ਗੈਂਗਸਟਰ ਦਿਲਪ੍ਰੀਤ ਢਾਹਾਂ ਦੇ ਨਾਮ ''ਤੇ ਜੱਜਾਂ ਨੂੰ ਦਿੱਤੀ ਧਮਕੀ ''ਤੇ ਕੈਪਟਨ ਸਖਤ, ਦਿੱਤੀ ਚਿਤਾਵਨੀ
Tuesday, Apr 24, 2018 - 07:20 PM (IST)

ਚੰਡੀਗੜ੍ਹ (ਮਨਮੋਹਨ) : ਪੰਜਾਬ ਵਿਚ ਸਰਗਰਮ ਹੋਏ ਗੈਂਗਸਟਰਾਂ ਨੂੰ ਇਕ ਵਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚਿਤਾਵਨੀ ਦਿੱਤੀ ਹੈ। ਨਵੇਂ ਚੁਣੇ ਗਏ ਕੈਬਨਿਟ ਮੰਤਰੀਆਂ ਦੇ ਕਾਰਜਭਾਰ ਸੰਭਾਲਣ ਮੌਕੇ ਚੰਡੀਗੜ੍ਹ ਸਥਿਤ ਪੰਜਾਬ ਸਕੱਤਰੇਤ ਪਹੁੰਚੇ ਮੁੱਖ ਮੰਤਰੀ ਪਾਸੋਂ ਜਦੋਂ ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ ਦੇ ਨਾਂ 'ਤੇ ਪੁਲਸ ਕੰਟਰੋਲ ਰੂਮ ਨੂੰ ਫੋਨ ਕਰਕੇ ਹਾਈਕੋਰਟ ਦੇ ਚਾਰ ਜੱਜਾਂ ਨੂੰ ਮਾਰਨ ਦੀ ਦਿੱਤੀ ਗਈ ਧਮਕੀ ਦੇ ਸੰਬੰਧ 'ਚ ਪੁੱਛਿਆ ਗਿਆ ਤਾਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਪਹਿਲਾਂ ਹੀ ਗੈਂਗਸਟਰਾਂ ਨੂੰ ਚਿਤਾਵਨੀ ਦੇ ਚੁੱਕੀ ਹੈ ਅਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਕੈਪਟਨ ਨੇ ਕਿਹਾ ਕਿ ਸਰਕਾਰ ਪਹਿਲਾਂ ਹੀ ਗੈਂਗਸਟਰਾਂ ਨੂੰ ਹਥਿਆਰ ਸੁੱਟਣ ਦਾ ਕਹਿ ਚੁੱਕੀ ਹੈ ਅਤੇ ਅਮਨਸ਼ਾਂਤੀ ਭੰਗ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਦੱਸਣਯੋਗ ਹੈ ਕਿ ਪਰਮੀਸ਼ ਵਰਮਾ 'ਤੇ ਕਾਤਲਾਨਾ ਹਮਲਾ ਕਰਨ ਵਾਲੇ ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ ਉਰਫ ਬਾਬਾ ਦੇ ਨਾਮ ਤੋਂ ਬੀਤੇ ਦਿਨੀਂ ਕਿਸੇ ਵਿਅਕਤੀ ਨੇ ਚੰਡੀਗੜ੍ਹ ਪੁਲਸ ਨੂੰ ਫੋਨ ਕਰਕੇ ਹਾਈਕੋਰਟ ਦੇ ਚਾਰ ਜੱਜਾਂ ਨੂੰ ਮਾਰਨ ਦੀ ਧਮਕੀ ਦਿੱਤੀ ਸੀ। ਇਥੇ ਹੀ ਬਸ ਨਹੀਂ ਹਾਈਕੋਰਟ ਦੀਆਂ ਕੰਧਾਂ 'ਤੇ ਵੀ ਗੈਂਗਸਟਰਾਂ ਦੀਆਂ ਤਸਵੀਰਾਂ ਲਗਾ ਕੇ ਦਹਿਸ਼ਤ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।