ਕਾਂਗਰਸੀ ਸੰਸਦ ਮੈਂਬਰਾਂ ਨੇ ਕੇਂਦਰੀ ਮੰਤਰੀ ਸ਼ੇਖਾਵਤ ਨੂੰ ਘੱਗਰ ਬਾਰੇ ਦਿੱਤਾ ਮੰਗ ਪੱਤਰ

07/26/2019 4:44:27 PM

ਜਲੰਧਰ (ਧਵਨ) : ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰਾਂ ਨੇ ਵੀਰਵਾਰ ਨੂੰ ਦਿੱਲੀ 'ਚ ਕੇਂਦਰੀ ਜਲ ਸ਼ਕਤੀ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਨੂੰ ਘੱਗਰ ਦਰਿਆ ਬਾਰੇ ਮੰਗ ਪੱਤਰ ਦਿੱਤਾ, ਜਿਸ 'ਚ ਮੰਗ ਕੀਤੀ ਗਈ ਕਿ ਘੱਗਰ ਦਰਿਆ ਦੇ ਕੰਢੇ ਮਜ਼ਬੂਤ ਕੀਤੇ ਜਾਣ। ਘੱਗਰ ਦਰਿਆ ਕਾਰਣ ਪਟਿਆਲਾ ਅਤੇ ਸੰਗਰੂਰ ਜ਼ਿਲਿਆਂ ਦੇ ਕਈ ਖੇਤਰਾਂ 'ਚ ਹੜ੍ਹ ਆਇਆ ਹੋਇਆ ਹੈ। ਇਸ ਦਾ ਕਾਰਨ ਇਹ ਹੈ ਕਿ ਘੱਗਰ ਦਰਿਆ ਦੇ ਕੰਢੇ ਮਜ਼ਬੂਤ ਨਹੀਂ ਹਨ ਅਤੇ ਉਨ੍ਹਾਂ 'ਚ ਕਈ ਥਾਈਂ ਪਾੜ ਪੈ ਗਿਆ ਹੈ।

ਕੇਂਦਰੀ ਮੰਤਰੀ ਸ਼ੇਖਾਵਤ ਨਾਲ ਮੁਲਾਕਾਤ ਕਰਨ ਵਾਲਿਆਂ 'ਚ ਪ੍ਰਨੀਤ ਕੌਰ ਦੇ ਨਾਲ ਚੌਧਰੀ ਸੰਤੋਖ ਸਿੰਘ, ਗੁਰਜੀਤ ਸਿੰਘ ਔਜਲਾ, ਰਵਨੀਤ ਸਿੰਘ ਬਿੱਟੂ ਅਤੇ ਡਾ. ਅਮਰ ਸਿੰਘ ਵੀ ਸਨ। ਸ਼ੇਖਾਵਤ ਨੂੰ ਸੌਂਪੇ ਗਏ ਮੰਗ ਪੱਤਰ 'ਚ ਕਾਂਗਰਸੀ ਸੰਸਦ ਮੈਂਬਰਾਂ ਨੇ ਕਿਹਾ ਕਿ ਘੱਗਰ ਦਰਿਆ ਦਾ ਕੰਟਰੋਲ ਇਸ ਸਮੇਂ ਕੇਂਦਰੀ ਜਲ ਕਮਿਸ਼ਨ ਕੋਲ ਹੈ, ਇਸ ਲਈ ਇਸ ਦੇ ਕਿਨਾਰਿਆਂ ਨੂੰ ਮਜ਼ਬੂਤ ਕਰਨ ਦਾ ਕੰਮ ਕੇਂਦਰ ਸਰਕਾਰ ਨੇ ਹੀ ਸ਼ੁਰੂ ਕਰਨਾ ਹੈ। ਪੰਜਾਬ ਸਰਕਾਰ ਇਸ ਸਬੰਧੀ ਆਪਣਾ ਸਹਿਯੋਗ ਦੇਣ ਲਈ ਤਿਆਰ ਹੈ। ਉਨ੍ਹਾਂ ਕੇਂਦਰੀ ਮੰਤਰੀ ਨੂੰ ਦੱਸਿਆ ਕਿ ਭਾਰਤ ਸਰਕਾਰ ਨੂੰ ਕੇਂਦਰੀ ਜਲ ਕਮਿਸ਼ਨ ਨੂੰ ਨਿਰਦੇਸ਼ ਦੇਣੇ ਚਾਹੀਦੇ ਹਨ ਕਿ ਉਹ ਪੰਜਾਬ ਨੂੰ ਮਕਰੌਰ ਸਾਹਿਬ ਤੋਂ ਕਰੇਲ ਤਕ ਦੇ ਸਾਢੇ 17 ਕਿ. ਮੀ. ਖੇਤਰ 'ਚ ਕਿਨਾਰੇ ਮਜ਼ਬੂਤ ਬਣਾਉਣ ਦੇ ਦੂਜੇ ਪੜਾਅ ਦਾ ਕੰਮ ਸ਼ੁਰੂ ਕਰਨ ਦੀ ਤੁਰੰਤ ਆਗਿਆ ਪ੍ਰਦਾਨ ਕਰੇ। ਸ਼ੇਖਾਵਤ ਨੇ ਭਰੋਸਾ ਦਿੱਤਾ ਕਿ ਉਹ ਇਸ ਸਬੰਧੀ ਕੇਂਦਰੀ ਜਲ ਕਮਿਸ਼ਨ ਨਾਲ ਗੱਲਬਾਤ ਕਰਨਗੇ ਅਤੇ ਇਸ ਦਾ ਸਭ ਨੂੰ ਮੰਨਣਯੋਗ ਹੱਲ ਲੱਭਣ ਦੀ ਕੋਸ਼ਿਸ਼ ਕਰਨਗੇ।


Anuradha

Content Editor

Related News