ਦੇਖੋ ਜੂਏ ਦੇ ਸ਼ੌਂਕੀਨ ਨੇ ਦਾਜ ’ਚ ਮਿਲੀ ਕਾਰ ਤੇ ਹੋਰ ਕੀ ਕੁਝ ਹਾਰਿਆ !
Saturday, Nov 10, 2018 - 05:26 PM (IST)

ਬਟਾਲਾ— ਨਵੇਂ ਵਿਆਹੇ ਨੌਜਵਾਨ ਨੂੰ ਜੂਆ ਖੇਡਣ ਦਾ ਸ਼ੌਂਕ ਉਸ ਸਮੇਂ ਭਾਰੀ ਪੈ ਗਿਆ ਜਦੋਂ ਉਹ ਵਿਆਹ 'ਚ ਮਿਲੀ ਸਵਿੱਫਟ ਕਾਰ ਸਮੇਤ ਸੋਨੇ ਦੇ ਗਹਿਣੇ ਜੂਏ 'ਚ ਹਾਰ ਗਿਆ। ਮਿਲੀ ਜਾਣਕਾਰੀ ਮੁਤਾਬਕ ਬਟਾਲਾ ਵਿਖੇ ਪੌਸ਼ ਕਾਲੋਨੀ 'ਚ ਬੀਤੀ ਰਾਤ ਘਰ ਦੇ ਅੰਦਰ ਕੁਝ ਅਮੀਰ ਨੌਜਵਾਨਾਂ ਵੱਲੋਂ ਜੂਆ ਖੇਡਿਆ ਗਿਆ, ਜਿਨ੍ਹਾਂ 'ਚ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਖੇਤਰ ਦਾ ਰਹਿਣ ਸੰਜੇ ਕੁਮਾਰ (27) ਸ਼ਾਮਲ ਸੀ। ਜੂਏ ਦੌਰਾਨ ਉਹ ਆਪਣੀ ਸਵਿੱਫਟ ਕਾਰ, 25 ਹਜ਼ਾਰ ਰੁਪਏ, ਤਿੰਨ ਤੋਲੇ ਸੋਨੇ ਦਾ ਕੜਾ ਅਤੇ ਡੇਢ ਤੋਲੇ ਸੋਨੇ ਦੀ ਮੁੰਦਰੀ ਹਾਰ ਗਿਆ।
ਇਹ ਸਾਰੀਆਂ ਚੀਜ਼ਾਂ ਉਸ ਨੂੰ 24 ਅਕਤੂਬਰ ਨੂੰ ਹੋਏ ਉਸ ਦੇ ਵਿਆਹ ਸਮੇਂ ਸਹੁਰਿਆਂ ਤੋਂ ਦਾਜ 'ਚ ਮਿਲੀਆਂ ਸਨ। ਇਸ ਬਾਰੇ ਜਾਣਕਾਰੀ ਮਿਲਣ 'ਤੇ ਨੌਜਵਾਨ ਦੀਆਂ ਰਿਸ਼ਤੇਦਾਰ ਕੁਝ ਔਰਤਾਂ ਨੇ ਬੀਤੇ ਦਿਨ ਬਟਾਲਾ 'ਚ ਰਹਿੰਦੇ ਉਸ ਵਿਅਕਤੀ ਦੇ ਘਰ ਮੂਹਰੇ ਨਾਅਰੇਬਾਜ਼ੀ ਕਰਦੇ ਹੋਏ ਰੋਸ ਮੁਜ਼ਾਹਰਾ ਕੀਤਾ। ਇਸ ਦੌਰਾਨ ਇਲਾਕੇ ਦੇ ਪਤਵੰਤਿਆਂ ਨੇ ਵਿਚੋਲਗੀ ਕੀਤੀ ਅਤੇ ਨੌਜਵਾਨ ਨੂੰ ਕਾਰ ਅਤੇ ਗਹਿਣੇ ਤਾਂ ਵਾਪਸ ਦਿਵਾ ਦਿੱਤੇ ਪਰ ਜੂਆ ਜਿੱਤਣ ਵਾਲੇ ਨੌਜਵਾਨ ਨੇ 25 ਹਜ਼ਾਰ ਰੁਪਏ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਸ 'ਚੋਂ ਕਾਫੀ ਸਾਰੀ ਰਾਸ਼ੀ ਉਹ ਖਰਚ ਚੁੱਕਾ ਸੀ। ਜੂਏ 'ਚ ਪੀੜਤ ਨੌਜਵਾਨ ਦੀ ਵੀ ਸ਼ਮੂਲੀਅਤ ਹੋਣ ਕਰਕੇ ਪੀੜਤ ਧਿਰ ਨੇ ਪੁਲਸ ਕੋਲ ਨਾ ਜਾਣਾ ਹੀ ਮੁਨਾਸਿਬ ਸਮਝਿਆ ਸੀ ਕਿਉਂਕਿ ਜੂਆ ਖੇਡਣ ਦੇ ਦੋਸ਼ 'ਚ ਉਨ੍ਹਾਂ ਨੇ ਵੀ ਕਾਨੂੰਨੀ ਲਪੇਟੇ 'ਚ ਆ ਜਾਣਾ ਸੀ।