ਗੈਂਗਸਟਰ ਬਬਲੀ ਰੰਧਾਵਾ ਅਤੇ ਹੋਰਨਾਂ ਦੀ ਭਾਲ ''ਚ ਪੁਲਸ ਵੱਲੋਂ ਛਾਪੇਮਾਰੀ ਜਾਰੀ
Saturday, Feb 18, 2017 - 06:43 PM (IST)

ਲੌਂਗੋਵਾਲ (ਵਸ਼ਿਸਟ) : ਪੰਜਾਬ ਵਿਚ ਚਰਚਾ ਦਾ ਵਿਸ਼ਾ ਬਣੇ ਲੌਂਗੋਵਾਲ ਕਤਲ ਕਾਂਡ ਦੇ ਦੋਸ਼ੀ ਗੈਂਗਸਟਰ ਦਲਵਿੰਦਰ ਸਿੰਘ ਉਰਫ ਬਬਲੀ ਰੰਧਾਵਾ ਅਤੇ ਉਸ ਦੇ ਸਾਥੀਆਂ ਵਿਚੋਂ ਭਾਵੇਂ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਪਰ ਡੀ.ਜੀ.ਪੀ. ਦੇ ਹੁਕਮਾਂ ''ਤੇ ਪੁਲਸ ਵੱਲੋਂ ਸੰਬੰਧਤ ਦੋਸ਼ੀਆਂ ਦੇ ਘਰਾਂ ਤੋਂ ਇਲਾਵਾ ਰਿਸ਼ਤੇਦਾਰੀਆਂ ਵਿਚ ਛਾਪੇਮਾਰੀ ਜਾਰੀ ਹੈ। ਹਰਦੇਵ ਸਿੰਘ ਹੈਪੀ ਦੇ ਕਤਲ ਤੋਂ ਬਾਅਦ ਬਬਲੀ ਰੰਧਾਵਾ ਵੱਲੋਂ ਸੋਸ਼ਲ ਮੀਡੀਆ ''ਤੇ ਪਈਆਂ ਵੀਡੀਓਜ਼ ਅਤੇ ਹੱਥ ਲਿਖਤਾਂ ਤੋਂ ਬਾਅਦ ਇਹ ਮਾਮਲਾ ਪੰਜਾਬ ਪੁਲਸ ਲਈ ਨੱਕ ਦਾ ਸਵਾਲ ਬਣ ਗਿਆ ਹੈ। ਜਿਸਦੇ ਚੱਲਦਿਆਂ ਦੋਸ਼ੀਆਂ ਦੀ ਤਲਾਸ਼ ਲਈ ਪੁਲਸ ਵਲੋਂ ਪੂਰੀ ਚੌਕਸੀ ਵਰਤੀ ਜਾ ਰਹੀ ਹੈ।
ਘਟਨਾ ਸਥਾਨ ਦੇ ਨੇੜਲੇ ਇੱਕਾ-ਦੁਕਾ ਦੁਕਾਨਦਾਰਾਂ ਤੋਂ ਪੁਲਸ ਵੱਲੋਂ ਪੁੱਛਗਿਛ ਕੀਤੀ ਗਈ ਹੈ। ਇਸ ਤੋਂ ਇਲਾਵਾ ਕਥਿਤ ਦੋਸ਼ੀ ਵਰਿੰਦਰ ਸਿੰਘ ਮੋਟਾ ਅਤੇ ਗੁਰਪ੍ਰੀਤ ਸਿੰਘ ਉਰਫ ਨਰਸੀ ਦੇ ਪਰਿਵਾਰਕ ਮਂੈਬਰਾਂ ਨੂੰ ਵੀ ਪੁਲਸ ਵੱਲੋਂ ਪੁੱਛਗਿਛ ਲਈ ਹਿਰਾਸਤ ਵਿਚ ਲਏ ਜਾਣ ਦੀ ਖਬਰ ਹੈ। ਗੈਂਗਸਟਰ ਬਬਲੀ ਰੰਧਾਵਾ ਅਤੇ ਉਸਦੇ ਸਾਥੀਆਂ ਵੱਲੋਂ ਸ਼ਰੇਆਮ ਬਾਜ਼ਾਰ ਵਿਚ ਆਪਣੇ ਪੁਰਾਣੇ ਦੋਸਤ ਹਰਦੇਵ ਸਿੰਘ ਹੈਪੀ ਨੂੰ ਗੋਲੀਆਂ ਮਾਰਨਾ ਅਤੇ ਤੁਰੰਤ ਬਾਅਦ ਹੀ ਸੋਸ਼ਲ ਮੀਡੀਆ ''ਤੇ ਲਾਈਵ ਹੋ ਕੇ ਬੁਲੰਦ ਹੌਸਲੇ ਨਾਲ ਜਸ਼ਨ ਮਨਾਉਣ ਦੀ ਘਟਨਾ ਨੇ ਪੂਰੇ ਸੂਬੇ ਵਿਚ ਦਹਿਸ਼ਤ ਫੈਲਾਈ ਹੈ ਜਿਸ ਤੋਂ ਬਾਅਦ ਪੁਲਸ ਦੋਸ਼ੀਆਂ ਦੀ ਭਾਲ ਵਿਚ ਜੁਟ ਗਈ ਹੈ। ਉੱਚ ਅਧਿਕਾਰੀਆਂ ਵੱਲੋਂ ਦੋਸ਼ੀਆਂ ਨੂੰ ਜਲਦੀ ਹੀ ਫੜ੍ਹ ਲਏ ਜਾਣ ਦੇ ਦਾਅਵੇ ਕੀਤੇ ਗਏ ਹਨ ਜਿਸ ਦੇ ਚੱਲਦਿਆਂ ਛਾਪੇਮਾਰੀਆਂ ਤੋਂ ਇਲਾਵਾ ਪੁਲਸ ਵੱਲੋਂ ਦੋਸ਼ੀਆਂ ਦੀ ਲੋਕਸ਼ੇਨ, ਗੱਲਬਾਤ ਅਤੇ ਹੋਰਨਾਂ ਲਈ ਪੁਆਇੰਟਾਂ ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।