ਗੈਂਗਸਟਰ ਗੋਪੀ ਘਣਸ਼ਾਮਪੁਰੀਆ ਦਾ ਸਾਥੀ ਗ੍ਰਿਫਤਾਰ

Saturday, Jun 16, 2018 - 04:38 AM (IST)

ਗੈਂਗਸਟਰ ਗੋਪੀ ਘਣਸ਼ਾਮਪੁਰੀਆ ਦਾ ਸਾਥੀ ਗ੍ਰਿਫਤਾਰ

ਅੰਮ੍ਰਿਤਸਰ, (ਸੰਜੀਵ)- ਬਿਆਸ ਦੇ ਪਿੰਡ ਕੰਮੋਕੇ ਤੋਂ ਭੱਠਾ ਮਾਲਕ ਰਾਜਨ ਸੇਠੀ ਤੋਂ ਪਿਸਤੌਲ ਦੀ ਨੋਕ ਤੇ ਢਾਈ ਲੱਖ ਰੁਪਏ ਦੀ ਰਾਸ਼ੀ ਲੁੱਟ ਕੇ ਲਿਜਾਣ ਵਾਲੇ ਗੈਂਗਸਟਰ ਗੋਪੀ ਘਣਸ਼ਾਮਪੁਰੀਆ ਦੇ ਸਾਥੀ ਪਰਮਜੀਤ ਸਿੰਘ ਉਰਫ ਪੰਮਾ ਵਾਸੀ ਖਾਨਪੁਰ ਨੂੰ ਦਿਹਾਤੀ ਪੁਲਸ ਨੇ ਉਸ ਦੇ ਸਾਥੀ ਕੁਲਵੰਤ ਸਿੰਘ ਵਾਸੀ ਭੋਗਪੁਰ ਜਲੰਧਰ ਸਮੇਤ ਗ੍ਰਿਫਤਾਰ ਕੀਤਾ ਹੈ। ਪੰਮਾ ਕਈ ਵਾਰ ਘਣਸ਼ਾਮਪੁਰੀਆ ਨਾਲ ਮਿਲ ਕੇ ਵੀ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ। ਪੁਲਸ ਨੇ ਗ੍ਰਿਫਤਾਰ ਕੀਤੇ ਗਏ ਲੁਟੇਰਿਆਂ ਦੇ ਕਬਜ਼ੇ ’ਚੋਂ ਇਕ ਕਾਰ ਤੇ 32 ਬੋਰ ਦਾ ਇਕ ਪਿਸਤੌਲ  ਵੀ ਬਰਾਮਦ ਕੀਤਾ। ਇਨ੍ਹਾਂ ਦੇ ਸਾਥੀਅਾਂ ਗੁਰਵਿੰਦਰ ਸਿੰਘ,  ਯੋਧਵੀਰ ਸਿੰਘ ਸੂਰਮਾ ਤੇ ਸੁਖਰਾਜ ਸਿੰਘ ਨੂੰ ਪੁਲਸ ਗ੍ਰਿਫਤਾਰ ਨਹੀਂ ਕਰ ਸਕੀ, ਜਦੋਂ ਕਿ ਉਨ੍ਹਾਂ ਦੀ ਗ੍ਰਿਫਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਇਹ ਖੁਲਾਸਾ ਐੱਸ. ਐੱਸ. ਪੀ. ਦਿਹਾਤੀ ਪਰਮਪਾਲ ਸਿੰਘ ਨੇ ਕੀਤਾ। ਉਨ੍ਹਾਂ ਕਿਹਾ ਕਿ ਥਾਣਾ ਬਿਆਸ ਦੇ ਇੰਚਾਰਜ ਕਿਰਨਦੀਪ ਸਿੰਘ ਤੇ ਥਾਣਾ ਮਹਿਤਾ ਦੇ ਇੰਚਾਰਜ ਅਮਨਦੀਪ ਸਿੰਘ ਦੀ ਅਗਵਾਈ ’ਚ ਬਣਾਈ ਗਈ ਇਕ ਵਿਸ਼ੇਸ਼ ਛਾਪੇਮਾਰੀ ਪਾਰਟੀ ਨੇ ਕਈ ਥਾਵਾਂ ’ਤੇ ਸਰਚ ਆਪ੍ਰੇਸ਼ਨ ਚਲਾ ਰੱਖਿਆ ਸੀ, ਜਿਸ ਵਿਚ ਉਕਤ ਦੋਵਾਂ ਗੈਂਗਸਟਰਾਂ ਨੂੰ ਇਕ ਗੱਡੀ ਸਮੇਤ ਗ੍ਰਿਫਤਾਰ ਕਰ ਲਿਆ ਗਿਆ।  
 ਕੀ ਕਹਿਣਾ ਹੈ ਐੱਸ. ਐੱਸ. ਪੀ. ਦਾ?
 ਐੱਸ. ਐੱਸ. ਪੀ. ਦਿਹਾਤੀ ਦਾ ਕਹਿਣਾ ਹੈ ਕਿ ਗ੍ਰਿਫਤਾਰ ਕੀਤੇ ਗਏ ਦੋਵਾਂ ਗੈਂਗਸਟਰਾਂ ਤੋਂ ਹੋਈ ਪੁੱਛਗਿੱਛ ਵਿਚ ਕਈ ਵਾਰਦਾਤਾਂ ਦੇ ਖੁਲਾਸੇ ਹੋਏ ਹਨ, ਜਿਨ੍ਹਾਂ ’ਚ 17 ਫਰਵਰੀ 2018 ਨੂੰ ਬਟਾਲਾ ਵਿਚ ਇਕ ਔਰਤ ਤੋਂ 6 ਲੱਖ ਰੁਪਏ ਦੀ ਰਾਸ਼ੀ ਲੁੱਟੀ ਗਈ ਸੀ, 25 ਅਪ੍ਰੈਲ ਨੂੰ ਬਿਆਸ ਸਥਿਤ ਦਾਈ ਫੀਡ ਫੈਕਟਰੀ ਤੋਂ ਪਿਸਤੌਲ ਦੀ ਨੋਕ ’ਤੇ 45 ਹਜ਼ਾਰ ਲੁੱਟੇ ਗਏ, 23 ਮਈ ਨੂੰ ਬਿਆਸ ਦੇ ਇਕ ਦੁਕਾਨਦਾਰ ਨੂੰ ਜ਼ਖਮੀ ਕਰ ਕੇ 35 ਹਜ਼ਾਰ ਲੁੱਟੇ ਗਏ। 30 ਜਨਵਰੀ 2018 ਨੂੰ ਮਹਿਤਾ ਖੇਤਰ ’ਚ ਵਾਰਦਾਤ ਨੂੰ ਅੰਜਾਮ ਦੇ ਕੇ 30 ਹਜ਼ਾਰ ਦੀ ਲੁੱਟ ਕੀਤੀ ਗਈ ਸੀ। ਪੁਲਸ ਇਨ੍ਹਾਂ ਤੋਂ ਗੰਭੀਰਤਾ ਨਾਲ ਪੁੱਛਗਿੱਛ ਕਰ ਰਹੀ ਹੈ ਅਤੇ ਇਨ੍ਹਾਂ ਵੱਲੋਂ ਸਰਅੰਜਾਮ ਦਿੱਤੀਅਾਂ ਗਈਅਾਂ ਕਈ ਹੋਰ ਵਾਰਦਾਤਾਂ ਦੇ ਖੁਲਾਸੇ ਹੋਣ ਦੀ ਵੀ ਸੰਭਾਵਨਾ ਹੈ।
 


Related News