ਸਸਕਾਰ ਲਈ ਨਹੀਂ ਸੀ ਪੈਸੇ, ਪੁੱਤ ਦੀ ਲਾਸ਼ ਛੱਡ ਫਰਾਰ ਹੋਏ ਮਾਂ-ਬਾਪ

Tuesday, Oct 15, 2019 - 01:00 PM (IST)

ਸਸਕਾਰ ਲਈ ਨਹੀਂ ਸੀ ਪੈਸੇ, ਪੁੱਤ ਦੀ ਲਾਸ਼ ਛੱਡ ਫਰਾਰ ਹੋਏ ਮਾਂ-ਬਾਪ

ਲੁਧਿਆਣਾ (ਤਰੁਣ) : ਸਸਕਾਰ ਲਈ ਪੈਸੇ ਨਾ ਹੋਣ ਕਾਰਨ ਮਾਂ-ਬਾਪ ਆਪਣੇ ਪੁੱਤ ਦੀ ਲਾਸ਼ ਕਮਰੇ 'ਚ ਛੱਡ ਕੇ ਹੀ ਫਰਾਰ ਹੋ ਗਏ। ਬੇਟੇ ਦੀ ਸ਼ੱਕੀ ਹਾਲਾਤ 'ਚ ਹੋਈ ਮੌਤ ਕਈ ਪੱਖਾਂ ਵੱਲ ਇਸ਼ਾਰੇ ਕਰ ਰਹੀ ਹੈ। ਦੱਬੀ ਜ਼ੁਬਾਨ 'ਚ ਇਲਾਕੇ ਦੇ ਲੋਕ ਘਰੇਲੂ ਕਲੇਸ਼ ਕਾਰਣ ਕਤਲ ਦੀ ਗੱਲ ਵੀ ਕਹਿ ਰਹੇ ਹਨ। ਸੂਚਨਾ ਮਿਲਣ ਤੋਂ ਬਾਅਦ ਥਾਣਾ ਡਵੀਜ਼ਨ ਨੰ. 4 ਦੀ ਪੁਲਸ ਮੌਕੇ 'ਤੇ ਪੁੱਜੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਜਾਣਕਾਰੀ ਅਨੁਸਾਰ ਫਤਿਹਗੜ੍ਹ ਮੁਹੱਲਾ, ਗਾਂਧੀ ਨਗਰ ਇਲਾਕੇ 'ਚ ਦੁਸਹਿਰੇ ਦੀ ਰਾਤ ਬਜ਼ੁਰਗ ਪਤੀ-ਪਤਨੀ ਆਪਣੇ ਬੇਟੇ ਨਾਲ ਲੁਧਿਆਣਾ ਪੁੱਜੇ ਅਤੇ ਇਕ ਘਰ 'ਚ ਕਿਰਾਏ ਦੇ ਕਮਰੇ ਦੀ ਮੰਗ ਕਰਨ ਲੱਗੇ। ਇਲਾਕੇ ਦੀ ਇਕ ਬਜ਼ੁਰਗ ਔਰਤ ਨੇ ਤਿੰਨਾਂ ਨੂੰ ਇਕ ਕਮਰਾ ਕਿਰਾਏ 'ਤੇ ਦੇ ਦਿੱਤਾ। ਰੋਜ਼ਾਨਾ ਤਿੰਨਾਂ 'ਚ ਲੜਾਈ-ਝਗੜਾ ਹੁੰਦਾ ਸੀ। ਇਸੇ ਗੱਲ ਤੋਂ ਦੁਖੀ ਹੋ ਕੇ ਮਾਲਕਣ ਨੇ ਉਨ੍ਹਾਂ ਨੂੰ ਕਮਰਾ ਖਾਲੀ ਕਰਨ ਦੀ ਗੱਲ ਕਹੀ।

ਐਤਵਾਰ ਸਵੇਰੇ ਨੌਜਵਾਨ ਨੇ ਘਰ 'ਚ ਇਕ ਹੋਰ ਕਿਰਾਏਦਾਰ ਔਰਤ ਤੋਂ ਮੋਬਾਇਲ ਦਾ ਚਾਰਜਰ ਮੰਗਿਆ, ਜਿਸ ਤੋਂ ਬਾਅਦ ਉਹ ਉਪਰ ਕਮਰੇ 'ਚ ਚਲਾ ਗਿਆ। ਕੁਝ ਦੇਰ ਬਾਅਦ ਹੀ ਨੌਜਵਾਨ ਦੇ ਮਾਤਾ-ਪਿਤਾ ਜ਼ੋਰ-ਜ਼ੋਰ ਨਾਲ ਰੌਲਾ ਪਾਉਣ ਲੱਗੇ। ਨੌਜਵਾਨ ਨੂੰ ਨੇੜੇ ਦੇ ਇਕ ਕਲੀਨਿਕ 'ਚ ਲਿਆਂਦਾ ਗਿਆ, ਜਿਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮਾਤਾ-ਪਿਤਾ ਬੇਟੇ ਦੀ ਲਾਸ਼ ਲੈ ਕੇ ਕਮਰੇ ਵਿਚ ਪੁੱਜੇ ਅਤੇ ਲਾਸ਼ ਉਥੇ ਛੱਡ ਕੇ ਫਰਾਰ ਹੋ ਗਏ।

ਥਾਣਾ ਇੰਚਾਰਜ ਸਤਵੰਤ ਸਿੰਘ ਬੈਂਸ ਨੇ ਦੱਸਿਆ ਕਿ ਫਰਾਰ ਜੋੜਾ ਖੁਦ ਨੂੰ ਦਿੱਲੀ ਦੇ ਵਸਨੀਕ ਦੱਸ ਰਿਹਾ ਸੀ। ਫਿਲਹਾਲ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਘਰੇਲੂ ਕਲੇਸ਼ ਕਾਰਣ 20 ਸਾਲਾ ਨੌਜਵਾਨ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਕੀਤੀ ਹੈ। ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ 72 ਘੰਟਿਆਂ ਲਈ ਮੋਰਚਰੀ ਵਿਚ ਰਖਵਾ ਦਿੱਤੀ ਹੈ। ਇਲਾਕੇ ਦੇ ਲੋਕ ਜੋੜੇ ਅਤੇ ਮ੍ਰਿਤਕ ਦਾ ਨਾਂ ਤੱਕ ਨਹੀਂ ਜਾਣਦੇ ਸਨ। ਪੁਲਸ ਨੇ ਇਨ੍ਹਾਂ ਦੇ ਨਾਂ ਪਤਾ ਕਰਨ ਲਈ ਭਾਰੀ ਮੁਸ਼ੱਕਤ ਕੀਤੀ।


author

Gurminder Singh

Content Editor

Related News