ਫਗਵਾੜਾ ''ਚ ਸਕੂਲ ਜਾ ਰਹੀ 10ਵੀਂ ਦੀ ਵਿਦਿਆਰਥਣ ਨੂੰ ਅਗਵਾ ਕਰ ਕੇ ਕੀਤਾ ਗੈਂਗਰੇਪ

Thursday, May 16, 2019 - 01:42 AM (IST)

ਫਗਵਾੜਾ ''ਚ ਸਕੂਲ ਜਾ ਰਹੀ 10ਵੀਂ ਦੀ ਵਿਦਿਆਰਥਣ ਨੂੰ ਅਗਵਾ ਕਰ ਕੇ ਕੀਤਾ ਗੈਂਗਰੇਪ

ਫਗਵਾੜਾ, (ਜਲੋਟਾ, ਹਰਜੋਤ)-ਫਗਵਾੜਾ ਵਿਚ ਵਾਪਰੀ ਸ਼ਰਮਨਾਕ ਘਟਨਾ ਵਿਚ ਸਰਕਾਰੀ ਹਾਈ ਸਕੂਲ ਵਿਚ 10ਵੀਂ ਕਲਾਸ ਵਿਚ ਪੜ੍ਹ ਰਹੀ ਨਾਬਾਲਗ ਵਿਦਿਆਰਥਣ ਦਾ ਦਿਨ-ਦਿਹਾੜੇ 4 ਕਾਰ ਸਵਾਰ ਨੌਜਵਾਨਾਂ ਵਲੋਂ ਅਗਵਾ ਕਰ ਕੇ ਉਸ ਨਾਲ ਸਮੂਹਿਕ ਜਬਰ-ਜ਼ਨਾਹ ਕਰਨ ਦੀ ਸਨਸਨੀਖੇਜ਼ ਸੂਚਨਾ ਮਿਲੀ ਹੈ। ਉਕਤ ਮਾਮਲੇ ਦੀ ਜਾਂਚ ਕਰ ਰਹੇ ਪੁਲਸ ਥਾਣਾ ਰਾਵਲਪਿੰਡੀ ਦੇ ਸਹਾਇਕ ਸਬ ਇੰਸਪੈਕਟਰ ਅਸ਼ੋਕ ਕੁਮਾਰ ਨੇ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਪੁਲਸ ਨੇ ਚਾਰਾਂ ਮੁਲਜ਼ਮਾਂ ਜਿਨ੍ਹਾਂ ਵਿਚ 2 ਸਕੇ ਭਰਾ ਸ਼ਾਮਲ ਹਨ, ਜਿਨ੍ਹਾਂ ਦੀ ਪਛਾਣ ਹਰਜੋਤ ਸਿੰਘ, ਗੁਰਵਿੰਦਰ ਸਿੰਘ ਪੁੱਤਰ ਸੁਖਵਿੰਦਰ ਸਿੰਘ, ਸੰਦੀਪ ਸਿੰਘ ਪੁੱਤਰ ਅਵਤਾਰ ਸਿੰਘ ਤੇ ਗੋਪੀ ਸਾਰੇ ਵਾਸੀ ਪਿੰਡ ਸਾਹਨੀ ਤਹਿਸੀਲ ਫਗਵਾੜਾ ਸ਼ਾਮਲ ਹੈ, ਦੇ ਵਿਰੁੱਧ ਧਾਰਾ 376-ਡੀ, 3, 4, 5, ਪੋਸਕੋ ਐਕਟ ਦੇ ਤਹਿਤ ਪੁਲਸ ਕੇਸ ਦਰਜ ਕਰ ਕੇ ਦੇਰ ਰਾਤ ਇਨ੍ਹਾਂ ਵਿਚੋਂ 3 ਮੁਲਜ਼ਮਾਂ ਹਰਜੋਤ ਸਿੰਘ, ਗੁਰਵਿੰਦਰ ਸਿੰਘ ਤੇ ਸੰਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ।

ਉਨ੍ਹਾਂ ਦੱਸਿਆ ਕਿ ਪੀੜਤਾ ਨੇ ਪੁਲਸ ਕੋਲ ਖੁਲਾਸਾ ਕੀਤਾ ਹੈ ਕਿ ਉਹ ਸਕੂਲ ਜਾਣ ਲਈ ਬੱਸ ਸਟੈਂਡ ਪਿੰਡ ਸਾਹਨੀ ’ਤੇ ਖੜ੍ਹੀ ਸੀ ਅਚਾਨਕ ਉਕਤ 4 ਮੁਲਜ਼ਮ ਨੌਜਵਾਨ ਸਫੈਦ ਰੰਗ ਦੀ ਕਾਰ ਵਿਚ ਸਵਾਰ ਹੋ ਕੇ ਉਸ ਕੋਲ ਰੁਕੇ ਅਤੇ ਗੱਲਾਂ ਹੀ ਗੱਲਾਂ ਵਿਚ ਉਸ ਨੂੰ ਭਰੋਸਾ ਦਿੱਤਾ ਕਿ ਉਹ ਵੀ ਉਸ ਦੇ ਸਕੂਲ ਤਕ ਜਾ ਰਹੇ ਹਨ। ਪੀੜਤਾ ਉਕਤ ਨੌਜਵਾਨਾਂ ਦੀਆਂ ਗੱਲਾਂ ਵਿਚ ਫਸ ਗਈ ਅਤੇ ਭਰੋਸਾ ਕਰ ਕੇ ਉਨ੍ਹਾਂ ਦੀ ਕਾਰ ਵਿਚ ਬੈਠ ਗਈ। ਇਸ ਤੋਂ ਬਾਅਦ ਦੋਸ਼ੀ ਨੌਜਵਾਨ ਉਸ ਨੂੰ ਪਿੰਡ ਸਾਹਨੀ ਵਿਚ ਸਥਿਤ ਇਕ ਅਣਪਛਾਤੇ ਘਰ ਵਿਚ ਲੈ ਗਏ ਜਿਥੇ ਸਾਰਿਆਂ ਨੇ ਵਾਰੀ-ਵਾਰੀ ਉਸ ਨਾਲ ਕਈ ਵਾਰ ਸਮੂਹਿਕ ਜਬਰ-ਜ਼ਨਾਹ ਕੀਤਾ। ਇਸ ਤੋਂ ਬਾਅਦ ਮੁਲਜ਼ਮ ਨੌਜਵਾਨ ਉਸ ਨੂੰ ਗੰਭੀਰ ਹਾਲਤ ਵਿਚ ਪਿੰਡ ਸਾਹਨੀ ਤੋਂ ਦੂਰ ਫਗਵਾੜਾ ਸ਼ਹਿਰ ਦੇ ਕਰੀਬ ਸੜਕ ’ਤੇ ਉਤਾਰ ਕੇ ਇਹ ਧਮਕੀਆਂ ਦੇ ਕੇ ਚਲੇ ਗਏ ਕਿ ਜੇ ਉਸ ਨੇ ਕਿਸੇ ਨੂੰ ਉਕਤ ਮਾਮਲੇ ਦੀ ਜਾਣਕਾਰੀ ਦਿੱਤੀ ਤਾਂ ਉਸ ਦੇ ਨਤੀਜੇ ਖਤਰਨਾਕ ਹੋਣਗੇ। ਸਹਾਇਕ ਸਬ ਇੰਸਪੈਕਟਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਪੁਲਸ ਵਲੋਂ ਮਾਮਲੇ ਵਿਚ ਸ਼ਾਮਲ ਚੌਥੇ ਮੁਲਜ਼ਮ ਨੌਜਵਾਨ ਗੋਪੀ ਦੀ ਤਲਾਸ਼ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਸ ਵਲੋਂ ਗ੍ਰਿਫਤਾਰ ਕੀਤੇ ਗਏ 3 ਦੋਸ਼ੀਆਂ ਨੂੰ 16 ਮਈ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ।


author

DILSHER

Content Editor

Related News