ਗੁਰਦਾਸਪੁਰ ’ਚ ਖ਼ਤਰਨਾਕ ਗੈਂਗਸਟਰ ਧੰਨਾ ਦੇ 9 ਸਾਥੀ ਹਥਿਆਰਾਂ ਸਮੇਤ ਗ੍ਰਿਫ਼ਤਾਰ, ਹੋ ਸਕਦੇ ਨੇ ਵੱਡੇ ਖ਼ੁਲਾਸੇ

Wednesday, Nov 22, 2023 - 06:16 PM (IST)

ਗੁਰਦਾਸਪੁਰ (ਵਿਨੋਦ) : ਜ਼ਿਲ੍ਹਾ ਪੁਲਸ ਗੁਰਦਾਸਪੁਰ ਨੇ ਲੁੱਟਮਾਰ ਕਰਨ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕਰਕੇ ਗਿਰੋਹ ਦੇ 9 ਮੈਂਬਰਾਂ ਨੂੰ ਗ੍ਰਿਫਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਇਹ ਗਿਰੋਹ ਖ਼ਤਰਨਾਕ ਗੈਂਗਸਟਰ ਤਰਨਜੀਤ ਸਿੰਘ ਧੰਨਾ ਪੁੱਤਰ ਦਲਬੀਰ ਸਿੰਘ ਵਾਸੀ ਪਿੰਡ ਲੱਖਣਪਾਲ ਦੀ ਅਗਵਾਈ ’ਚ ਸਰਗਰਮ ਸੀ। ਗੈਂਗਸਟਰ ਧੰਨਾ ਨੂੰ ਵੀ ਪੁਲਸ ਪਟਿਆਲਾ ਜੇਲ੍ਹ ਤੋਂ ਪੁੱਛਗਿਛ ਲਈ ਲਿਆਈ ਹੈ। ਇਸ ਸਬੰਧੀ ਜ਼ਿਲ੍ਹਾ ਪੁਲਸ ਮੁਖੀ ਗੁਰਦਾਸਪੁਰ ਦਾਯਮਾ ਹਰੀਸ਼ ਕੁਮਾਰ ਨੇ ਦੱਸਿਆ ਕਿ ਕੁਝ ਸਮੇਂ ਤੋਂ ਇਲਾਕੇ ਵਿਚ ਲੁੱਟਮਾਰ ਦੀਆਂ ਘਟਨਾਵਾਂ ’ਚ ਅਚਾਨਕ ਵਾਧਾ ਹੋਣ  ਕਾਰਨ ਪੁਲਸ ਨੇ ਵਿਸ਼ੇਸ਼ ਟੀਮਾਂ ਬਣਾ ਕੇ ਦੋਸ਼ੀਆਂ ਨੂੰ ਫੜਣ ਦੀ ਯੋਜਨਾ ਬਣਾ ਕੇ ਕੰਮ ਕੀਤਾ ਸੀ। ਇਸ ਦੌਰਾਨ 12 ਨਵੰਬਰ ਨੂੰ ਪਿੰਡ ਕੋਟਲੀ ਸ਼ਾਹਪੁਰ ਦੇ ਕੋਲੋਂ ਇਕ ਲੜਕੀ ਕੰਵਲਦੀਪ ਕੌਰ ਤੋਂ ਅਣਪਛਾਤੇ ਦੋ ਮੋਟਰਸਾਈਕਲਾਂ ਤੇ ਸਵਾਰ ਚਾਰ ਦੋਸ਼ੀਆਂ ਨੇ ਉਸ ਦੀ ਸਕੂਟਰੀ ਅਤੇ ਮੋਬਾਇਲ ਫੋਨ ਖੋਹ ਕੇ ਫਰਾਰ ਹੋ ਗਏ। ਇਸ ਸਬੰਧੀ ਤਕਨੀਕੀ ਆਧਾਰ ’ਤੇ ਜਾਂਚ ਪੜਤਾਲ ਕਰਨ ਤੋਂ ਬਾਅਦ ਦੋਸ਼ੀ ਹਰਿ ਓਮ ਪੁੱਤਰ ਸੁਨੀਲ ਕੁਮਾਰ ਵਾਸੀ ਮੇਨ ਬਾਜ਼ਾਰ ਗੁਰਦਾਸਪੁਰ, ਅਰਸ਼ਦੀਪ ਸਿੰਘ ਉਰਫ ਰਾਜਾ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਥੰਮਣ, ਰੋਸ਼ਨ ਲਾਲ ਪੁੱਤਰ ਰਿਸ਼ੀਪਾਲ ਵਾਸੀ ਥੰਮਣ, ਰਾਮਪਾਲ ਪੁੱਤਰ ਦਿਲਰਾਜ ਸਿੰਘ ਵਾਸੀ ਸੈਦਪੁਰ ਕਲਾਂ ਨੂੰ ਕਾਬੂ ਕਰਕੇ ਇਸ ਗਿਰੋਹ ਦੇ ਹੋਰ ਮੈਂਬਰ ਅਮ੍ਰਿੰਤਪਾਲ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਦਾਬਾਂਵਾਲੀ ਖੁਰਦ ਅਤੇ ਅਮਨ ਗਿੱਲ ਪੁੱਤਰ ਸੁਨੀਲ ਗਿੱਲ ਵਾਸੀ ਗੀਤਾ ਭਵਨ ਮੰਦਿਰ ਦੀਨਾਨਗਰ ਨੂੰ ਗ੍ਰਿਫਤਾਰ ਕਰ ਲਿਆ। ਇਨ੍ਹਾਂ ਪਾਸੋਂ 2 ਪਿਸਤੌਲ, 3 ਮੈਗਜ਼ੀਨ, 11 ਜ਼ਿੰਦਾ ਕਾਰਤੂਸ, ਦੋ ਮੋਟਰਸਾਈਕਲ ਅਤੇ ਕੰਵਲਦੀਪ ਕੌਰ ਤੋਂ ਖੋਹੀ ਗਈ ਸਕੂਟਰੀ ਅਤੇ ਮੋਬਾਇਲ ਵੀ ਬਰਾਮਦ ਕਰ ਲਿਆ ਹੈ। 

ਇਹ ਵੀ ਪੜ੍ਹੋ : ਲੁਧਿਆਣਾ ਦੀ ਅਦਾਲਤ ਨੇ ਥਾਣਾ ਸ਼ਿਮਲਾਪੁਰੀ ਦੇ ASI ਨੂੰ ਸੁਣਾਈ 5 ਸਾਲ ਦੀ ਕੈਦ, ਹੈਰਾਨ ਕਰਨ ਵਾਲਾ ਹੈ ਮਾਮਲਾ

ਜ਼ਿਲ੍ਹਾ ਪੁਲਸ ਮੁਖੀ ਨੇ ਦੱਸਿਆ ਕਿ ਇਨ੍ਹਾਂ ਦੋਸ਼ੀਆਂ ਤੋਂ ਪੁੱਛਗਿਛ ਕੀਤੀ ਗਈ ਤਾਂ ਦੋਸ਼ੀਆਂ ਨੇ ਮੰਨਿਆਂ ਕਿ ਉਹ ਵੀ ਪਟਿਆਲਾ ਜੇਲ੍ਹ ਵਿਚ ਬੰਦ ਤਰਨਜੀਤ ਸਿੰਘ ਉਰਫ ਧੰਨਾ ਲਈ ਅਤੇ ਉਸ ਦੇ ਕਹਿਣ ’ਤੇ ਲੁੱਟਮਾਰ ਕਰਦੇ ਹਨ। ਉਨ੍ਹਾਂ ਨੇ ਮੰਨਿਆ ਕਿ ਅਸੀਂ ਦੀਨਾਨਗਰ ਵਿਚ ਇਕ ਸਰਾਫ ਨੂੰ ਵੀ ਹਥਿਆਰਾਂ ਦੀ ਨੋਕ ’ਤੇ ਲੁੱਟਣ ਦੀ ਕੋਸ਼ਿਸ਼ ਕੀਤੀ ਸੀ। ਜਦਕਿ ਹਰ ਟਾਰਗੇਟ ਨਿਸ਼ਚਿਤ ਧੰਨਾ ਹੀ ਕਰਦਾ ਸੀ ਅਤੇ ਧੰਨਾ ਹੀ ਸਾਨੂੰ ਹਥਿਆਰ ਆਦਿ ਮੁਹੱਈਆ ਕਰਵਾਉਂਦਾ ਸੀ। ਉਨ੍ਹਾਂ ਨੇ ਦੱਸਿਆ ਕਿ ਇਹ ਗਿਰੋਹ ਬਟਾਲਾ, ਧਾਰੀਵਾਲ, ਗੁਰਦਾਸਪੁਰ ਵਿਚ ਵੱਡੀਆਂ ਵਾਰਦਾਤਾਂ ਕਰਨ ਦੀ ਯੋਜਨਾ ਬਣਾ ਰਿਹਾ ਸੀ ਜਿਸ ਦੀ ਪਲਾਨਿੰਗ ਗੈਂਗਸਟਰ ਧੰਨਾ ਕਰ ਰਿਹਾ ਸੀ ਪਰ ਪੁਲਸ ਦੇ ਹੱਥ ਆ ਜਾਣ ਦੇ ਕਾਰਨ ਸਾਰੀਆਂ ਯੋਜਨਾਵਾਂ ਅਸਫਲ ਹੋ ਗਈਆਂ।

ਇਹ ਵੀ ਪੜ੍ਹੋ : ਵਿਆਹ ਦੀ ਸ਼ਾਪਿੰਗ ਦੌਰਾਨ ਲਾਪਤਾ ਹੋਏ ਤਿੰਨ ਭਰਾਵਾਂ ਦੇ ਮਾਮਲੇ ’ਚ ਨਵਾਂ ਮੋੜ, ਘਰ ’ਚ ਮਚ ਗਿਆ ਕੋਹਰਾਮ

ਜ਼ਿਲ੍ਹਾ ਪੁਲਸ ਮੁਖੀ ਨੇ ਦੱਸਿਆ ਕਿ ਤਰਨਜੀਤ ਸਿੰਘ ਧੰਨਾ ਨੂੰ ਅਸੀਂ ਪਟਿਆਲਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਆਏ ਹਾਂ। ਉਸ ’ਤੇ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ’ਚ ਲੁੱਟਮਾਰ, ਕਤਲ ਦੀ ਕੋਸ਼ਿਸ਼ ਸਮੇਤ ਹੋਰ ਕਈ ਕੇਸ ਦਰਜ ਹਨ। ਉਸ ਨੇ ਜੇਲ੍ਹ ਵਿਚ ਬੈਠ ਕੇ ਹੀ ਨਵਾਂ ਗਿਰੋਹ ਬਣਾਇਆ ਅਤੇ ਜੇਲ੍ਹ ਤੋਂ ਹੀ ਸਾਰੇ ਗਿਰੋਹ ਦੇ ਮੈਂਬਰਾਂ ਨੂੰ ਦਿਸ਼ਾ ਨਿਰਦੇਸ਼ ਦਿੰਦਾ ਸੀ। ਜ਼ਿਲ੍ਹਾ ਪੁਲਸ ਮੁਖੀ ਨੇ ਦੱਸਿਆ ਕਿ ਧੰਨਾ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ ਅਤੇ ਕਈ ਮਹੱਤਵਪੂਰਨ ਜਾਣਕਾਰੀ ਮਿਲਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : 20 ਦਿਨ ਦੇ ਬੱਚੇ ਦੇ ਪਿਓ ਦਾ ਕਰ ਦਿੱਤਾ ਕਤਲ, ਹਫ਼ਤੇ ਮਗਰੋਂ ਪਰਿਵਾਰ ਨੇ ਖੁਦ ਹੀ ਲੱਭੀ ਲਾਸ਼

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News