ਪਹਿਲਾਂ ਕੀਤੀ ਦੋਸਤੀ ਫਿਰ ਪਿਸਤੌਲ ਦੀ ਨੋਕ ''ਤੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ

02/28/2020 4:27:00 PM

ਮੋਹਾਲੀ (ਰਾਣਾ) : ਪਹਿਲਾਂ ਇਕ ਨੌਜਵਾਨ ਨੇ ਧੋਖੇ 'ਚ ਰੱਖ ਕੇ ਇਕ ਲੜਕੀ ਨਾਲ ਦੋਸਤੀ ਕੀਤੀ। ਫਿਰ ਉਸ ਨੂੰ ਵਿਆਹ ਕਰਨ ਦਾ ਪ੍ਰਸਤਾਵ ਤੱਕ ਦੇ ਦਿੱਤਾ ਪਰ ਜਦੋਂ ਲੜਕੀ ਨੂੰ ਨੌਜਵਾਨ ਦੇ ਪਹਿਲੇ ਵਿਆਹ ਦਾ ਪਤਾ ਲੱਗਿਆ ਤਾਂ ਉਸਨੇ ਨੌਜਵਾਨ ਨਾਲੋਂ ਦੋਸਤੀ ਤੋੜ ਲਈ। ਨਾਲ ਹੀ ਉਸ ਦਾ ਫੋਨ ਤੱਕ ਚੁੱਕਣਾ ਬੰਦ ਕਰ ਦਿੱਤਾ। ਇਸ ਤੋਂ ਬਾਅਦ ਬੌਖਲਾਇਆ ਨੌਜਵਾਨ ਆਪਣੇ ਸਾਥੀਆਂ ਨਾਲ ਲੜਕੀ ਦੇ ਘਰ ਪਹੁੰਚ ਗਿਆ। ਲੜਕੀ ਦਾ ਦੋਸ਼ ਹੈ ਕਿ ਉਸ ਨੇ ਪਿਸਤੌਲ ਦੀ ਨੋਕ 'ਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇੰਨਾ ਹੀ ਨਹੀਂ ਉਸ ਨੇ ਉਸ 'ਤੇ ਤੇਜ਼ਾਬ ਸੁੱਟਣ ਦੀ ਧਮਕੀ ਵੀ ਦਿੱਤੀ ਅਤੇ ਨਾਲ ਹੀ ਕਿਹਾ ਕਿ ਉਹ ਉਸ ਦੀ ਇਤਰਾਜ਼ਯੋਗ ਫੋਟੋ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਦੇਵੇਗਾ। ਲੜਕੀ ਦੀ ਸ਼ਿਕਾਇਤ 'ਤੇ ਮਟੌਰ ਥਾਣੇ ਦੀ ਪੁਲਸ ਨੇ ਚੰਡੀਗੜ੍ਹ ਦੇ ਸੈਕਟਰ-39 ਨਿਵਾਸੀ ਅਕਸ਼ੇ ਕੁਮਾਰ ਉਰਫ਼ ਕੁੱਕੂ ਅਤੇ ਨਿੰਮੀ ਸ਼ਰਮਾ ਤੋਂ ਇਲਾਵਾ ਤਿੰਨ ਹੋਰ ਲੋਕਾਂ, ਮਹਿਲਾ ਨੂੰ ਤੇਜ਼ਾਬ ਸੁੱਟਣ ਦੀਆਂ ਧਮਕੀਆਂ ਦੇਣ, ਹੱਥੋਪਾਈ ਕਰਨ ਸਮੇਤ ਕਈ ਧਾਰਾਵਾਂ ਦੇ ਅਧੀਨ ਕੇਸ ਦਰਜ ਕੀਤਾ ਹੈ।

ਪੁਲਸ ਦਾ ਕਹਿਣਾ ਹੈ ਕਿ ਜਲਦੀ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਲੜਕੀ ਨੇ ਦੱਸਿਆ ਕਿ ਇਕ ਪਾਰਟੀ 'ਚ ਮੁਲਜ਼ਮ ਅਕਸ਼ੇ ਕੁਮਾਰ ਨਾਲ ਉਸਦੀ ਮੁਲਾਕਾਤ ਪਿਛਲੇ ਸਾਲ ਹੋਈ ਸੀ। ਉਥੇ ਹੀ ਮੁਲਜ਼ਮ ਨੇ ਉਸ ਨੂੰ ਫ਼ੋਨ ਕਰਨੇ ਸ਼ੁਰੂ ਕਰ ਦਿੱਤੇ। ਪੀੜਤਾ ਨੇ ਦੱਸਿਆ ਕਿ ਮੁਲਜ਼ਮ ਨੇ ਉਸ ਨੂੰ ਦੱਸਿਆ ਸੀ ਕਿ ਉਹ ਕੁਆਰਾ ਹੈ। ਨਾਲ ਹੀ ਉਹ ਉਸ ਨਾਲ ਵਿਆਹ ਕਰਨਾ ਚਾਹੁੰਦਾ ਹੈ। ਇਸ ਤੋਂ ਕੁਝ ਸਮੇਂ ਬਾਅਦ ਉਸ ਨੂੰ ਪਤਾ ਲੱਗਿਆ ਕਿ ਅਕਸ਼ੇ ਪਹਿਲਾਂ ਤੋਂ ਵਿਆਹਿਆ ਹੋਇਆ ਹੈ। ਇਸ ਤੋਂ ਬਾਅਦ ਉਸ ਨੇ ਫ਼ੋਨ 'ਤੇ ਗੱਲਬਾਤ ਕਰਨੀ ਬੰਦ ਕਰ ਦਿੱਤੀ। 17-18 ਫਰਵਰੀ ਨੂੰ ਮੁਲਜ਼ਮ ਨੇ ਉਸ ਨੂੰ ਧਮਕਾਇਆ। ਮੁਲਜ਼ਮ ਆਪਣੇ ਕੁਝ ਸਾਥੀਆਂ ਨਾਲ ਸੈਕਟਰ-70 ਸਥਿਤ ਘਰ ਪਹੁੰਚ ਗਿਆ।

ਜਿਵੇਂ ਹੀ ਉਸ ਨੇ ਗੇਟ ਖੋਲ੍ਹਿਆ ਮੁਲਜ਼ਮ ਨੇ ਉਸ ਨੂੰ ਪਿਸਤੌਲ ਦਿਖਾਈ। ਨਾਲ ਹੀ ਧਮਕੀ ਦਿੱਤੀ ਕਿ ਉਹ ਉਸ ਨਾਲ ਗੱਲ ਕਰਨੀ ਸ਼ੁਰੂ ਕਰੇ। ਨਹੀਂ ਤਾਂ ਉਹ ਉਸ 'ਤੇ ਤੇਜ਼ਾਬ ਸੁੱਟ ਦੇਵੇਗਾ। ਉਥੇ ਹੀ, ਉਸ ਦੇ ਪਰਿਵਾਰ ਨੂੰ ਵੀ ਖਤਮ ਕਰ ਦੇਵੇਗਾ। ਇਸ ਤੋਂ ਬਾਅਦ ਉਸ ਨੇ ਸਾਰੀ ਘਟਨਾ ਆਪਣੇ ਪਿਤਾ ਨੂੰ ਦੱਸੀ। ਪਰਿਵਾਰ ਨੇ ਉਨ੍ਹਾਂ ਨੂੰ ਸਮਝਾਇਆ ਕਿ ਉਹ ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਦੇਣਗੇ। ਇਸ ਦੌਰਾਨ ਮੁਲਜ਼ਮ ਨੇ ਉਸ ਨੂੰ ਧਮਕੀ ਦਿੱਤੀ ਕਿ ਉਹ ਉਸ ਦੀ ਜਾਅਲੀ ਆਈ. ਡੀ. ਬਣਾ ਕੇ ਉਸਦੀ ਇਤਰਾਜ਼ਯੋਗ ਫੋਟੋ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਦੇਵੇਗਾ। ਮਟੌਰ ਥਾਣੇ ਦੀ ਪੁਲਸ ਨੇ ਕੇਸ ਦਰਜ ਕਰ ਲਿਆ ਹੈ। ਨਾਲ ਹੀ ਮੁਲਜ਼ਮ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
 


Anuradha

Content Editor

Related News