ਗੈਂਗਸ ਆਫ਼ ਪੰਜਾਬ: ਅੱਤਵਾਦ ਦਾ ਸੰਤਾਪ ਝੱਲਣ ਵਾਲਾ ਪੰਜਾਬ ਬਣਿਆ ਗੈਂਗਸਟਰਾਂ ਦੀ ਕਰਮਭੂਮੀ

Monday, Jun 13, 2022 - 12:04 PM (IST)

ਗੈਂਗਸ ਆਫ਼ ਪੰਜਾਬ: ਅੱਤਵਾਦ ਦਾ ਸੰਤਾਪ ਝੱਲਣ ਵਾਲਾ ਪੰਜਾਬ ਬਣਿਆ ਗੈਂਗਸਟਰਾਂ ਦੀ ਕਰਮਭੂਮੀ

ਅੰਮ੍ਰਿਤਸਰ (ਸੰਜੀਵ) - ਪਿਛਲੇ ਕਈ ਸਾਲਾਂ ਤੋਂ ਅੱਤਵਾਦ ਦੇ ਕਹਿਰ ਦਾ ਸਾਹਮਣਾ ਕਰਨ ਵਾਲਾ ਪੰਜਾਬ ਅੱਜ ਬਦਨਾਮ ਗੈਂਗਸਟਰਾਂ ਦੀ ਕਰਮਭੂਮੀ ਬਣਦਾ ਜਾ ਰਿਹਾ ਹੈ, ਜਿਸ ਦੀ ਜਿਉਂਦੀ ਜਾਗਦੀ ਮਿਸਾਲ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਹਾਲ ਹੀ ਵਿਚ ਹੋਇਆ ਕਤਲ ਹੈ। ਸਥਿਤੀ ਇਹ ਹੈ ਕਿ ਭਾਰਤ ਦੀ 2 ਫੀਸਦੀ ਆਬਾਦੀ ਵਾਲਾ ਇਹ ਸੂਬਾ ਹਥਿਆਰਾਂ ਨਾਲ ਭਰਿਆ ਪਿਆ ਹੈ। ਜੇਕਰ ਦੇਖਿਆ ਜਾਵੇ ਤਾਂ ਦੇਸ਼ ਦਾ ਕੋਈ ਵੀ ਅਜਿਹਾ ਸੂਬਾ ਨਹੀਂ, ਜਿੱਥੇ ਕੋਈ ਗੈਂਗਸਟਰ ਨਾ ਹੋਵੇ ਪਰ ਪੰਜਾਬ ਵਿਚ ਅੱਜ ਛੋਟੇ-ਵੱਡੇ ਸਮੇਤ 65 ਦੇ ਕਰੀਬ ਗੈਂਗ ਸਰਗਰਮ ਹਨ। ਬਹੁਤੇ ਗੈਂਗਸਟਰ ਜੇਲ੍ਹਾਂ ਵਿੱਚ ਬੰਦ ਹਨ, ਜਿਨ੍ਹਾਂ ਦੇ ਗੈਂਗ ਪੂਰੀ ਤਰ੍ਹਾਂ ਸਰਗਰਮ ਹਨ ਅਤੇ ਜੇਲ੍ਹਾਂ ਵਿੱਚੋਂ ਕੰਮ ਕਰ ਰਹੇ ਹਨ। ਵਿਡੰਬਨਾ ਇਹ ਹੈ ਕਿ ਪਤਾ ਹੋਣ ਦੇ ਬਾਵਜੂਦ ਪੰਜਾਬ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਇਨ੍ਹਾਂ ਨੂੰ ‘ਡੀਐਕਟੀਵੇਟ‘ ਕਰਨ ਵਿਚ ਨਾਕਾਮਯਾਬ ਹੋ ਰਿਹਾ ਹੈ। ਇਸ ਦਾ ਖਮਿਆਜਾ ਸੂਬੇ ਦੇ ਸਰਮਾਏਦਾਰਾਂ ਨੂੰ ਭੁਗਤਣਾ ਪੈ ਰਿਹਾ ਹੈ।

ਪੰਜਾਬ ਲਈ ਖ਼ਤਰਾ ਬਣੇ ਇਹ ਗੈਂਗ

. ਲਾਰੈਂਸ ਬਿਸ਼ਨੋਈ ਗੈਂਗ
. ਜੱਗੂ ਭਗਵਾਨਪੁਰੀਆ ਗੈਂਗ
. ਗੌਂਡਾ ਐਂਡ ਬ੍ਰਦਰ ਗੈਂਗ
. ਸੁੱਖਾ ਕਾਲਵਾ ਗੈਂਗ
. ਗੁਰਬਖਸ਼ ਸੇਵੇਵਾਲਾ ਗੈਂਗ
. ਦਵਿੰਦਰ ਬੰਬੀਹਾ ਗੈਂਗ
. ਹੈਰੀ ਚੱਠਾ ਗੈਂਗ

ਪੰਜਾਬ ਲਈ ਸਿਰਦਰਦ ਬਣੇ 7 ਗੈਂਗ - 
ਇਹ ਉਹ ਸੱਤ ਗੈਂਗ ਹਨ, ਜੋ ਪੰਜਾਬ ਪੁਲਸ ਲਈ ਸਿਰਦਰਦੀ ਬਣੇ ਹੋਏ ਹਨ। ਪਿਛਲੇ ਕੁਝ ਸਾਲਾਂ ਦੌਰਾਨ ਸੂਬੇ ਵਿਚ ਦਰਜ ਕੀਤੇ ਗਏ ਜੁਰਮ ਦੇ ਮਾਮਲਿਆਂ ਵਿਚ ਜ਼ਿਆਦਾਤਰ ਹੱਥ ਇਨ੍ਹਾਂ ਗੈਂਗ ਦਾ ਰਿਹਾ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਗੈਂਗ ਦੇ ਸਰਗਣੇ ਜਾਂ ਤਾਂ ਪੁਲਸ ਮੁਕਾਬਲੇ ਵਿਚ ਮਾਰੇ ਜਾ ਚੁੱਕੇ ਹਨ ਅਤੇ ਜਾਂ ਪੁਲਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਜੇਲ੍ਹ ਵਿਚ ਭੇਜ ਚੁੱਕੀ ਹੈ। ਵਿਡੰਬਨਾ ਇਹ ਹੈ
ਕਿ ਜਦੋਂ ਤੋਂ ਇਨ੍ਹਾਂ ਦੇ ਸਰਗਣੇ ਜੇਲ੍ਹਾਂ ਵਿਚ ਗਏ ਹਨ, ਇਹ ਗੈਂਗ ਹੋਰ ਤਾਕਤਵਰ ਹੁੰਦੇ ਜਾ ਰਹੇ ਹਨ। ਤਿਹਾੜ ਜੇਲ੍ਹ ਵਿਚ ਬੰਦ ਖ਼ਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ’ਤੇ ਤਾਜ਼ਾ ਮਾਮਲਾ ਸਿੱਧੂ ਮੂਸੇਵਾਲੇ ਦੇ ਕਤਲ ਦਾ ਦੋਸ਼ ਲੱਗਾ ਹੈ।

ਲਾਰੈਂਸ ਬਿਸ਼ਨੋਈ ਗੈਂਗ
ਪੰਜਾਬ ਦੇ ਅਬੋਹਰ ਵਿਚ ਪੈਦਾ ਹੋਏ ਪੁਲਸ ਕਾਂਸਟੇਬਲ ਦੇ ਬੇਟੇ ਲਾਰੈਂਸ ਬਿਸ਼ਨੋਈ, ਜੋਧਪੁਰ ਵਿਚ ਫਿਲਮ ਸਟਾਰ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਤੋਂ ਬਾਅਦ ਬਿਸ਼ਨੋਈ ਅਪਰਾਧ ਦੀ ਦੁਨੀਆ ਵਿਚ ਵੱਡਾ ਨਾਂ ਬਣ ਗਿਆ ਸੀ। ਜੋਧਪੁਰ ਜੇਲ੍ਹ ਵਿਚ ਬੰਦ ਬਿਸ਼ਨੋਈ ’ਤੇ ਫਿਰੌਤੀ, ਕਤਲ, ਅਗਵਾ, ਹਾਈਵੇ ਰਬੜੀ ਵਰਗੇ ਘਿਨਾਉਣੇ ਅਪਰਾਧਾਂ ਦੇ ਦੋ ਦਰਜਨ ਦੇ ਕਰੀਬ ਮਾਮਲੇ ਦਰਜ ਹਨ, ਜਿਸ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਤਬਦੀਲ ਕਰ ਦਿੱਤਾ ਗਿਆ ਸੀ। ਲਾਰੈਂਸ ਅਤੇ ਗੋਲਡੀ ਬਰਾੜ ਵਿਦਿਆਰਥੀ ਰਾਜਨੀਤੀ ਦੇ ਸਮੇਂ ਤੋਂ ਗੂੜ੍ਹੇ ਦੋਸਤ ਰਹੇ ਹਨ। ਗੋਲਡੀ ਬਰਾੜ ਕਈ ਘਿਨਾਉਣੇ ਅਪਰਾਧਾਂ ਵਿੱਚ ਸ਼ਾਮਲ ਹੋਣ ਤੋਂ ਬਾਅਦ ਕੈਨੇਡਾ ਭੱਜ ਗਿਆ ਸੀ ਅਤੇ
ਬਿਸ਼ਨੋਈ ਜੇਲ੍ਹ ਜਾਣ ਤੋਂ ਬਾਅਦ ਉਹ ਉਸ ਦਾ ਕੰਮ ਕੈਨੇਡਾ ਤੋਂ ਕਰਨ ਲੱਗਾ।

ਜੱਗੂ ਭਗਵਾਨਪੁਰੀਆਂ ਗੈਂਗ
ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿਚ ਫਿਰੌਤੀ, ਅਗਵਾ, ਕਤਲ ਵਰਗੇ ਸੰਗੀਨ ਮਾਮਲਿਆਂ ਵਿਚ ਸਰਗਰਮ ਜੱਗੂ ਗੈਂਗ ਦਾ ਸਰਗਣਾ ਜੱਗੂ ਭਗਵਾਨਪੁਰੀਆ ਬੇਸ਼ੱਕ 2015 ਵਿਚ ਪੁਲਸ ਨੇ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਸੀ। ਅੱਜ ਵੀ ਜੱਗੂ ਗੈਂਗ ਉਸੇ ਤਰ੍ਹਾਂ ਨਾਲ ਐਕਟਿਵ ਹੈ ਅਤੇ ਅਪਰਾਧ ਦੀ ਦੁਨੀਆ ਵਿਚ ਆਪਣਾ ਇੱਕ ਵੱਡਾ ਨਾਮ ਰੱਖਦਾ ਹੈ।

ਗੌਂਡਾ ਐਂਡ ਬ੍ਰਦਰ ਗੈਂਗ
ਪੁਲਸ ਮੁਕਾਬਲੇ ਵਿਚ ਮਾਰੇ ਗਏ ਗੌਂਡਾ ਐਂਡ ਬ੍ਰਦਰ ਗੈਂਗ ਦਾ ਸਰਗਣਾ ਵਿੱਕੀ ਗੌਂਡਰ ਗੈਂਗ ਅੱਜ ਵੀ ਉਸੇ ਤਰ੍ਹਾਂ ਨਾਲ ਚੱਲ ਰਿਹਾ ਹੈ। ਗੌਂਡਾ ਦਾ ਨਾਂ ਉਸ ਸਮੇਂ ਸਾਹਮਣੇ ਆਇਆ ਜਦੋਂ ਉਸ ਨੇ ਸੁੱਖਾ ਕਾਲਵਾ ਨੂੰ ਪੁਲਸ ਹਿਰਾਸਤ ਵਿਚ ਮਾਰਿਆ ਸੀ। ਗੌਂਡਾ ਡਿਸਕ ਥਰੋਅ ਵਿਚ ਰਾਸ਼ਟਰੀ ਪੱਧਰ ਦਾ ਖਿਡਾਰੀ ਸੀ ਪਰ ਆਪਣੇ ਦੋਸਤ ਦੇ ਕਤਲ ਤੋਂ ਬਾਅਦ ਉਸ ਨੇ ਖੇਡਾਂ ਛੱਡ ਕੇ ਅਪਰਾਧ ਵੱਲ ਰੁਖ ਕਰ ਲਿਆ ਸੀ।

ਬੰਬੀਹਾ ਗੈਂਗ 
2016 ਵਿਚ ਹੋਏ ਇੱਕ ਪੁਲਸ ਮੁਕਾਬਲੇ ਦੌਰਾਨ ਮਾਰੇ ਗਏ ਖ਼ਤਰਨਾਕ ਗੈਂਗਸਟਰ ਦਵਿੰਦਰ ਬਬੀਹਾ ਦਾ ਗੈਂਗ ਅਜੇ ਵੀ ਸਰਗਰਮ ਹੈ।

ਸੁੱਖਾ ਕਾਲਵਾ ਗੈਂਗ 
ਥੋੜ੍ਹੇ ਸਮੇਂ ਵਿਚ ਜਿਹੇ ਵਕਤ ਵਿੱਚ ਵੱਡਾ ਨਾਂ ਕਮਾਉਣ ਵਾਲਾ ਸੁੱਖਾ ਕਾਲਵਾ ਖੁਦ ਨੂੰ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰੱਖਦਾ ਸੀ ਅਤੇ ਉਸ ਦੇ ਫਾਲੋਅਰਜ਼ ਦੀ ਗਿਣਤੀ ਵੀ ਸਭ ਤੋਂ ਵੱਧ ਸੀ। ਉਹ ਕਈ ਵਾਰ ਪੁਲਸ ਦੀ ਗ੍ਰਿਫ਼ਤ ’ਚੋਂ ਫ਼ਰਾਰ ਹੋ ਗਿਆ ਸੀ ਪਰ ਵਿੱਕੀ ਗੌਂਡਰ ਗੈਂਗ ਨੇ ਆਪਣੇ ਦੋਸਤ ਦੇ ਕਤਲ ਦਾ ਬਦਲਾ ਲੈਣ ਲਈ ਸੁੱਖਾ ਕਾਲਵਾ ਨੂੰ ਅਦਾਲਤ ’ਚੋਂ ਪੇਸ਼ੀ ਕਰਨ ਤੋਂ ਬਾਅਦ ਜੇਲ੍ਹ ਜਾਂਦੇ ਸਮੇਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।

ਗੁਰਬਖਸ਼ ਸੇਵੇਵਾਲਾ ਗੈਂਗ
2015 ਵਿਚ ਮਾਰੇ ਗਏ ਗੈਂਗਸਟਰ ਰਣਜੀਤ ਸੇਵੇਵਾਲਾ ਦਾ ਭਰਾ ਗੁਰਬਖਸ਼ ਸੇਵੇਵਾਲਾ ਆਵੇਸ਼ ਅਗੇਨ ਨੂੰ ਜੇਲ੍ਹ ਤੋਂ ਚਲਾ ਰਿਹਾ ਹੈ।

ਚੱਠਾ ਗੈਂਗ
ਬਟਾਲਾ ਦਾ ਰਹਿਣ ਵਾਲਾ ਸੁਖਪ੍ਰੀਤ ਸਿੰਘ ਉਰਫ ਚੱਠਾ ਗੈਂਗ ਮਾਝਾ ਅਤੇ ਉੱਤਰ ਪ੍ਰਦੇਸ਼ ਵਿਚ ਸਰਗਰਮ ਹੈ। ਗੋਪੀ ਘਨਸ਼ਿਆਮਪੁਰੀਆ ਇਸ ਗਿਰੋਹ ਦਾ ਦੂਜਾ ਵੱਡਾ ਨਾਮ ਹੈ। ਮੋਸਟ ਵਾਂਟੇਡ ਦੀ ਸੂਚੀ ਵਿਚ ਸ਼ਾਮਲ ਇਹ ਦੋਵੇਂ ਨਾਮ ਪੁਲਸ ਰਿਕਾਰਡ ਵਿਚ ਫਿਰੋਤੀ, ਅਗਵਾ, ਕਤਲ ਦੇ ਕਈ ਮਾਮਲਿਆਂ ਵਿੱਚ ਦਰਜ ਹਨ।

ਗੈਂਗਸਟਰਾਂ ’ਤੇ ਸਿਕੰਜ਼ਾ ਕੱਸਣ ਲਈ ਟਾਸਕ ਫੋਰਸ ਨੂੰ ਬਣਾਉਣੀ ਹੋਵੇਗੀ ਠੋਸ ਰਣਨੀਤੀ : 
ਪੰਜਾਬ ਵਿਚ ਗੈਂਗਸਟਰਾਂ ਦੀਆਂ ਵੱਧ ਰਹੀਆਂ ਗਤੀਵਿਧੀਆਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਬਣਾਈ ਗਈ ਐਂਟੀ ਗੈਂਗਸਟਰ ਟਾਸਕ ਫੋਰਸ ਨੂੰ ਠੋਸ ਰਣਨੀਤੀ ਬਣਾਉਣੀ ਪਵੇਗੀ ਤਾਂ ਜੋ ਸੂਬੇ ਵਿੱਚ ਇਨ੍ਹਾਂ ਗੈਂਗਸਟਰਾਂ ਵਲੋਂ ਕੀਤੀਆਂ ਜਾ ਰਹੀਆਂ ਵਾਰਦਾਤਾਂ ਨੂੰ ਕਾਬੂ ਕੀਤਾ ਜਾ ਸਕੇ। ਪੁਲਸ ਨੂੰ ਗੈਂਗਸਟਰ ਵਲੋਂ ਮੰਗੀ ਜਾ ਰਹੀ ਪ੍ਰੋਟੈਕਸਨ ਮਨੀ ’ਤੇ ਕੁਝ ਸਖ਼ਤ ਕਦਮ ਚੁੱਕਣੇ ਪੈਣਗੇ ਤਾਂ ਜੋ ਇਹ ਗਿਰੋਹ ਕਿਸੇ ਨੂੰ ਡਰਾ ਧਮਕਾ ਕੇ ਉਨ੍ਹਾਂ ਦੀ ਮਿਹਨਤ ਦੀ ਕਮਾਈ ਲੁੱਟ ਨਾ ਸਕੇ।


author

rajwinder kaur

Content Editor

Related News