ਸ਼ਿਮਲਾ ’ਚ ਦੋਸਤ ਦਾ ਪੇਪਰ ਪੁਆ ਕੇ ਪਰਤ ਰਹੇ ਨੌਜਵਾਨਾਂ ਨਾਲ ਵਾਪਰਿਆ ਹਾਦਸਾ, ਇੰਝ ਆਵੇਗੀ ਮੌਤ ਸੋਚਿਆ ਨਾ ਸੀ
Tuesday, Sep 07, 2021 - 06:36 PM (IST)
ਮੌੜ ਮੰਡੀ (ਪ੍ਰਵੀਨ) : ਬੀਤੀ ਰਾਤ ਮੌੜ-ਮਾਨਸਾ ਰੋਡ ’ਤੇ ਪਿੰਡ ਘੁੰਮਣ ਕਲਾਂ ਕੋਲ ਵਾਪਰੇ ਸੜਕ ਹਾਦਸੇ ’ਚ ਮੌੜ ਮੰਡੀ ਦੇ ਇਕ ਨੌਜਵਾਨ ਦੀ ਮੌਤ ਹੋ ਗਈ, ਜਦਕਿ 2 ਹੋਰ ਨੌਜਵਾਨ ਜ਼ਖਮੀ ਹੋ ਗਏ। ਨੌਜਵਾਨ ਦੀ ਮੌਤ ਦੀ ਖ਼ਬਰ ਸੁਣਦੇ ਹੀ ਇਲਾਕੇ ਅੰਦਰ ਸੋਗ ਦੀ ਲਹਿਰ ਦੌੜ ਗਈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਚਾਰ ਦੋਸਤ ਲਲਿਤ ਕੁਮਾਰ ਵਾਸੀ ਮੌੜ ਮੰਡੀ, ਨਾਨਕ ਸਿੰਘ ਵਾਸੀ ਮੌੜ ਕਲਾਂ, ਗੁਰਬਾਜ਼ ਸਿੰਘ ਵਾਸੀ ਮੌੜ ਕਲਾਂ ਅਤੇ ਹਰਜਿੰਦਰ ਸਿੰਘ ਵਾਸੀ ਨੰਗਲ ਬੀਤੇ ਦਿਨ ਲਲਿਤ ਕੁਮਾਰ ਦਾ ਪੇਪਰ ਦਿਵਾਉਣ ਲਈ ਆਪਣੀ ਨਿੱਜੀ ਕਾਰ ’ਤੇ ਸ਼ਿਮਲਾ ਗਏ ਸਨ। ਪੇਪਰ ਦੇਣ ਤੋਂ ਬਾਅਦ ਜਦੋਂ ਚਾਰੇ ਦੋਸਤ ਮੌੜ ਮੰਡੀ ਵੱਲ ਨੂੰ ਵਾਪਸ ਆ ਰਹੇ ਸਨ ਤਾਂ ਉਨ੍ਹਾਂ ਨੇ ਆਪਣੇ ਇਕ ਦੋਸਤ ਹਰਜਿੰਦਰ ਸਿੰਘ ਨੂੰ ਨੰਗਲ ਕਲਾਂ ਵਿਖੇ ਛੱਡ ਦਿੱਤਾ।
ਇਹ ਵੀ ਪੜ੍ਹੋ : ਪ੍ਰੋਡਿਊਸਰ ਡੀ. ਐਕਸ. ਐਕਸ ਕੁੱਟਮਾਰ ਮਾਮਲੇ ’ਚ ਨਵਾਂ ਮੋੜ, ਪਰਚਾ ਦਰਜ ਹੋਣ ਤੋਂ ਬਾਅਦ ਨਿਹੰਗਾਂ ਨੇ ਦਿੱਤੀ ਚਿਤਾਵਨੀ
ਹਰਜਿੰਦਰ ਸਿੰਘ ਦੇ ਵਾਰ-ਵਾਰ ਕਹਿਣ ’ਤੇ ਵੀ ਤਿੰਨੇ ਦੋਸਤਾਂ ਨੇ ਉਥੇ ਰਹਿਣ ਤੋਂ ਇਨਕਾਰ ਕਰ ਦਿੱਤਾ ਅਤੇ ਮੌੜ ਮੰਡੀ ਵੱਲ ਨੂੰ ਚੱਲ ਪਏ। ਜਦੋਂ ਉਕਤ ਤਿੰਨੇ ਦੋਸਤ ਮੌੜ ਮੰਡੀ ਦੇ ਨਾਲ ਲੱਗਦੇ ਪਿੰਡ ਘੁੰਮਣ ਕਲਾਂ ਕੋਲ ਪੁੱਜੇ ਤਾਂ ਇਕ ਟਰੱਕ ਸੜਕ ਦੇ ਬਿਲਕੁੱਲ ਵਿਚਕਾਰ ਖੜ੍ਹਾ ਸੀ, ਜਿਸ ਕਾਰਨ ਉਕਤ ਨੌਜਵਾਨਾਂ ਦੀ ਕਾਰ ਰਸਤੇ ’ਚ ਖੜ੍ਹੇ ਇਸ ਟਰੱਕ ਨਾਲ ਟਕਰਾ ਗਈ। ਟੱਕਰ ਹੁੰਦੇ ਹੀ ਟਰੱਕ ਚਾਲਕ ਜ਼ਖਮੀ ਨੌਜਵਾਨਾਂ ਨੂੰ ਘਟਨਾ ਸਥਾਨ ’ਤੇ ਛੱਡ ਕੇ ਟਰੱਕ ਲੈ ਕੇ ਫਰਾਰ ਹੋ ਗਿਆ।
ਇਹ ਵੀ ਪੜ੍ਹੋ : ਲਾਰੈਂਸ ਬਿਸ਼ਨੋਈ ਦੇ ਨਾਂ ’ਤੇ ਵਪਾਰੀ ਤੋਂ ਮੰਗੇ 20 ਲੱਖ ਰੁਪਏ, ਨਾ ਦੇਣ ’ਤੇ ਪੈਟਰੋਲ ਬੰਬ ਨਾਲ ਹਮਲਾ, ਗੋਲੀਬਾਰੀ
ਉਪਰੰਤ ਘਟਨਾ ’ਚ ਮਾਮੂਲੀ ਜ਼ਖਮੀ ਹੋਏ ਨੌਜਵਾਨ ਨਾਨਕ ਸਿੰਘ ਨੇ ਆਪਣੇ ਦੋਵੇਂ ਦੋਸਤਾਂ ਲਲਿਤ ਕੁਮਾਰ ਅਤੇ ਗੁਰਬਾਜ਼ ਸਿੰਘ ਨੂੰ ਕਾਰ ’ਚੋਂ ਬਾਹਰ ਕੱਢਿਆ ਅਤੇ ਐਂਬੂਲੈਂਸ ਬੁਲਾ ਕੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਜ਼ਖਮੀਆਂ ਨੂੰ ਪਹਿਲਾਂ ਮਾਨਸਾ ਦੇ ਹਸਪਤਾਲ ਅਤੇ ਫਿਰ ਪਟਿਆਲਾ ਵਿਖੇ ਲਿਜਾਇਆ ਗਿਆ, ਜਿੱਥੇ ਲਲਿਤ ਕੁਮਾਰ ਜ਼ਖਮਾਂ ਦੀ ਤਾਬ ਨਾ ਝਲਦਾ ਹੋਇਆ ਦਮ ਤੋੜ ਗਿਆ। ਸਥਾਨਕ ਸ਼ਹਿਰ ਦੇ ਸਮਾਜ ਸੇਵੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਰਾਤ ਸਮੇਂ ਸੜਕਾਂ ਦੇ ਵਿਚਕਾਰ ਖੜ੍ਹਨ ਵਾਲੇ ਵਾਹਨਾਂ ’ਤੇ ਨਕੇਲ ਕੱਸੀ ਜਾਵੇ ਤਾਂ ਜੋ ਅਣਗਹਿਲੀ ਕਾਰਨ ਜਾਣ ਵਾਲੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ।
ਇਹ ਵੀ ਪੜ੍ਹੋ : ਅੰਮ੍ਰਿਤਸਰ ’ਚ ਵੱਡੀ ਵਾਰਦਾਤ, 22 ਸਾਲਾ ਨੌਜਵਾਨ ਨੇ ਗੋਲ਼ੀ ਮਾਰ ਕੇ ਕੀਤੀ ਖ਼ੁਦਕੁਸ਼ੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?