ਵਿਜੀਲੈਂਸ ਵੱਲੋਂ ਮੋਟਰ ਵ੍ਹੀਕਲ ਇੰਸਪੈਕਟਰ ਦਾ ਭਗੌੜਾ ਕਰਿੰਦਾ ਗ੍ਰਿਫ਼ਤਾਰ

Thursday, Nov 24, 2022 - 02:18 AM (IST)

ਚੰਡੀਗੜ੍ਹ (ਬਿਊਰੋ) : ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਪਿਛਲੇ ਦਿਨੀਂ ਮੋਟਰ ਵ੍ਹੀਕਲ ਇੰਸਪੈਕਟਰ (ਐੱਮ.ਵੀ.ਆਈ.) ਜਲੰਧਰ ਦਫ਼ਤਰ 'ਚ ਕੀਤੀ ਗਈ ਅਚਨਚੇਤ ਚੈਕਿੰਗ ਦੌਰਾਨ ਉਥੋਂ ਦੇ ਐੱਮ.ਵੀ.ਆਈ. ਨਰੇਸ਼ ਕਲੇਰ ਵੱਲੋਂ ਪ੍ਰਾਈਵੇਟ ਏਜੰਟਾਂ ਨਾਲ ਮਿਲੀਭੁਗਤ ਕਰਕੇ ਵੱਡੀ ਪੱਧਰ 'ਤੇ ਕੀਤੇ ਜਾ ਰਹੇ ਸੰਗਠਿਤ ਭ੍ਰਿਸ਼ਟਚਾਰ ਦਾ ਪਰਦਾਫਾਸ਼ ਕਰਦਿਆਂ ਮੁਕੱਦਮਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ 7 ਨਾਮਜ਼ਦ ਦੋਸ਼ੀ ਫਰਾਰ ਚੱਲ ਰਹੇ ਸਨ, ਜਿਨ੍ਹਾਂ 'ਚੋਂ ਅੱਜ ਦੋਸ਼ੀ ਸੁਰਜੀਤ ਸਿੰਘ ਪ੍ਰਾਈਵੇਟ ਏਜੰਟ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਏਜੰਟ ਉਕਤ ਐੱਮ.ਵੀ.ਆਈ. ਜਲੰਧਰ ਨਾਲ ਮਿਲੀਭੁਗਤ ਕਰਕੇ ਕਮਰਸ਼ੀਅਲ ਅਤੇ ਪ੍ਰਾਈਵੇਟ ਗੱਡੀਆਂ ਨੂੰ ਬਿਨਾਂ ਇੰਸਪੈਕਸ਼ਨ ਕਰਵਾਏ ਮੋਟੀਆਂ ਰਕਮਾਂ ਲੈ ਕੇ ਅਤੇ ਰਿਸ਼ਵਤ ਦਾ ਵੱਡਾ ਹਿੱਸਾ ਨਰੇਸ਼ ਕਲੇਰ ਐੱਮ.ਵੀ.ਆਈ. ਨੂੰ ਦੇ ਕੇ ਗੱਡੀਆਂ ਦਾ ਫਿਟਨੈੱਸ ਸਰਟੀਫਿਕੇਟ ਹਸਲ ਕਰਕੇ ਸਰਕਾਰ ਨੂੰ ਚੂਨਾ ਲਾ ਰਹੇ ਸੀ।

ਇਹ ਵੀ ਪੜ੍ਹੋ : ਸਾਰੀਆਂ ਸਰਕਾਰਾਂ ਨੇ ਚੋਣ ਕਮਿਸ਼ਨ ਦੀ ਆਜ਼ਾਦੀ ਨੂੰ ਤਬਾਹ ਕੀਤਾ : ਸੁਪਰੀਮ ਕੋਰਟ

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਨਰੇਸ਼ ਕਲੇਰ ਐੱਮ.ਵੀ.ਆਈ. ਵੱਲੋਂ ਅਲੱਗ-ਅਲੱਗ ਕਿਸਮਾਂ ਦੀਆਂ ਗੱਡੀਆਂ ਦੀ ਪਾਸਿੰਗ ਬਿਨਾਂ ਇੰਸਪੈਕਸ਼ਨ ਕੀਤੇ ਹੀ ਰਿਸ਼ਵਤ ਲੈ ਕੇ ਫਿਟਨੈੱਸ ਸਰਟੀਫਿਕੇਟ ਜਾਰੀ ਕਰ ਦਿੱਤਾ ਜਾਂਦਾ ਸੀ। ਇਸ ਸਬੰਧੀ ਵਿਜੀਲੈਂਸ ਬਿਊਰੋ ਜਲੰਧਰ ਵੱਲੋਂ ਪੁਖਤਾ ਸਬੂਤਾਂ ਦੇ ਅਧਾਰ 'ਤੇ ਮੁਕੱਦਮਾ ਨੰਬਰ 14 ਮਿਤੀ 23.08.2022 ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7-ਏ ਅਤੇ ਆਈਪੀਸੀ ਦੀ ਧਾਰਾ 420, 120-ਬੀ ਤਹਿਤ ਥਾਣਾ ਵਿਜੀਲੈਂਸ ਬਿਊਰੋ ਰੇਂਜ ਜਲੰਧਰ ਵਿਖੇ ਦਰਜ ਕਰਕੇ ਉਕਤ ਦੋਸ਼ੀ ਨਰੇਸ਼ ਕੁਮਾਰ ਕਲੇਰ, ਰਾਮਪਾਲ ਉਰਫ ਰਾਧੇ ਪ੍ਰਾਈਵੇਟ ਏਜੰਟ, ਮੋਹਨ ਲਾਲ ਉਰਫ ਕਾਲੂ ਅਤੇ ਪਰਮਜੀਤ ਸਿੰਘ ਬੇਦੀ (ਸਾਰੇ ਪ੍ਰਾਈਵੇਟ ਏਜੰਟ) ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਬਾਕੀ ਫਰਾਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਵਿਜੀਲੈਂਸ ਬਿਊਰੋ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਜਲੰਧਰ ਦੇ ਗੁਰਦੁਆਰਾ ਸਾਹਿਬ 'ਚ ਬੇਅਦਬੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਤੇ ਸੁੱਟਿਆ ਦੁੱਧ, ਮੁਲਜ਼ਮ ਗ੍ਰਿਫ਼ਤਾਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News