ ਖਤਰਨਾਕ ਬਦਮਾਸ਼ ਅੰਦਰ ਬੈਠਾ ਫੋਨ ਰਾਹੀਂ ਬਾਹਰ ਆਪਣੇ ਗੈਂਗ ਦੇ ਲੋਕਾਂ ਨੂੰ ਹਦਾਇਤ ਦੇ ਕੇ ਨਸ਼ਾ ਸਮੱਗਲਿੰਗ ਦਾ ਧੰਦਾ ਚਲਾ ਰਿਹਾ ਸੀ ਅਤੇ ਫੋਨ ’ਤੇ ਲੋਕਾਂ ਨੂੰ ਧਮਕਾ ਕੇ ਜਬਰਨ ਵਸੂਲੀ ਕਰ ਰਿਹਾ ਸੀ। ਇਹੀ ਨਹੀਂ, ਇਸ ਦੇ ਗੈਂਗ ਦੇ ਲੋਕ ਜੋ ਵੀ ਵਿਅਕਤੀ ਵਸੂਲੀ ਦੇਣ ਤੋਂ ਟਾਲਮਟੋਲ ਕਰਦਾ, ਉਸ ਨੂੰ ਬਾਕਾਇਦਾ ਜੇਲ ਵਿਚ ਲਿਜਾ ਕੇ ਉਸ ਨਾਲ ਮੀਟਿੰਗ ਕਰਵਾਈ ਜਾਂਦੀ ਹੈ, ਜਿਸ ਦੀ ਸ਼ਿਕਾਇਤ ਹੋਣ ’ਤੇ ਇਕ ਆਈ. ਜੀ. ਰੈਂਕ ਦੇ ਅਧਿਕਾਰੀ ਨੇ ਉੱਥੇ ਜੇਲ ਅਧਿਕਾਰੀ ’ਤੇ ਸਖਤ ਕਾਰਵਾਈ ਕੀਤੀ, ਨਾਲ ਹੀ ਉਸ ਨੂੰ ਉੱਥੋਂ ਬਦਲ ਕੇ ਦੂਜੀ ਜੇਲ ’ਚ ਸ਼ਿਫਟ ਕਰ ਦਿੱਤਾ।
ਜੇਲਾਂ ’ਚ ਮਿਲਦੇ ਹਨ ਹਰ ਤਰ੍ਹਾਂ ਦੇ ਨਸ਼ੇ
ਸੂਤਰ ਅਨੁਸਾਰ ਜੇਲਾਂ ’ਚ ਹਰ ਤਰ੍ਹਾਂ ਦਾ ਨਸ਼ਾ ਬਾਹਰ ਨਾਲੋਂ ਬਹੁਤ ਜ਼ਿਆਦਾ ਮਿਲਦਾ ਹੈ। ਜੇਲ ’ਚ ਬੰਦ ਵਿਅਕਤੀ ਕੋਲ ਜੇਕਰ ਪੈਸੇ ਹਨ ਤਾਂ ਉਸ ਨੂੰ ਬਾਹਰ ਨਾਲੋਂ ਜ਼ਿਆਦਾ ਸਹੂਲਤਾਂ ਜੇਲ ’ਚ ਮਿਲ ਸਕਦੀਆਂ ਹਨ। ਜੇਲ ’ਚ ਅਧਿਕਾਰੀਆਂ ਵਲੋਂ ਹਰ ਚੀਜ਼ ਦੇ ਰੇਟ ਤੈਅ ਕੀਤੇ ਗਏ ਹਨ। ਨਸ਼ੀਲੇ ਪਾਊਡਰ ਦੇ ਨਸ਼ੇ ਦੀ ਇਕ ਲਾਈਨ ਜੇਲ ’ਚ 500 ਰੁਪਏ ਦੀ ਮਿਲਦੀ ਹੈ। ਅਫੀਮ ਦਾ ਰੇਟ 15 ਹਜ਼ਾਰ ਰੁਪਏ 50 ਗ੍ਰਾਮ ਅਤੇ ਇਕ ਖੁਰਾਕ 250 ਰੁਪਏ ਦੀ, ਖਾਲੀ ਇੰਜੈਕਸ਼ਨ 500 ਰੁਪਏ, ਇਕ ਬੀੜੀ 100 ਰੁਪਏ ਅਤੇ ਜਰਦੇ ਦੀ ਪੁੜੀ ਦਾ ਰੇਟ 100 ਰੁਪਏ ਰੱਖਿਆ ਹੋਇਆ ਹੈ।
CRPF ਦੀ ਤਾਇਨਾਤੀ ਨਾਲ ਹੁਣ ਜੇਲਾਂ ’ਚ ਕਾਫੀ ਸੁਧਾਰ ਕੀਤਾ : ਜੇਲ ਅਧਿਕਾਰੀ
ਲੁਧਿਆਣਾ ਸੈਂਟਰਲ ਜੇਲ ਦੇ ਸੁਪਰਡੈਂਟ ਨੇ ਦੱਸਿਆ ਕਿ ਜੇਲਾਂ ’ਚ ਹੁਣ ਪਿਛਲੇ ਸਮੇਂ ਨਾਲੋਂ ਕਾਫੀ ਸੁਧਾਰ ਕੀਤਾ ਗਿਆ ਹੈ। ਸੂਬੇ ਦੀਆਂ 4 ਵੱਡੀਆਂ ਜੇਲਾਂ ਲੁਧਿਆਣਾ, ਬਠਿੰਡਾ, ਅੰਮਿ੍ਤਸਰ ਅਤੇ ਕਪੂਰਥਲਾ ’ਚ ਸਰਕਾਰ ਵਲੋਂ ਸੀ. ਆਰ .ਪੀ. ਐੱਫ. ਤਾਇਨਾਤ ਕੀਤੀ ਗਈ ਹੈ। ਇਸ ਤੋਂ ਇਲਾਵਾ ਲੁਧਿਆਣਾ ਦੀ ਜੇਲ ’ਚ 16 ਪੀ. ਸੀ. ਓ. ਲਾਏ ਗੲੇ ਹਨ। ਇਕ ਹਵਾਲਾਤੀ ਅਤੇ ਕੈਦੀ ਨੂੰ 10 ਫੋਨ ਕਰਨ ਦੀ ਇਜਾਜ਼ਤ ਹੈ। ਉਨ੍ਹਾਂ ਮੰਨਿਆ ਕਿ ਕੁਝ ਅਪਰਾਧੀ ਜੇਲ ’ਚ ਕਿਸੇ ਤਰ੍ਹਾਂ ਆਪਣੇ ਕੋਲ ਮੋਬਾਇਲ ਰੱਖਣ ਵਿਚ ਕਾਮਯਾਬ ਹੋ ਜਾਂਦੇ ਹਨ, ਜਿਸ ਦਾ ਪਤਾ ਲੱਗਣ ’ਤੇ ਉਨ੍ਹਾਂ ਵਲੋਂ ਕਾਰਵਾਈ ਕੀਤੀ ਜਾਂਦੀ ਹੈ।