ਵੱਡੀ ਵਾਰਦਾਤ ਦੀ ਫਿਰਾਕ ''ਚ ਬੈਠੇ 6 ਨਾਮੀ ਗੈਂਗਸਟਰ ਗ੍ਰਿਫਤਾਰ

Sunday, Oct 29, 2017 - 07:36 PM (IST)

ਰੂਪਨਗਰ (ਗੁਰਮੀਤ) : ਰੂਪਨਗਰ ਪੁਲਸ ਨੇ ਨਵਾਂਸ਼ਹਿਰ ਅਤੇ ਹੁਸ਼ਿਆਰਪੁਰ ਦੇ ਰਹਿਣ ਵਾਲੇ 6 ਨਾਮੀ ਗੈਂਗਸਟਰਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ ਅਤੇ ਇਨ੍ਹਾਂ ਕੋਲੋਂ ਮਾਰੂ ਹਥਿਆਰ ਵੀ ਬਰਾਮਦ ਕੀਤੇ ਹਨ। ਪੁਲਸ ਲਾਈਨ ਰੂਪਨਗਰ 'ਚ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਐੱਸ. ਐੱਸ. ਪੀ. ਰੂਪਨਗਰ ਰਾਜ ਬਚਨ ਸਿੰਘ ਸੰਧੂ ਨੇ ਦੱਸਿਆ ਕਿ ਗੁਪਤਾ ਸੂਚਨਾ ਦੇ ਆਧਾਰ 'ਤੇ ਰੂਪਨਗਰ ਪੁਲਸ ਦੀ ਇਕ ਵਿਸ਼ੇਸ਼ ਟੀਮ ਵਲੋਂ 27 ਤਾਰੀਕ ਨੂੰ ਕੀਤੀ ਗਈ ਨਾਕਾਬੰਦੀ ਦੌਰਾਨ ਰੂਪਨਗਰ-ਚਮਕੌਰ ਸਾਹਿਬ ਰੋਡ 'ਤੇ ਮਾਰੂ ਹਥਿਆਰਾਂ ਅਤੇ ਅਸਲੇ ਸਮੇਤ ਪਿੰਡ ਭੋਜੇ ਮਾਜਰਾ ਪ੍ਰਾਚੀਨ ਮੰਦਰ ਦੇ ਕੋਲੋਂ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਮੁਤਾਬਕ ਉਕਤ ਗੈਂਗਸਟਰ ਡਕੈਤੀ ਦੀ ਯੋਜਨਾ ਬਣਾ ਰਹੇ ਅਤੇ ਜਦੋਂ ਪੁਲਸ ਨੇ ਇਥੇ ਰੇਡ ਕੀਤੀ ਤਾਂ ਇਨ੍ਹਾਂ ਨੇ ਪੁਲਸ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਜਿਸ 'ਤੇ ਪੁਲਸ ਵਲੋਂ ਵੀ ਜਵਾਬੀ ਫਾਇਰਿੰਗ ਕੀਤੀ ਅਤੇ ਬਾਅਦ 'ਚ ਪੁਲਸ ਨੇ ਰਾਜੇਸ਼ ਕੁਮਾਰ ਬੰਟਾ, ਲਵਪ੍ਰੀਤ ਸਿੰਘ ਲਾਡੀ, ਗੁਰਪ੍ਰੀਤ ਸਿੰਘ ਗੋਪੀ, ਗੁਰਦੀਪ ਸਿੰਘ ਉਰਫ ਦੀਪ, ਮਨਪ੍ਰੀਤ ਸਿੰਘ ਮਨੀ ਨੂੰ ਦਬੋਚ ਲਿਆ ਜਦਕਿ ਮੌਕੇ ਤੋਂ ਫਰਾਰ ਹੋਏ ਕੁਲਵੰਤ ਸਿੰਘ ਨੂੰ ਐਤਵਾਰ ਪੁਲਸ ਨੇ ਗ੍ਰਿਫਤਾਰ ਕੀਤਾ ਹੈ।
ਪੁਲਸ ਮੁਤਾਬਕ ਗੈਂਗਸਟਰਾਂ ਕੋਲੋਂ 4 ਦੇਸੀ ਪਿਸਤੌਲ 315 ਬੋਰ, 2 ਪਿਸਤੌਲ 32 ਬੋਰ, 1 ਰਿਵਾਲਵਰ 32 ਬੋਰ ਅਤੇ 8 ਕਾਰਤੂਸ ਬਰਾਮਦ ਕੀਤੇ ਗਏ ਹਨ। ਐੱਸ. ਐੱਸ. ਪੀ. ਦਾ ਕਹਿਣਆ ਹੈ ਕਿ ਗ੍ਰਿਫਤਾਰ ਕੀਤੇ ਗਏ ਗੈਂਗਸਟਰਾਂ 'ਤੇ ਕਤਲ ਸਮੇਤ ਵੱਖ-ਵੱਖ ਧਰਾਵਾਂ ਸਮੇਤ ਕਈ ਅਪਰਾਧਿਕ ਮਾਮਲੇ ਦਰਜ ਹਨ।


Related News