ਗੈਂਗਸਟਰਾਂ ਤੇ ਤਸਕਰਾਂ ਖ਼ਿਲਾਫ਼ ਪੰਜਾਬ ਪੁਲਸ ਦਾ ਡੰਡਾ, ਪਟਿਆਲਾ ’ਚ ਵੀ ਚਲਾਈ ਗਈ ਸਰਚ ਮੁਹਿੰਮ
Tuesday, Nov 15, 2022 - 01:52 PM (IST)
ਪਟਿਆਲਾ (ਕੰਵਲਜੀਤ) : ਪੰਜਾਬ ਵਿਚ ਆਏ ਦਿਨ ਵੱਧ ਰਹੀਆਂ ਗੈਂਗਸਟਰਾਂ ਦੀ ਘਟਨਾਵਾਂ ਨੂੰ ਦੇਖਦੇ ਹੋਏ ਅਤੇ ਪੰਜਾਬ ਭਰ ਵਿਚ ਖੁੱਲ੍ਹੇਆਮ ਵਿਕ ਰਹੇ ਨਸ਼ੇ ਦੇ ਮੱਦੇਨਜ਼ਰ ਡੀ. ਜੀ. ਪੀ. ਗੌਰਵ ਯਾਦਵ ਦੇ ਹੁਕਮਾਂ ’ਤੇ ਅੱਜ ਪੂਰੇ ਪੰਜਾਬ ਵਿਚ ਪੁਲਸ ਵੱਲੋਂ ਸਰਚ ਮੁਹਿੰਮ ਚਲਾਈ ਗਈ। ਇਸ ਦੇ ਚੱਲਦਿਆਂ ਅੱਜ ਪਟਿਆਲਾ ਦੇ ਵੱਖ-ਵੱਖ ਹਿੱਸਿਆਂ ਵਿਚ ਲੱਕੜ ਮੰਡੀ, ਰੋੜੀ ਕੁੱਟ ਮੁਹੱਲਾ ਤੇ ਬਾਜੀਗਰ ਬਸਤੀ ਵਿਚ ਪੁਲਸ ਵੱਲੋਂ ਸਰਚ ਅਭਿਆਨ ਚਲਾਇਆ ਗਿਆ। ਅੱਜ ਪਟਿਆਲਾ ਵਿਚ ਹੋਏ ਸਰਚ ਅਭਿਆਨ ਵਿਚ ਮੁੱਖ ਤੌਰ ’ਤੇ ਪਹੁੰਚੇ ਏ. ਡੀ. ਜੀ. ਪੀ. ਮੈਡਮ ਗੁਰਪ੍ਰੀਤ ਦਿਓਲ ਅਤੇ ਨਾਲ ਹੀ ਇਸ ਮੌਕੇ ਪਟਿਆਲਾ ਜ਼ਿਲ੍ਹੇ ਦੇ ਐੱਸ. ਐੱਸ. ਪੀ. ਵਰੁਣ ਸ਼ਰਮਾ ਵੀ ਹਾਜ਼ਰ ਰਹੇ।
ਗੱਲਬਾਤ ਕਰਦਿਆਂ ਏ. ਡੀ. ਜੀ. ਪੀ. ਮੈਡਮ ਗੁਰਪ੍ਰੀਤ ਦਿਓਲ ਨੇ ਕਿਹਾ ਕਿ ਅੱਜ ਡੀ. ਜੀ. ਪੀ. ਗੌਰਵ ਯਾਦਵ ਦੇ ਹੁਕਮਾਂ ’ਤੇ ਪੂਰੇ ਪੰਜਾਬ ਵਿਚ ਸਰਚ ਮੁਹਿੰਮ ਚਲਾਈ ਜਾ ਰਹੀ ਹੈ। ਪਟਿਆਲਾ ਦੇ ਰੋੜੀ ਕੁੱਟ ਮਹੱਲਾ, ਲੱਕੜ ਮੰਡੀ ਅਤੇ ਹੋਰ ਵੱਖ-ਵੱਖ ਇਲਾਕਿਆਂ ਵਿਚ ਸਰਚ ਅਭਿਆਨ ਚਲਿਆ ਗਿਆ ਹੈ। ਇਹ ਅਭਿਆਮ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਚੱਲੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਇਲਾਕਿਆਂ ਦੇ ਲੋਕ ਅਕਸਰ ਨਸ਼ਾ ਤਸਕਰੀ ਅਤੇ ਵੱਖ-ਵੱਖ ਘਟਨਾਵਾਂ ਵਿਚ ਸ਼ਾਮਿਲ ਰਹਿੰਦੇ ਹਨ। ਇਸ ਕਰਕੇ ਇੱਥੇ ਸਰਚ ਮੁਹਿੰਮ ਚਲਾਈ ਗਈ ਹੈ। ਦੂਜੇ ਪਾਸੇ ਪਟਿਆਲਾ ਦੇ ਐੱਸ. ਐੱਸ. ਪੀ. ਵਰੁਣ ਸ਼ਰਮਾ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਪਟਿਆਲਾ ਦੇ 6 ਇਲਾਕੇ ਚੁਣੇ ਗਏ ਸਨ, ਜਿਨ੍ਹਾਂ ਵਿਚ ਡਰੱਗ ਤਸਕਰੀ ਵੱਡੇ ਪੱਧਰ ’ਤੇ ਹੁੰਦੀ ਹੈ, ਇਨ੍ਹਾਂ ਇਲਾਕਿਆਂ ਵਿਚ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ, ਜਿਸ ਦੇ ਚੱਲਦੇ ਵੱਡੀ ਗਿਣਤੀ ਵਿਚ ਪੁਲਸ ਫੋਰਸ ਤੈਨਾਤ ਕੀਤੀ ਗਈ ਹੈ ਅਤੇ ਹਰ ਘਰ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ।