ਲੁਧਿਆਣਾ ਦੀ ਦਾਣਾ ਮੰਡੀ ''ਚ ਖਤਰਨਾਕ ਬਦਮਾਸ਼ ਦਾ ਕਤਲ

10/22/2019 6:36:35 PM

ਲੁਧਿਆਣਾ (ਮਹੇਸ਼) : ਖਤਰਨਾਕ ਗੈਂਗਸਟਰ ਵਿਜੇ ਸਿੱਧੂ ਉਰਫ ਛੋਟਾ ਲੱਲਾ ਦਾ ਐਤਵਾਰ ਰਾਤ ਨੂੰ ਜਲੰਧਰ ਬਾਈਪਾਸ ਦੇ ਕੋਲ ਦਾਣਾ ਮੰਡੀ ਵਿਚ ਪਟਾਕਿਆਂ ਦੀ ਇਕ ਦੁਕਾਨ 'ਤੇ ਕਤਲ ਕਰ ਦਿੱਤਾ ਗਿਆ। ਸਲੇਮ ਟਾਬਰੀ ਪੁਲਸ ਨੇ ਕਤਲ ਦਾ ਕੇਸ ਦਰਜ ਕਰ ਕੇ ਮਹਿਲਾ ਦੁਕਾਨਦਾਰ ਵਿਨੀਤਾ ਨੂੰ ਗ੍ਰਿਫਤਾਰ ਕਰ ਲਿਆ ਹੈ ਜਦੋਂਕਿ ਉਸ ਦੇ ਦੋਵੇਂ ਪੁੱਤਰ ਵਿਸ਼ਾਲ ਅਤੇ ਸਾਗਰ ਫਰਾਰ ਹਨ। ਗੈਂਗਸਟਰ ਛੋਟਾ ਲੱਲਾ 'ਤੇ ਕਤਲ ਦਾ ਯਤਨ, ਕੁੱਟ-ਮਾਰ, ਫਾਇਰਿੰਗ ਸਮੇਤ ਹੋਰ ਸੰਗੀਨ ਅਪਰਾਧਾਂ ਦੇ ਤਹਿਤ 8 ਮੁਕੱਦਮੇ ਦਰਜ ਸਨ। ਨਸ਼ਾ ਸਮੱਗਲਿੰਗ ਦੇ ਕੇਸ ਵਿਚ ਉਹ ਕਰੀਬ 3 ਮਹੀਨੇ ਪਹਿਲਾਂ ਹੀ ਜੇਲ ਤੋਂ ਜ਼ਮਾਨਤ 'ਤੇ ਬਾਹਰ ਆਇਆ ਸੀ ਅਤੇ ਕੁਝ ਦਿਨ ਪਹਿਲਾਂ ਉਸ ਨੇ ਮੰਡੀ ਵਿਚ ਇਕ ਫੋਟੋਗ੍ਰਾਫਰ ਨਾਲ ਵੀ ਕੁੱਟ-ਮਾਰ ਕੀਤੀ ਸੀ। ਪੁਲਸ ਨੇ ਵਿਜੇ ਦੀ ਪਤਨੀ ਰਿਸ਼ੂ ਦੀ ਸ਼ਿਕਾਇਤ 'ਤੇ ਕੇਸ ਦਰਜ ਕੀਤਾ ਹੈ।

PunjabKesari

ਪੁਲਸ ਦੀ ਕਹਾਣੀ ਵਿਚ ਕਈ ਸੁਰਾਖ ਹਨ। ਚਰਚਾ ਹੈ ਕਿ ਮਾਮਲਾ ਰੰਗਦਾਰੀ ਮੰਗਣ ਦਾ ਹੈ ਅਤੇ ਕਤਲ ਦੇ ਦੋਸ਼ੀਆਂ 'ਤੇ ਪਹਿਲਾਂ ਕੋਈ ਅਪਰਾਧਕ ਕੇਸ ਦਰਜ ਨਹੀਂ ਹੈ, ਜਿਸ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਉਹ ਪਟਾਕਿਆਂ ਦਾ ਕਾਰੋਬਾਰ ਕਰਦੀ ਹੈ। ਪ੍ਰਤੱਖ ਦੇਖਣ ਵਾਲਿਆਂ ਮੁਤਾਬਕ ਛੋਟੇ ਲੱਲਾ ਨੂੰ ਘਟਨਾ ਤੋਂ ਪਹਿਲਾਂ ਆਪਣੇ ਸਾਥੀਆਂ ਨਾਲ ਉਕਤ ਦੁਕਾਨ ਵਿਚ ਜ਼ਬਰਦਸਤੀ ਦਾਖਲ ਹੁੰਦੇ ਦੇਖਿਆ ਗਿਆ ਸੀ।

PunjabKesari

ਹੈਬੋਵਾਲ ਕਲਾਂ ਦੇ ਰਾਜੇਸ਼ ਨਗਰ ਦੀ ਰਿਸ਼ੂ ਨੇ ਪੁਲਸ ਨੂੰ ਦਿੱਤੇ ਬਿਆਨ ਵਿਚ ਕਿਹਾ ਹੈ ਕਿ ਉਸ ਦਾ ਪਤੀ ਅਜੇ ਦਾਣਾ ਮੰਡੀ ਪਟਾਕਾ ਮਾਰਕੀਟ ਵਿਚ ਪਾਰਕਿੰਗ ਦੇ ਠੇਕੇਦਾਰ ਵਿੱਕੀ ਸਾਹਨੀ ਕੋਲ ਕੰਮ ਕਰਦਾ ਸੀ। ਐਤਵਾਰ ਰਾਤ ਨੂੰ ਉਸ ਦੀ ਮੰਡੀ ਵਿਚ ਡਿਊਟੀ ਸੀ। ਉਸ ਦਾ ਚਾਚਾ ਰਾਜ ਕੁਮਾਰ ਰਾਤ ਕਰੀਬ 12 ਵਜੇ ਉਸ ਦੇ ਪਤੀ ਨੂੰ ਖਾਣਾ ਦੇਣ ਗਿਆ ਸੀ। ਚਾਚਾ ਨੇ ਉਸ ਨੂੰ ਫੋਨ 'ਤੇ ਦੱਸਿਆ ਕਿ ਕਾਕੋਵਾਲ ਰੋਡ ਦਾ ਰਹਿਣ ਵਾਲਾ ਵਿਸ਼ਾਲ, ਉਸ ਦਾ ਭਰਾ ਸਾਗਰ ਅਤੇ ਇਨ੍ਹਾਂ ਦੀ ਮਾਤਾ ਵਿਨੀਤਾ ਵਿਜੇ ਨਾਲ ਉਨ੍ਹਾਂ ਦੀ ਦੁਕਾਨ 'ਤੇ ਆਉਣ ਵਾਲੇ ਗਾਹਕਾਂ ਨੂੰ ਵਾਹਨਾਂ ਦੀ ਪਰਚੀ ਕੱਟਣ ਕਾਰਣ ਝਗੜਾ ਕਰ ਰਹੇ ਹਨ, ਜਦੋਂਕਿ ਉਸ ਦਾ ਪਤੀ ਇਸ ਗੱਲ 'ਤੇ ਅੜਿਆ ਹੋਇਆ ਹੈ ਕਿ ਉਹ ਠੇਕੇਦਾਰ ਕੋਲ ਨੌਕਰੀ ਕਰਦਾ ਹੈ ਜੋ ਵੀ ਵਾਹਨ ਪਟਾਕਾ ਮਾਰਕੀਟ ਵਿਚ ਪਾਰਕ ਹੋਵੇਗਾ, ਉਹ ਉਸ ਦੀ ਪਰਚੀ ਕੱਟੇਗਾ। ਇਸ ਗੱਲ ਕਾਰਣ ਦੋਵਾਂ ਧਿਰਾਂ ਵਿਚ ਤਕਰਾਰਬਾਜ਼ੀ ਹੋ ਗਈ। ਉਸ ਦਾ ਦੋਸ਼ ਹੈ ਕਿ ਇਸ 'ਤੇ ਦੋਸ਼ੀਆਂ ਨੇ ਉਸ ਦੇ ਪਤੀ 'ਤੇ ਹਮਲਾ ਕਰ ਦਿੱਤਾ। ਵਿਸ਼ਾਲ ਦੇ ਹੱਥ ਵਿਚ ਕੈਂਚੀ ਸੀ ਜਦੋਂਕਿ ਸਾਗਰ ਕੋਲ ਤੇਜ਼ਧਾਰ ਹਥਿਆਰ ਸੀ। ਦੋਸ਼ੀਆਂ ਨਾਲ ਇਕ ਦਰਜਨ ਦੇ ਕਰੀਬ ਹੋਰ ਵਿਅਕਤੀ ਵੀ ਸਨ। ਵਿਨੀਤਾ ਦੇ ਉਕਸਾਉਣ 'ਤੇ ਉਸ ਦੇ ਦੋਵੇਂ ਬੇਟੇ ਆਪਣੇ ਸਾਥੀਆਂ ਸਮੇਤ ਉਸ ਦੇ ਪਤੀ 'ਤੇ ਟੁੱਟ ਪਏ। ਜ਼ਖਮੀ ਹੋ ਕੇ ਉਸ ਦਾ ਪਤੀ ਜ਼ਮੀਨ 'ਤੇ ਡਿੱਗ ਗਿਆ ਤਾਂ ਦੋਸ਼ੀਆਂ ਨੇ ਉਸ ਦੇ ਲੱਤਾਂ-ਮੁੱਕੇ ਮਾਰੇ ਅਤੇ ਮੌਕੇ ਤੋਂ ਫਰਾਰ ਹੋ ਗਏ।

PunjabKesari

ਇਸੇ ਦੌਰਾਨ ਕਿਸੇ ਨੇ 108 'ਤੇ ਕਾਲ ਕਰ ਕੇ ਐਂਬੂਲੈਂਸ ਬੁਲਾ ਲਈ ਅਤੇ ਉਸ ਦੇ ਚਾਚਾ ਉਸ ਦੇ ਪਤੀ ਨੂੰ ਇਲਾਜ ਲਈ ਸਿਵਲ ਹਸਪਤਾਲ ਲੈ ਗਏ ਜਿਥੇ ਡਾਕਟਰਾਂ ਨੇ ਉਸ ਦੇ ਪਤੀ ਨੂੰ ਮ੍ਰਿਤਕ ਐਲਾਨ ਦਿੱਤਾ। ਉਸ ਦਾ ਕਹਿਣਾ ਹੈ ਕਿ ਵਜ੍ਹਾ ਰੰਜਿਸ਼ ਇਹੀ ਹੈ ਕਿ ਉਸ ਦਾ ਪਤੀ ਦੋਸ਼ੀਆਂ ਦੀ ਦੁਕਾਨ 'ਤੇ ਆਉਣ ਵਾਲੇ ਗਾਹਕਾਂ ਦੇ ਵਾਹਨਾਂ ਦੀ ਪਰਚੀ ਕੱਟਦਾ ਸੀ, ਜਦੋਂਕਿ ਦੋਸ਼ੀ ਇਸ ਦਾ ਵਿਰੋਧ ਕਰਦੇ ਸਨ। ਇਸੇ ਗੱਲ ਕਾਰਣ ਦੋਸ਼ੀਆਂ ਨੇ ਉਸ ਦੇ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਰਾਤ ਭਰ ਥਾਣੇ ਵਿਚ ਲਹੂ-ਲੁਹਾਨ ਬੈਠੀ ਰਹੀ ਕਤਲ ਦੀ ਮੁਲਜ਼ਮ ਔਰਤ
ਥਾਣੇ ਵਿਚ ਕਤਲ ਦੀ ਮੁਲਜ਼ਮ ਔਰਤ ਵਿਨੀਤਾ ਨੇ ਰੋਂਦੇ ਹੋਏ ਦੱਸਿਆ ਕਿ ਉਹ ਤਾਂ ਆਪਣੀ ਦੁਕਾਨ 'ਤੇ ਬੈਠ ਕੇ ਕੰਮ ਕਰ ਰਹੇ ਸਨ। ਛੋਟਾ ਲੱਲਾ ਆਪਣੇ ਸਾਥੀਆਂ ਨਾਲ ਉਸ ਦੀ ਦੁਕਾਨ ਵਿਚ ਦਾਖਲ ਹੋਇਆ ਅਤੇ 2 ਲੱਖ ਰੁਪਏ ਦੀ ਰੰਗਦਾਰੀ ਮੰਗਣ ਲੱਗਾ। ਮਨ੍ਹਾ ਕਰਨ 'ਤੇ ਉਸ ਦੇ ਕੱਪੜੇ ਪਾੜ ਦਿੱਤੇ ਗਏ ਅਤੇ ਉਸ 'ਤੇ ਜਾਨਲੇਵਾ ਹਮਲਾ ਕੀਤਾ। ਕਿਸੇ ਤਰ੍ਹਾਂ ਉਸ ਦੇ ਬੇਟੇ ਨੇ ਉਸ ਨੂੰ ਬਚਾਇਆ। ਲੱਲਾ ਨੇ ਉਸ ਦੇ ਬੇਟੇ ਵਿਸ਼ਾਲ 'ਤੇ ਵੀ ਹਮਲਾ ਕੀਤਾ। ਉਸ ਨੂੰ ਕੁਰਸੀ ਸਮੇਤ ਜ਼ਮੀਨ 'ਤੇ ਪਟਕ ਕੇ ਕੈਸ਼ ਕਾਊਂਟਰ ਤੋਂ 5 ਲੱਖ ਰੁਪਏ ਤੋਂ ਜ਼ਿਆਦਾ ਦੀ ਨਕਦੀ ਲੁੱਟ ਕੇ ਲੈ ਗਏ, ਜਿਸ ਦਾ ਉਸ ਨੇ ਭੁਗਤਾਨ ਕਰਨਾ ਸੀ।

ਆਪਣੇ ਫਟੇ ਹੋਏ ਕੱਪÎੜੇ ਅਤੇ ਸਰੀਰ 'ਤੇ ਹੋਏ ਜ਼ਖਮ ਦਿਖਾਉਂਦੇ ਹੋਏ ਉਸ ਨੇ ਕਿਹਾ ਕਿ ਉਨ੍ਹਾਂ ਨੇ ਮਾਰਕੀਟ ਤੋਂ ਮੋਟੇ ਵਿਆਜ 'ਤੇ ਰਕਮ ਚੁੱਕ ਕੇ ਮਾਲ ਖਰੀਦਿਆ ਹੈ, ਜਿਸ ਦੀ ਆਮਦਨ ਨਾਲ ਉਸ ਦੇ ਪਰਿਵਾਰ ਦਾ ਦਾਲ-ਫੁਲਕਾ ਚੱਲਣਾ ਸੀ ਪਰ ਇਕ ਪਲ ਵਿਚ ਹੀ ਸਾਰਾ ਕੁਝ ਪਲਟ ਗਿਆ। ਉਸ ਨੂੰ ਸਮਝ ਹੀ ਨਹੀਂ ਆਇਆ ਕਿ ਉਸ ਦੇ ਨਾਲ ਕੀ ਹੋ ਗਿਆ ਹੈ। ਉਹ ਤਾਂ ਚੰਗੇ ਭਲੇ ਆਪਣੇ ਕੰਮ ਵਿਚ ਲੱਗੇ ਹੋਏ ਸਨ। ਉਹ ਐਤਵਾਰ ਰਾਤ ਤੋਂ ਲਹੂ-ਲੁਹਾਨ ਹਾਲਤ ਵਿਚ ਥਾਣੇ ਵਿਚ ਬੈਠੀ ਹੈ। ਉਸ ਦਾ ਹੁਣ ਤੱਕ ਮੈਡੀਕਲ ਨਹੀਂ ਕਰਵਾਇਆ ਗਿਆ ਅਤੇ ਨਾ ਹੀ ਉਸ ਦੀ ਸ਼ਿਕਾਇਤ 'ਤੇ ਕੋਈ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ 'ਤੇ ਝੂਠਾ ਅਤੇ ਬੇਬੁਨਿਆਦੀ ਕੇਸ ਦਰਜ ਕੀਤਾ ਗਿਆ ਹੈ।


Gurminder Singh

Content Editor

Related News