ਪੰਜਾਬ ''ਚ ਵੱਡੀਆਂ ਵਾਰਦਾਤਾਂ ਕਰਨ ਵਾਲਾ ਗੈਂਗ ਭਾਰੀ ਅਸਲੇ ਸਣੇ ਗ੍ਰਿਫਤਾਰ

11/21/2019 5:21:26 PM

ਬਟਾਲਾ (ਬੇਰੀ) : ਬਟਾਲਾ ਪੁਲਸ ਨੇ ਹਥਿਆਰਾਂ ਦੀ ਨੋਕ 'ਤੇ ਲੁੱਟ ਅਤੇ ਇਰਾਦਾ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 5 ਮੈਂਬਰੀ ਖਤਰਨਾਕ ਗੈਂਗ ਨੂੰ ਭਾਰੀ ਮਾਤਰਾ 'ਚ ਅਸਲੇ ਅਤੇ ਨਸ਼ੇ ਵਾਲੇ ਪਦਾਰਥ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਪੁਲਸ ਲਾਈਨ ਬਟਾਲਾ ਵਿਖੇ ਆਯੋਜਿਤ ਕੀਤੀ ਗਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਨ ਲਈ ਵਿਸ਼ੇਸ਼ ਤੌਰ 'ਤੇ ਪਹੁੰਚੇ ਆਈ. ਜੀ. ਬਾਰਡਰ ਰੇਂਜ ਅੰਮ੍ਰਿਤਸਰ ਸੁਰਿੰਦਰਪਾਲ ਸਿੰਘ ਪਰਮਾਰ ਨੇ ਦੱਸਿਆ ਕਿ ਐੱਸ. ਐੱਸ. ਪੀ. ਉਪਿੰਦਰਜੀਤ ਸਿੰਘ ਘੁੰਮਣ ਦੇ ਨਿਰਦੇਸ਼ਾਂ ਮੁਤਾਬਕ ਅਪਰਾਧਿਕ ਅਕਸ ਵਾਲੇ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਥਾਣਾ ਸਿਟੀ ਦੇ ਐੱਸ. ਐੱਚ. ਓ. ਸਿਟੀ ਸੁਖਵਿਦਰ ਸਿੰਘ ਨੇ ਡੀ. ਐੱਸ. ਪੀ. ਸਿਟੀ ਬੀ. ਕੇ. ਸਿੰਗਲਾ ਦੀ ਅਗਵਾਈ ਹੇਠ ਪੁਲਸ ਪਾਰਟੀ ਸਮੇਤ ਪੁਲ ਹੰਸਲੀ ਬੈਂਕ ਕਾਲੋਨੀ ਵਿਖੇ ਕੀਤੀ ਗਈ ਵਿਸ਼ੇਸ਼ ਨਾਕੇਬੰਦੀ ਦੌਰਾਨ ਗੁਪਤ ਸੂਚਨਾ ਦੇ ਆਧਾਰ 'ਤੇ 5 ਮੈਂਬਰੀ ਖਤਰਨਾਕ ਗੈਂਗ ਜੋ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਹਥਿਆਰਾਂ ਦੀ ਨੋਕ 'ਤੇ ਲੁੱਟ-ਖੋਹ ਅਤੇ ਇਰਾਦਾ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਨਾਲ-ਨਾਲ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਕਰਨ ਦਾ ਵੀ ਕਾਰੋਬਾਰ ਕਰਦਾ ਹੈ, ਨੂੰ ਭਾਰੀ ਜੱਦੋ-ਜਹਿਦ ਕਰਦੇ ਹੋਏ ਅਸਲੇ ਅਤੇ ਨਸ਼ੇ ਵਾਲੇ ਪਦਾਰਥ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ।

ਆਈ. ਜੀ. ਪਰਮਾਰ ਨੇ ਅੱਗੇ ਦੱਸਿਆ ਕਿ ਫੜੇ ਗਏ ਖਤਰਨਾਕ ਗੈਂਗ ਦੇ ਪੰਜ ਮੈਂਬਰ ਜਿੰਨ੍ਹਾਂ ਦੀ ਪਛਾਣ ਅਜੇ ਉਰਫ ਅੱਜੂ ਮਸੀਹ ਪੁੱਤਰ ਤਰਸੇਮ ਮਸੀਹ ਵਾਸੀ ਰਵੱਈਆ ਡੁੱਬਗੜ੍ਹ ਥਾਣਾ ਬਿਆਸ, ਨਵਜੋਤ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਬੁੱਟਰ ਸਿਵਿਆ ਥਾਣਾ ਮਹਿਤਾ, ਜੁਗਰਾਜ ਸਿੰਘ ਪੁੱਤਰ ਹੀਰਾ ਸਿੰਘ ਵਾਸੀ ਚੰਨਣਕੇ ਥਾਣਾ ਮਹਿਤਾ ਅਤੇ ਪ੍ਰਭਜੋਤ ਸਿੰਘ ਪੁੱਤਰ ਇੰਦਰਜੀਤ ਸਿੰਘ ਵਾਸੀ ਅਲੀਵਾਲ ਰੋਡ ਬਟਾਲਾ ਅਤੇ ਗੁਰਵਿੰਦਰ ਸਿੰਘ ਉਰਫ ਬਾਬਾ ਪੁੱਤਰ ਅਜੀਤ ਸਿੰਘ ਨਿਵਾਸੀ ਚਣਕੇ ਵਜੋਂ ਹੋਈ, ਤੋਂ ਕੁੱਲ 8 ਪਿਸਤੌਲਾਂ (ਜਿਨ੍ਹਾਂ 'ਚ 6 ਪਿਸਤੌਲਾਂ 32 ਬੋਰ, 1 ਪਿਸਤੌਲ 30 ਬੋਰ ਅਤੇ 1 ਪਿਸਤੌਲ 315 ਬੋਰ ਸ਼ਾਮਲ ਹਨ), ਇਕ 12 ਬੋਰ ਰਾਈਫਲ, ਇਕ 315 ਬੋਰ ਰਾਈਫਲ, ਦੋ ਕੰਪਿਊਟਰ ਕੰਡੇ, 260 ਗ੍ਰਾਮ ਹੈਰੋਇਨ, 2 ਕਾਰਾਂ ਬਰਾਮਦ ਕੀਤੀਆਂ ਗਈਆਂ ਹਨ। ਆਈ. ਜੀ. ਪਰਮਾਰ ਨੇ ਦੱਸਿਆ ਕਿ ਦੌਰਾਨੇ ਤਫਤੀਸ਼ ਉਕਤ ਕਥਿਤ ਦੋਸ਼ੀਆਂ ਨੇ ਮੰਨਿਆ ਹੈ ਕਿ ਉਨ੍ਹਾਂ ਵਿਰੁੱਧ ਪਹਿਲਾਂ ਹੀ ਲੁੱਟ-ਮਾਰ ਕਰਨ, ਇਰਾਦਾ ਕਤਲ, ਅਸਲਾ ਐਕਟ ਅਤੇ ਨਸ਼ੇ ਵਾਲੇ ਪਦਾਰਥਾਂ ਦੇ ਕੇਸ ਦਰਜ ਹਨ ਅਤੇ ਉਹ ਵੱਖ-ਵੱਖ ਵਾਰਦਾਤਾਂ 'ਚ ਵੱਖ-ਵੱਖ ਥਾਣਿਆਂ 'ਚ ਲੋੜੀਂਦੇ ਹਨ।

ਆਈ. ਜੀ. ਨੇ ਅੱਗੇ ਦੱਸਿਆ ਕਿ ਕਥਿਤ ਦੋਸ਼ੀ ਅਜੇ ਉਰਫ ਅੱਜੂ ਮਸੀਹ ਵਿਰੁੱਧ 16, ਨਵਜੋਤ ਸਿੰਘ ਵਿਰੁੱਧ 17, ਗੁਰਵਿੰਦਰ ਸਿੰਘ ਉਰਫ ਬਾਬਾ ਸਿੰਘ ਵਿਰੁੱਧ 4 ਅਤੇ ਜੁਗਰਾਜ ਸਿੰਘ ਤੇ ਪ੍ਰਭਜੋਤ ਸਿੰਘ ਉਰਫ ਲੱਕੀ ਵਿਰੁੱਧ ਇਕ-ਇਕ ਮੁਕੱਦਮਾ ਦਰਜ ਹੈ। ਆਈ. ਜੀ. ਪਰਮਾਰ ਮੁਤਾਬਕ ਅਜੇ ਉਰਫ ਅੱਜੂ ਨੇ ਆਪਣੇ ਤਿੰਨ ਹੋਰ ਸਾਥੀਆਂ ਨਾਲ ਮਿਲ ਕੇ ਆਪਣੇ ਪਿੰਡ ਦੇ ਸ਼ਿਵ ਸੈਨਾ ਦੇ ਪ੍ਰਧਾਨ ਮਨਜੀਤ ਸਿੰਘ ਉੱਪਰ ਗੋਲੀਆਂ ਚਲਾ ਕੇ ਜਾਨਲੇਵਾ ਹਮਲਾ ਕੀਤਾ ਸੀ, ਜਿਸ 'ਤੇ ਮੁਕੱਦਮਾ ਥਾਣਾ ਬਿਆਸ 'ਚ ਦਰਜ ਹੈ। ਆਈ. ਜੀ. ਪਰਮਾਰ ਮੁਤਾਬਕ ਉਕਤ ਫੜੇ ਗਏ ਕਥਿਤ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰ ਕੇ ਇਨ੍ਹਾਂ ਦਾ ਰਿਮਾਂਡ ਲੈ ਕੇ ਹੋਰ ਪੁੱਛਗਿਛ ਕੀਤੀ ਜਾਵੇਗੀ ਅਤੇ ਇਨ੍ਹਾਂ ਕੋਲੋਂ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।


Gurminder Singh

Content Editor

Related News