ਗੈਂਗਸਟਰ ਚੀਮਾ ਦੇ ਪਰਿਵਾਰ ਤੋਂ ਬਲਾਤਕਾਰ ਪੀੜਤਾ ਨੂੰ ਖਤਰਾ, ਮੰਗੀ ਸੁਰੱਖਿਆ

12/24/2018 9:17:35 AM

ਚੰਡੀਗੜ੍ਹ (ਸੰਦੀਪ) : ਗੈਂਗਸਟਰ ਹਰਜੋਤ ਸਿੰਘ ਚੀਮਾ ਉਰਫ ਹੈਰੀ ਚੀਮਾ 'ਤੇ ਜਬਰ-ਜ਼ਨਾਹ ਦੇ ਦੋਸ਼ ਲਾਉਣ ਵਾਲੀ ਲੜਕੀ ਨੇ ਹੈਰੀ ਦੇ ਭਰਾ ਅਤੇ ਪਰਿਵਾਰ ਤੋਂ ਖੁਦ ਨੂੰ ਖ਼ਤਰਾ ਦੱਸਦੇ ਹੋਏ ਪੁਲਸ ਸੁਰੱਖਿਆ ਦੀ ਮੰਗ ਕੀਤੀ ਹੈ। ਪੀੜਤਾ ਅਨੁਸਾਰ ਮੁਲਜ਼ਮ ਦਾ ਭਰਾ ਵੀ ਗੈਂਗਸਟਰ ਹੈ। ਅਜਿਹੇ 'ਚ ਹੈਰੀ ਦੀ ਮੌਤ ਤੋਂ ਬਾਅਦ ਉਸ ਦੇ ਭਰਾ ਤੇ ਪਰਿਵਾਰ ਤੋਂ ਉਸ ਨੂੰ ਖ਼ਤਰਾ ਹੈ। ਪੀੜਤਾ ਅਨੁਸਾਰ ਪਰਿਵਾਰ ਹੈਰੀ ਦੀ ਮੌਤ ਦਾ ਕਾਰਨ ਉਸ ਨੂੰ ਮੰਨਦਾ ਹੈ।

ਅਜਿਹੇ 'ਚ ਪਰਿਵਾਰ ਬਦਲੇ ਦੀ ਭਾਵਨਾ ਨਾਲ ਉਸ ਨਾਲ ਕਿਸੇ ਵੀ ਤਰ੍ਹਾਂ ਦੀ ਅਣਹੋਣੀ ਵਾਰਦਾਤ ਨੂੰ ਅੰਜਾਮ ਦੇ ਸਕਦਾ ਹੈ। ਪੀੜਤਾ ਨੇ ਇੰਡਸਟ੍ਰੀਅਲ ਏਰੀਆ ਥਾਣਾ ਇੰਚਾਰਜ 'ਤੇ ਦੋਸ਼ ਲਗਾਇਆ ਕਿ ਹੈਰੀ ਦੀ ਮੌਤ ਤੋਂ ਬਾਅਦ ਉਹ ਥਾਣਾ ਪੁਲਸ ਕੋਲ ਸੁਰੱਖਿਆ ਦੀ ਗੁਹਾਰ ਲਗਾਉਣ ਪਹੁੰਚੀ ਪਰ ਥਾਣਾ ਇੰਚਾਰਜ ਨੇ ਉਸ ਦੀ ਗੁਹਾਰ ਨੂੰ ਗੰਭੀਰਤਾ ਨਾਲ ਨਹੀਂ ਲਿਆ ਤੇ ਉਸ ਨੂੰ ਕਿਹਾ ਕਿ ਉਹ ਆਪਣੀ ਸੁਰੱਖਿਆ ਆਪ ਕਰੇ ਜਾਂ ਅੰਡਰਗਰਾਊਂਡ ਹੋ ਜਾਵੇ। ਐਤਵਾਰ ਨੂੰ ਚੰਡੀਗੜ੍ਹ 'ਚ ਪ੍ਰੈੱਸ ਕਾਨਫਰੰਸ 'ਚ ਪੀੜਤਾ ਨੇ ਇਹ ਗੱਲ ਕਹੀ।
ਪੀੜਤਾ ਨੇ ਦੱਸਿਆ ਕਿ 2 ਸਾਲ ਪਹਿਲਾਂ ਉਸ ਦੀ ਮੁਲਾਕਾਤ ਹੈਰੀ ਨਾਲ ਜਲੰਧਰ 'ਚ ਹੋਈ ਸੀ, ਉਸ ਸਮੇਂ ਉਸ ਨੇ ਆਪਣਾ ਨਾਂ ਉਸ ਨੂੰ ਰਾਜਬੀਰ ਉਰਫ ਬੀਰੂ ਦੱਸਿਆ ਸੀ। ਇਸ ਤੋਂ ਬਾਅਦ ਤੋਂ ਉਹ ਮੁਲਜ਼ਮ ਨੂੰ ਰਾਜਬੀਰ ਦੇ ਨਾਂ ਨਾਲ ਹੀ ਜਾਣਦੀ ਸੀ। 14 ਦਸੰਬਰ ਨੂੰ ਉਹ ਆਪਣੀਆਂ ਕੁਝ ਸਹੇਲੀਆਂ ਨਾਲ ਏਲਾਂਤੇ ਮਾਲ ਸਥਿਤ ਡਿਸਕ 'ਚ ਪਹੁੰਚੀ ਸੀ। ਇਸ ਸਮੇਂ ਹੈਰੀ ਆਪਣੇ ਭਰਾ ਲਾਲੀ ਤੇ ਇਕ ਹੋਰ ਵਿਅਕਤੀ ਨਾਲ ਉਥੇ ਪਾਰਟੀ 'ਚ ਪਹੁੰਚਿਆ ਸੀ।

ਇਥੇ ਹੈਰੀ ਨੇ ਉਸ ਨੂੰ ਪਛਾਣ ਲਿਆ ਤੇ ਉਸਨੂੰ ਯਾਦ ਦਿਵਾਇਆ ਕਿ ਉਹ ਰਾਜਬੀਰ ਹੈ। ਇਸ ਤੋਂ ਬਾਅਦ ਪਾਰਟੀ 'ਚ ਉਹ ਕੁਝ ਸਮਾਂ ਇਕ-ਦੂਜੇ ਦੇ ਨਾਲ ਰਹੇ ਸਨ। ਪਾਰਟੀ 'ਚ ਹੈਰੀ ਨੇ ਖੂਬ ਪੈਸੇ ਵੀ ਲੁਟਾਏ ਸਨ। ਸ਼ਨੀਵਾਰ ਨੂੰ ਹੈਰੀ ਨੇ ਉਸ ਦੇ ਮੋਬਾਇਲ 'ਤੇ ਕਈ ਫੋਨ ਕੀਤੇ। ਹੈਰੀ ਨੇ ਉਸ ਨੂੰ ਕਿਹਾ ਕਿ ਅੱਜ ਉਸ ਦੇ ਦੋਸਤ ਦੀ ਪਾਰਟੀ ਹੈ ਤੇ ਉਹ ਉਸਨੂੰ ਨਾਲ ਲਿਜਾਣਾ ਚਾਹੁੰਦਾ ਹੈ। ਪਹਿਲਾਂ ਉਸ ਨੇ ਮਨ੍ਹਾ ਕਰ ਦਿੱਤਾ ਪਰ ਵਾਰ-ਵਾਰ ਫੋਨ ਕੀਤੇ ਜਾਣ 'ਤੇ ਉਹ ਉਸਦੇ ਨਾਲ ਪਾਰਟੀ 'ਚ ਜਾਣ ਲਈ ਤਿਆਰ ਹੋ ਗਈ।
ਢਾਈ ਘੰਟੇ ਕਾਰ 'ਚ ਘੁੰਮਾਉਂਦਾ ਰਿਹਾ
ਇਸ ਤੋਂ ਬਾਅਦ ਸ਼ਨੀਵਾਰ ਰਾਤ 9:30 ਵਜੇ ਹੈਰੀ ਨੇ ਉਸ ਨੂੰ ਟ੍ਰਿਬਿਊਨ ਚੌਕ ਤੋਂ ਆਪਣੇ ਨਾਲ ਆਪਣੀ ਕਾਰ 'ਚ ਬਿਠਾ ਲਿਆ, ਜਿਸ ਤੋਂ ਬਾਅਦ ਉਹ ਉਸ ਨੂੰ 2 ਤੋਂ ਢਾਈ ਘੰਟੇ ਆਪਣੇ ਨਾਲ ਘੁਮਾਉਂਦਾ ਰਿਹਾ। ਇਸ ਤੋਂ ਬਾਅਦ ਹੈਰੀ ਨੇ ਉਸ ਨੂੰ ਕਿਹਾ ਕਿ ਉਸ ਨੂੰ ਰਾਤ ਦੇ ਸਮੇਂ ਇਥੇ ਰੁਕਣ ਲਈ ਰੂਮ ਦਾ ਵੀ ਇੰਤਜ਼ਾਮ ਕਰਨਾ ਹੈ। ਇਹ ਗੱਲ ਬੋਲਦੇ ਹੋਏ ਉਹ ਉਸ ਨੂੰ ਆਪਣੇ ਨਾਲ ਹੋਟਲ ਲੈਮਨ ਟ੍ਰੀ 'ਚ ਲੈ ਗਿਆ। ਪਾਰਕਿੰਗ 'ਚ ਜਾਣ ਤੋਂ ਬਾਅਦ ਉਸ ਨੇ ਸਾਮਾਨ ਚੁੱਕਣ 'ਚ ਮਦਦ ਕਰਨ ਦਾ ਬਹਾਨਾ ਕੀਤਾ ਤੇ ਉਸ ਨੂੰ ਰੂਮ ਤਕ ਆਪਣੇ ਨਾਲ ਲੈ ਗਿਆ। ਹੋਟਲ 'ਚ ਐਂਟਰੀ ਲਈ ਆਈ. ਡੀ. ਪਰੂਫ਼ ਜ਼ਰੂਰੀ ਹੋਣ ਦੀ ਗੱਲ ਕਹਿੰਦੇ ਹੋਏ ਹੈਰੀ ਨੇ ਉਸ ਤੋਂ ਉਸਦਾ ਆਈ. ਡੀ. ਪਰੂਫ਼ ਵੀ ਮੰਗਿਆ ਤੇ ਹੋਟਲ 'ਚ ਰੂਮ ਬੁੱਕ ਕਰਵਾ ਲਿਆ। ਸਾਮਾਨ ਲੈ ਕੇ ਜਿਵੇਂ ਹੀ ਉਹ ਹੈਰੀ ਨਾਲ ਰੂਮ 'ਚ ਗਈ ਤਾਂ ਉਸਨੇ ਅੰਦਰੋਂ ਰੂਮ ਬੰਦ ਕਰ ਲਿਆ ਤੇ ਉਸਦੇ ਨਾਲ ਕੁੱਟ-ਮਾਰ ਕਰਦਿਆਂ ਉਸ ਨੂੰ ਧਮਕੀ ਦੇ ਕੇ ਉਸ ਨਾਲ ਜਬਰ-ਜ਼ਨਾਹ ਕੀਤਾ।
ਛੇਤੀ ਸੁਰੱਖਿਆ ਦਿੱਤੀ ਜਾਵੇਗੀ
ਪੀੜਤਾ ਵਲੋਂ ਪੁਲਸ ਸੁਰੱਖਿਆ ਮੰਗੇ ਜਾਣ ਦੀ ਗੱਲ ਸਾਹਮਣੇ ਆਈ ਹੈ। ਛੇਤੀ ਹੀ ਉਸ ਨੂੰ ਸੁਰੱਖਿਆ ਦਿੱਤੀ ਜਾਵੇਗੀ। ਪੀੜਤਾ ਵਲੋਂ ਥਾਣਾ ਇੰਚਾਰਜ 'ਤੇ ਲਾਏ ਗਏ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ।


Babita

Content Editor

Related News