ਮੱਧ ਪ੍ਰਦੇਸ਼ ਤੋਂ ਪੰਜਾਬ ’ਚ ਨਾਜਾਇਜ਼ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਗੈਂਗ ਦਾ ਪਰਦਾਫਾਸ਼, 2 ਗ੍ਰਿਫ਼ਤਾਰ
Wednesday, Dec 13, 2023 - 03:57 PM (IST)
ਜਲੰਧਰ (ਸੁਧੀਰ) : ਮੱਧ ਪ੍ਰਦੇਸ਼ ਤੋਂ ਪੰਜਾਬ ’ਚ ਨਾਜਾਇਜ਼ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਇਕ ਗੈਂਗ ਦਾ ਪਰਦਾਫਾਸ਼ ਕਰਦੇ ਹੋਏ 2 ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਗਿਰੋਹ ਦੇ ਫੜੇ ਗਏ ਮੈਂਬਰਾਂ ਤੋਂ ਪੁਲਸ ਨੇ .32 ਬੋਰ ਦੇ 10 ਦੇਸੀ ਪਿਸਤੌਲ ਅਤੇ 10 ਮੈਗਜ਼ੀਨ ਬਰਾਮਦ ਕੀਤੇ ਹਨ। ਪੁਲਸ ਕਮਿਸ਼ਨਰ ਸਵਪਨ ਸ਼ਰਮਾ ਤੇ ਡੀ. ਸੀ. ਪੀ. ਇਨਵੈਸਟੀਗੇਸ਼ਨ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਸੀ. ਆਈ. ਏ. ਸਟਾਫ ਦੀ ਟੀਮ ਪਰਾਗਪੁਰ ਨੇੜੇ ਚੈਕਿੰਗ ਸਬੰਧੀ ਮੌਜੂਦ ਸੀ। ਇਸੇ ਦੌਰਾਨ ਪੁਲਸ ਨੂੰ ਗੁਪਤ ਸੂਚਨਾ ਮਿਲੀ ਕਿ ਅਜੀਤਪਾਲ ਸਿੰਘ ਉਰਫ ਸ਼ਾਲੂ ਪੁੱਤਰ ਹਰਬੰਤ ਸਿੰਘ ਅਤੇ ਦਿਲਪ੍ਰੀਤ ਸਿੰਘ ਉਰਫ਼ ਦਿਲ ਪੁੱਤਰ ਗੁਰਨਾਮ ਸਿੰਘ ਦੋਵੇਂ ਨਿਵਾਸੀ ਫਤਹਿਗੜ੍ਹ ਚੂੜੀਆਂ, ਜ਼ਿਲਾ ਗੁਰਦਾਸਪੁਰ, ਜਿਹੜੇ ਕਿ ਮੱਧ ਪ੍ਰਦੇਸ਼ ਤੋਂ ਨਾਜਾਇਜ਼ ਹਥਿਆਰ ਲਿਆ ਕੇ ਪੰਜਾਬ ਵਿਚ ਸਪਲਾਈ ਕਰਦੇ ਹਨ, ਅੱਜ ਵੀ ਨਾਜਾਇਜ਼ ਹਥਿਆਰਾਂ ਦੀ ਸਪਲਾਈ ਦੇਣ ਲਈ ਪਰਾਗਪੁਰ ਵੱਲ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਪੁਲਸ ਪਾਰਟੀ ਮੈਗਡੋਨਲਡ ਨੇੜੇ ਨਾਕਾਬੰਦੀ ਦੌਰਾਨ ਸ਼ੱਕੀ ਲੋਕਾਂ ਦੀ ਸਖ਼ਤੀ ਨਾਲ ਚੈਕਿੰਗ ਕਰ ਰਹੀ ਸੀ। ਇਸੇ ਦੌਰਾਨ ਪੁਲਸ ਨੇ 2 ਮੁਲਜ਼ਮਾਂ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ 10 ਦੇਸੀ ਪਿਸਤੌਲ ਅਤੇ 10 ਮੈਗਜ਼ੀਨ ਬਰਾਮਦ ਕਰ ਕੇ ਉਨ੍ਹਾਂ ਖ਼ਿਲਾਫ਼ ਥਾਣਾ ਕੈਂਟ ਵਿਚ ਮੁਕੱਦਮਾ ਨੰਬਰ 125 ਆਰਮਜ਼ ਐਕਟ ਤਹਿਤ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਕਾਬੂ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਦਿਲਪ੍ਰੀਤ ਸਿੰਘ ਉਰਫ ਦਿਲ ਤੋਂ 5 ਦੇਸੀ ਪਿਸਤੌਲ ਅਤੇ 5 ਮੈਗਜ਼ੀਨ, ਜਦੋਂ ਕਿ ਅਜੀਤਪਾਲ ਸਿੰਘ ਉਰਫ ਸ਼ਾਲੂ ਤੋਂ ਵੀ ਪੁਲਸ ਨੇ 5 ਦੇਸੀ ਪਿਸਤੌਲ ਅਤੇ 5 ਮੈਗਜ਼ੀਨ ਬਰਾਮਦ ਕੀਤੇ। ਉਨ੍ਹਾਂ ਦੱਸਿਆ ਕਿ ਫਿਲਹਾਲ ਕਾਬੂ ਮੁਲਜ਼ਮਾਂ ਤੋਂ ਪੁਲਸ ਵੱਲੋਂ ਪੁੱਛਗਿੱਛ ਜਾਰੀ ਹੈ। ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਕਾਬੂ ਮੁਲਜ਼ਮਾਂ ਤੋਂ ਪੁੱਛਗਿੱਛ ਵਿਚ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਪੁਲਸ ਕਮਿਸ਼ਨਰ ਨੇ ਦੱਸਿਆ ਕਿ ਕਾਬੂ ਮੁਲਜ਼ਮਾਂ ਦੀ ਉਮਰ ਲਗਭਗ 23 ਸਾਲ ਹੈ ਅਤੇ ਦੋਵਾਂ ਨੇ ਪੜ੍ਹਾਈ ਵੀ ਇਕੱਠਿਆਂ ਕੀਤੀ ਹੈ।
ਇਹ ਵੀ ਪੜ੍ਹੋ : ਠੰਡ ਵਧਦੇ ਹੀ ਸਵਾਈਨ ਫਲੂ ਨੂੰ ਲੈ ਕੇ ਸਿਹਤ ਵਿਭਾਗ ਅਲਰਟ, ਦਿਸ਼ਾ-ਨਿਰਦੇਸ਼ ਜਾਰੀ
ਹਥਿਆਰ ਲੈਣ ਅੰਮ੍ਰਿਤਸਰ ਤੋਂ ਦਿੱਲੀ ਬੱਸ ਵਿਚ ਗਏ ਸਨ ਮੁਲਜ਼ਮ
ਪੁਲਸ ਕਮਿਸ਼ਨਰ ਸਵਪਨ ਸ਼ਰਮਾ ਅਤੇ ਡੀ. ਸੀ. ਪੀ. ਇਨਵੈਸਟੀਗੇਸ਼ਨ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਫਿਲਹਾਲ ਪੁੱਛਗਿੱਛ ਦੌਰਾਨ ਪੁਲਸ ਨੂੰ ਪਤਾ ਲੱਗਾ ਹੈ ਕਿ ਕਾਬੂ ਮੁਲਜ਼ਮ ਅਜੀਤਪਾਲ ਅਤੇ ਦਿਲਪ੍ਰੀਤ ਦੋਵੇਂ 5 ਦਸੰਬਰ ਦੀ ਅੱਧੀ ਰਾਤ ਨੂੰ ਬੱਸ ’ਤੇ ਅੰਮ੍ਰਿਤਸਰ ਤੋਂ ਦਿੱਲੀ ਗਏ ਅਤੇ ਉਥੋਂ ਮੱਧ ਪ੍ਰਦੇਸ਼ ਦੇ ਸ਼ਹਿਰ ਇੰਦੌਰ ਗਏ। ਉਥੇ ਪਹੁੰਚ ਕੇ ਉਨ੍ਹਾਂ ਨੂੰ ਆਪਣੇ ਜਾਣਕਾਰ ਨਾਲ ਸੰਪਰਕ ਕੀਤਾ ਅਤੇ ਉਥੋਂ .32 ਬੋਰ ਦੇ ਪਿਸਤੌਲ ਲੈ ਕੇ ਆਏ। ਉਨ੍ਹਾਂ ਕਿਹਾ ਕਿ ਵਾਪਸੀ ਦੇ ਸਮੇਂ ਮੁਲਜ਼ਮ ਬੱਸ ਜ਼ਰੀਏ ਹੀ ਵਾਪਸ ਆ ਰਹੇ ਸਨ। ਜਲੰਧਰ ਦੇ ਪਰਾਗਪੁਰ ਪਹੁੰਚਣ ’ਤੇ ਦੋਵੇਂ ਮੁਲਜ਼ਮ ਬੱਸ ਵਿਚੋਂ ਹੇਠਾਂ ਉਤਰ ਕੇ ਕਿਸੇ ਹੋਰ ਸਾਧਨ ਦੀ ਉਡੀਕ ਕਰ ਰਹੇ ਸਨ। ਇਸੇ ਦੌਰਾਨ ਪੁਲਸ ਪਾਰਟੀ ਨੇ ਸ਼ੱਕ ਦੇ ਆਧਾਰ ’ਤੇ ਦੋਵਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ ਨਾਜਾਇਜ਼ ਹਥਿਆਰਾਂ ਦੀ ਖੇਪ ਬਰਾਮਦ ਹੋਈ।
ਇਹ ਵੀ ਪੜ੍ਹੋ : ਸ੍ਰੀ ਮੁਕਤਸਰ ਸਾਹਿਬ ’ਚ ‘ਆਪ’ ਆਗੂ ’ਤੇ ਚੱਲੀਆਂ ਗੋਲੀਆਂ
ਮੱਧ ਪ੍ਰਦੇਸ਼ ਤੋਂ ਖਰੀਦਦੇ ਸਨ 22 ਹਜ਼ਾਰ ’ਚ ਪਿਸਤੌਲ
ਉਨ੍ਹਾਂ ਦੱਸਿਆ ਕਿ ਕਾਬੂ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਮੱਧ ਪ੍ਰਦੇਸ਼ ’ਚੋਂ ਇਕ ਪਿਸਤੌਲ 22000 ਦੀ ਖਰੀਦ ਕੇ ਲਿਆਏ ਸਨ ਅਤੇ ਉਨ੍ਹਾਂ ਉਕਤ ਨਾਜਾਇਜ਼ ਪਿਸਤੌਲ ਪੰਜਾਬ ਅਤੇ ਨੇੜਲੇ ਇਲਾਕਿਆਂ ਵਿਚ 70-80 ਹਜ਼ਾਰ ਵਿਚਕਾਰ ਵੇਚਣੀ ਸੀ।
ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਗੈਂਗਸਟਰ ਵੀ ਖਰੀਦਦੇ ਹਨ ਮੱਧ ਪ੍ਰਦੇਸ਼ ਤੋਂ ਨਾਜਾਇਜ਼ ਹਥਿਆਰ
ਪੁਲਸ ਕਮਿਸ਼ਨਰ ਨੇ ਦੱਸਿਆ ਕਿ ਕਾਬੂ ਮੁਲਜ਼ਮਾਂ ਨੇ ਪੁੱਛਗਿੱਛ ਵਿਚ ਦੱਸਿਆ ਕਿ ਮੱਧ ਪ੍ਰਦੇਸ਼ (ਇੰਦੌਰ) ਤੋਂ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਕਈ ਗੈਂਗਸਟਰ ਅਤੇ ਕਈ ਹੋਰ ਗੈਰ-ਸਮਾਜੀ ਅਨਸਰ ਵੀ ਨਾਜਾਇਜ਼ ਹਥਿਆਰ ਖਰੀਦ ਕੇ ਲਿਆਉਂਦੇ ਹਨ। ਉਨ੍ਹਾਂ ਦੱਸਿਆ ਕਿ ਫਿਲਹਾਲ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਚਾਇਤੀ ਚੋਣਾਂ ਨੂੰ ਲੈ ਕੇ ਤਿਆਰੀਆਂ ਜ਼ੋਰਾਂ ’ਤੇ, ਵੋਟਰ ਸੂਚੀਆਂ ਦੀ ਸੁਧਾਈ ਤੇ ਪ੍ਰਕਾਸ਼ਨਾ ਦਾ ਅਮਲ ਸ਼ੁਰੂ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8