ਗੈਂਗਸਟਰ ਦਿਲਪ੍ਰੀਤ ਢਾਹਾਂ ਹੁਣ ਨੂਰਪੁਰਬੇਦੀ ਪੁਲਸ ਦੇ ਹਵਾਲੇ
Tuesday, Aug 07, 2018 - 02:12 AM (IST)

ਮੋਹਾਲੀ, (ਕੁਲਦੀਪ)- ਪੰਜਾਬੀ ਗਾਇਕ ਅਤੇ ਫਿਲਮ ਡਾਇਰੈਕਟਰ ਗਿੱਪੀ ਗਰੇਵਾਲ ਤੋਂ ਫਿਰੌਤੀ ਮੰਗਣ ਵਾਲੇ ਮਾਮਲੇ ਵਿਚ ਪੁਲਸ ਰਿਮਾਂਡ ’ਤੇ ਚੱਲ ਰਹੇ ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ ਉਰਫ ਬਾਬਾ ਨੂੰ ਅੱਜ ਰਿਮਾਂਡ ਖਤਮ ਹੋਣ ’ਤੇ ਫਿਰ ਤੋਂ ਡਿਊਟੀ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ। ਡਿਊਟੀ ਮੈਜਿਸਟਰੇਟ ਨੇ ਉਸ ਨੂੰ ਕਾਨੂੰਨੀ ਹਿਰਾਸਤ ਵਿਚ ਭੇਜ ਦਿੱਤਾ।
ਜਿਵੇਂ ਹੀ ਡਿਊਟੀ ਮੈਜਿਸਟਰੇਟ ਨੇ ਉਸ ਨੂੰ ਕਾਨੂੰਨੀ ਹਿਰਾਸਤ ਵਿਚ ਭੇਜਣ ਦੇ ਆਦੇਸ਼ ਦਿੱਤੇ ਤਾਂ ਅਦਾਲਤ ਵਿਚ ਪਹੁੰਚੀ ਹੋਈ ਨੂਰਪੁਰਬੇਦੀ ਪੁਲਸ ਨੇ ਉਸ ਨੂੰ ਟਰਾਂਜ਼ਿਟ ਵਾਰੰਟ ’ਤੇ ਲਿਜਾਣ ਸਬੰਧੀ ਅਰਜ਼ੀ ਦਰਜ ਕਰ ਦਿੱਤੀ। ਡਿਊਟੀ ਮੈਜਿਸਟਰੇਟ ਨੇ ਢਾਹਾਂ ਨੂੰ ਗਿੱਪੀ ਗਰੇਵਾਲ ਵਾਲੇ ਕੇਸ ’ਚ ਰਿਮਾਂਡ ’ਤੇ, ਜਦੋਂਕਿ ਨੂਰਪੁਰਬੇਦੀ ਪੁਲਸ ਦੇ ਕੋਲ ਟਰਾਂਜਿਟ ਵਾਰੰਟ ’ਤੇ ਭੇਜ ਦਿੱਤਾ ਹੈ। ਜਾਣਕਾਰੀ ਮੁਤਾਬਕ ਨੂਰਪੁਰਬੇਦੀ ਪੁਲਸ ਸਟੇਸ਼ਨ ਵਿਚ ਢਾਹਾਂ ਖਿਲਾਫ ਕਤਲ ਕੇਸ ਦਰਜ ਹੈ। ਉਸ ਕੇਸ ਵਿਚ ਮੰਗਲਵਾਰ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਪੰਜਾਬੀ ਗਾਇਕ ਰੁਪਿੰਦਰ ਸਿੰਘ ਉਰਫ ਗਿੱਪੀ ਗਰੇਵਾਲ ਨਿਵਾਸੀ ਸੈਕਟਰ-69 ਮੋਹਾਲੀ ਤੋਂ ਫਿਰੌਤੀ ਮੰਗੇ ਜਾਣ ’ਤੇ ਵਿਚ ਦਿਲਪ੍ਰੀਤ ਬਾਬੇ ਦੇ ਖਿਲਾਫ ਪੁਲਸ ਸਟੇਸ਼ਨ ਫੇਜ਼-8 ਮੋਹਾਲੀ ਵਿਚ 1 ਜੂਨ 2018 ਨੂੰ ਆਈ. ਪੀ. ਸੀ. ਦੀ ਧਾਰਾ 387 ਅਤੇ 506 ਤਹਿਤ ਕੇਸ ਦਰਜ ਕੀਤਾ ਗਿਆ ਸੀ। ਉਸ ਕੇਸ ਵਿਚ ਦਿਲਪ੍ਰੀਤ ਢਾਹਾਂ 7 ਦਿਨਾ ਪੁਲਸ ਰਿਮਾਂਡ ’ਤੇ ਚੱਲ ਰਿਹਾ ਸੀ।