ਫਾਈਨਾਂਸਰ ਕਤਲਕਾਂਡ ਦੇ ਗਵਾਹ ਨੂੰ ਮਾਰਨਾ ਚਾਹੁੰਦੈ ਜੇਲ੍ਹ ''ਚ ਬੈਠਾ ''ਗੈਂਗਸਟਰ'', ਆਡੀਓ ਕਲਿੱਪ ਨੇ ਉਡਾਏ ਪੁਲਸ ਦੇ ਹੋਸ਼
Sunday, Sep 06, 2020 - 11:18 AM (IST)
ਲੁਧਿਆਣਾ (ਮੋਹਿਨੀ) : ਸ਼ਿਮਲਾਪੁਰੀ ਇਲਾਕੇ 'ਚ ਬੀਤੀ 12 ਅਗਸਤ ਦੀ ਰਾਤ ਨੂੰ ਹੋਈ ਫਾਇਰਿੰਗ ਦੇ ਕੇਸ 'ਚ ਉਸ ਸਮੇਂ ਇਕ ਨਵਾਂ ਮੋੜ ਆ ਗਿਆ, ਜਦੋਂ ਚਰਚਿਤ ਰਹੇ ਇਸ ਕੇਸ 'ਚ ਜਵਾਹਰ ਨਗਰ ਕੈਂਪ ਦੇ ਫਾਈਨਾਂਸਰ ਦੇ ਕਤਲ ਦੀ ਸਾਜ਼ਿਸ਼ ਦੇ ਮੁੱਖ ਗਵਾਹ ਨੂੰ ਜਾਨ ਤੋਂ ਮਾਰਨ ਲਈ ਜੇਲ੍ਹ 'ਚ ਬੈਠਾ ਗੈਂਗਸਟਰ ਸਰਗਰਮ ਹੋ ਗਿਆ, ਜਿਸ ਵੱਲੋਂ ਬਕਾਇਦਾ ਗਵਾਹ ਨੂੰ ਮਾਰਨ ਲਈ ਬਾਹਰ ਬੈਠੇ ਗੈਂਗ ਦੇ ਹੀ ਸਾਥੀਆਂ ਨੂੰ ਨਿਰਦੇਸ਼ ਦਿੱਤੇ ਜਾ ਰਹੇ ਸਨ ਅਤੇ ਇਸ ਸਬੰਧੀ ਫੋਨ ਕਾਲਾਂ ਵੀ ਜੇਲ੍ਹ ਅੰਦਰੋਂ ਆ ਰਹੀਆਂ ਸਨ।
ਉਧਰ, ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਕੋਲ ਜਦੋਂ ਉਕਤ ਆਡੀਓ ਕਲਿੱਪ ਪੁੱਜੀ ਤਾਂ ਪੁਲਸ ਪ੍ਰਸ਼ਾਸਨ ਦੇ ਵੀ ਹੋਸ਼ ਉੱਡ ਗਏ, ਜਿਸ ਤੋਂ ਬਾਅਦ ਪ੍ਰਸ਼ਾਸਨ ਅਲਰਟ ਹੋ ਗਿਆ ਅਤੇ ਇਸ ਪੂਰੇ ਘਟਨਾਕ੍ਰਮ ਦੀ ਜਾਂਚ ਵੱਡੇ ਪੱਧਰ ’ਤੇ ਸ਼ੁਰੂ ਕਰ ਦਿੱਤੀ ਗਈ ਅਤੇ ਜਾਂਚ ਦੀ ਕਮਾਨ ਆਈ. ਪੀ. ਐੱਸ. ਅਧਿਕਾਰੀ ਕੰਵਰਦੀਪ ਕੌਰ ਜੁਆਇੰਟ ਪੁਲਸ ਕਮਿਸ਼ਨਰ ਨੂੰ ਦਿੱਤੀ ਗਈ, ਜੋ ਕਈ ਪਹਿਲੂਆਂ ’ਤੇ ਜਾਂਚ ਤੋਂ ਬਾਅਦ ਉਨ੍ਹਾਂ ਸਾਰੇ ਮੁਲਜ਼ਮਾਂ ਦੇ ਨਾਂ ਅਤੇ ਪਤਿਆਂ ਦੀ ਛਾਣਬੀਣ ਕਰ ਰਹੀ ਹੈ, ਜਿਨ੍ਹਾਂ ਦੇ ਨਾਂ ਇਸ ਗੱਲਬਾਤ 'ਚ ਲਏ ਜਾਂ ਕਤਲ ਦੀ ਜ਼ਿੰਮੇਵਾਰੀ ਜਿਨ੍ਹਾਂ ਲੋਕਾਂ ਨੂੰ ਸੌਂਪੀ ਗਈ ਸੀ। ਇਸ ’ਤੇ ਜਦੋਂ 'ਜਗਬਾਣੀ' ਨਾਲ ਜਾਂਚ ਅਧਿਕਾਰੀ ਜੁਆਇੰਟ ਕਮਿਸ਼ਨਰ ਕੰਵਰਦੀਪ ਕੌਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਜਾਂਚ ਸਬੰਧੀ ਦੱਸਿਆ ਕਿ ਅਪਰਾਧੀ ਸ਼ਾਤਰ ਹਨ ਅਤੇ ਇਸ ਆਡੀਓ ਕਲਿੱਪ ਦਾ ਮੁਲਾਂਕਣ ਹੋਣਾ ਬਾਕੀ ਹੈ।
ਇਹ ਵੀ ਪੜ੍ਹੋ : 'ਬੀਬੀ ਸਿੱਧੂ' ਨੇ ਕੈਪਟਨ ਦੇ ਜ਼ਿਲ੍ਹੇ 'ਚ ਲਾਏ ਡੇਰੇ, ਸਿਆਸੀ ਗਲਿਆਰਿਆਂ 'ਚ ਛਿੜੀ ਚਰਚਾ
ਫਿਰ ਵੀ ਸਾਵਧਾਨੀ ਵਜੋਂ ਜਿਨ੍ਹਾਂ ਲੋਕਾਂ ਦੇ ਨਾਂ ਲਏ ਜਾ ਰਹੇ ਹਨ ਅਤੇ ਗਵਾਹ ਨੂੰ ਕਤਲ ਕਰਨ ਦੀ ਵਾਰਦਾਤ ਨੂੰ ਅੰਜਾਮ ਦੇਣ ਦੀਆਂ ਪਰਦੇ ਦੇ ਪਿੱਛੇ ਸਾਜ਼ਿਸ਼ਾਂ ਜੇਕਰ ਰਚੀਆਂ ਜਾ ਰਹੀਆਂ ਹਨ ਤਾਂ ਪੁਲਸ ਅਜਿਹੀਆਂ ਸਾਜ਼ਿਸ਼ਾਂ ਨੂੰ ਕਾਮਯਾਬ ਨਹੀਂ ਹੋਣ ਦੇਵੇਗੀ ਅਤੇ ਸਾਜ਼ਿਸ਼ ਦੇ ਪਿੱਛੇ ਸ਼ਾਮਲ ਸਾਰੇ ਮੁਲਜ਼ਮ ਜਲਦ ਹੀ ਜੇਲ੍ਹ ਦੀਆਂ ਸਲਾਖਾਂ ਪਿੱਛੇ ਹੋਣਗੇ। ਹਾਲਾਂਕਿ ਬੀਤੇ ਦਿਨੀਂ ਇਕ ਪੱਤਰਕਾਰ ਸਮੇਤ ਹੋਰ ਕਈ ਲੋਕਾਂ ’ਤੇ ਹਮਲੇ ਕਰਨ ਵਾਲੇ ਗੈਂਗ ਦੇ ਮੈਂਬਰ ਸ਼ੈਂਕੀ ਵਰਮਾ, ਲਵ, ਪ੍ਰਿੰਸ, ਗਾਂਧੀ ਅਤੇ 2 ਦਰਜਨ ਤੋਂ ਜ਼ਿਆਦਾ ਅਣਪਛਾਤੇ ਅਪਰਾਧੀਆਂ ’ਤੇ ਪੁਲਸ ਨੇ ਐੱਫ. ਆਈ. ਆਰ. ਤਾਂ ਦਰਜ ਕਰ ਦਿੱਤੀ ਹੈ ਪਰ ਇਹ ਲੋਕ ਇਲਾਕੇ 'ਚ ਹੀ ਰੂਪੋਸ਼ ਹੋ ਗਏ ਹਨ ਅਤੇ ਪੁਲਸ ਇਨ੍ਹਾਂ ਨੂੰ ਫੜ੍ਹਨ ਲਈ ਹੱਥ-ਪੈਰ ਮਾਰ ਰਹੀ ਹੈ। ਇਕ ਹੋਰ ਕੇਸ 'ਚ ਤਰਸੇਮ ਘਈ ਅਤੇ ਉਸ ਦੇ ਬੇਟੇ ’ਤੇ ਜਾਨਲੇਵਾ ਹਮਲਾ ਕਰਨ ਵਾਲੇ ਮਾਮਲੇ 'ਚ ਵੀ ਹੁਣ ਤੱਕ ਕਿਸੇ ਵੀ ਅਪਰਾਧੀ ਨੂੰ ਨਾ ਫੜ੍ਹ ਸਕਣ ਦੀ ਕਸਕ ਪੁਲਸ ਨੂੰ ਵੀ ਪਰੇਸ਼ਾਨ ਕਰਦੀ ਹੋਵੇਗੀ, ਜਦੋਂ ਕਿ ਸ਼ਿਮਲਾਪੁਰੀ ਇਲਾਕਾ ਲਗਾਤਾਰ ਅਪਰਾਧੀਆਂ ਦੀਆਂ ਗਤੀਵਿਧੀਆਂ ਕਾਰਨ ਆਮ ਜਨਤਾ ਲਈ ਸਹਿਮ ਵਾਲਾ ਇਲਾਕਾ ਬਣ ਗਿਆ ਹੈ।
ਇਹ ਵੀ ਪੜ੍ਹੋ : 'ਕੋਵਿਡ' ਬਾਰੇ ਝੂਠੇ ਪ੍ਰਚਾਰ 'ਤੇ ਕੈਪਟਨ ਵੱਲੋਂ ਸਖ਼ਤ ਹੁਕਮ ਜਾਰੀ, ਵੈੱਬ ਚੈਨਲਾਂ ਬਾਰੇ ਕਹੀ ਇਹ ਗੱਲ
ਫਾਈਰਿੰਗ ਕੇਸ 'ਚ ਅਮਨ ਟੈਟੂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਉਣ ਦੀ ਤਿਆਰੀ 'ਚ ਪੁਲਸ
ਲੁਧਿਆਣਾ-ਜੁਆਇੰਟ ਪੁਲਸ ਕਮਿਸ਼ਨਰ ਨੇ ਦੱਸਿਆ ਕਿ ਪੁਲਸ ਜਲਦ ਹੀ ਅਮਨ ਟੈਟੂ ਨੂੰ ਇਕ ਹੋਰ ਅਪਰਾਧਕ ਕੇਸ 'ਚ ਪ੍ਰੋਡਕਸ਼ਨ ਵਾਰੰਟ ’ਤੇ ਲਿਆਉਣ ਜਾ ਰਹੀ ਹੈ, ਜਿਸ ਕੇਸ 'ਚ ਉਕਤ ਮੁਲਜ਼ਮ ਨੇ ਫਾਈਨਾਂਸਰ ਕਤਲ ਕੇਸ ਦੇ ਮੁੱਖ ਗਵਾਹ ਨੂੰ ਮਾਰਨ ਲਈ ਉਸ ਦੇ ਦੋਸਤਾਂ ’ਤੇ ਪ੍ਰੀਤ ਨਗਰ 'ਚ ਫਾਈਰਿੰਗ ਕੀਤੀ ਸੀ। ਸੂਤਰ ਦੱਸਦੇ ਹਨ ਕਿ ਅਮਨ ਟੈਟੂ ਕਾਂਚਾ ਗੈਂਗ ਦਾ ਰਾਈਟ ਹੈਂਡ ਹੈ ਅਤੇ ਗਿਰੋਹ ਦੇ ਇਸ਼ਾਰੇ ’ਤੇ ਹੀ ਇਸ ਨੇ ਗੋਲੀ ਚਲਾਉਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਪੁਲਸ ਦੀ ਮੁਸਤੈਦੀ ਨਾਲ ਫੜ੍ਹਿਆ ਵੀ ਗਿਆ। ਸੂਤਰਾਂ ਮੁਤਾਬਕ ਅਮਨ ਟੈਟੂ ਕੋਲ ਜੋ ਰਿਵਾਲਵਰ ਹੈ, ਉਹ ਉਸ ਨੂੰ ਲੁਧਿਆਣਾ 'ਚ ਹੀ ਮੁਹੱਈਆ ਕਰਵਾਇਆ ਗਿਆ ਸੀ, ਜਿਸ ਤੋਂ ਉਹ ਸੋਨੂੰ ਉਰਫ਼ ਕਾਂਚਾ ਦੇ ਫਰਾਰ ਹੋਣ ਤੋਂ ਬਾਅਦ ਉਸ ਦੇ ਨਾਂ ਦਾ ਦਬਦਬਾ ਕਾਇਮ ਰੱਖਣ ਲਈ ਅਮਨ ਟੈਟੂ ਨੂੰ ਵਾਂਗਡੋਰ ਸੰਭਾਲੀ ਹੋਈ ਸੀ, ਜਿਸ ਨਾਲ ਉਹ ਵਾਰਦਾਤਾਂ ਨੂੰ ਅੰਜਾਮ ਦਿੰਦਾ ਰਿਹਾ।