ਦੋਸਤ ਤੋਂ ਨਾਰਾਜ਼ ਨਾਬਾਲਿਗ ਕੁੜੀ ਵੱਲੋਂ 6 ਮੰਜ਼ਿਲਾ ਇਮਾਰਤ ਤੋਂ ਛਾਲ ਮਾਰਨ ਦੀ ਕੋਸ਼ਿਸ਼

Tuesday, May 24, 2022 - 11:31 AM (IST)

ਦੋਸਤ ਤੋਂ ਨਾਰਾਜ਼ ਨਾਬਾਲਿਗ ਕੁੜੀ ਵੱਲੋਂ 6 ਮੰਜ਼ਿਲਾ ਇਮਾਰਤ ਤੋਂ ਛਾਲ ਮਾਰਨ ਦੀ ਕੋਸ਼ਿਸ਼

ਪਟਿਆਲਾ (ਬਲਜਿੰਦਰ) : ਸ਼ਹਿਰ ਦੀ ਸਾਂਈ ਮਾਰਕੀਟ ਦੇ ਸਾਹਮਣੇ ਸਥਿਤ ਅੰਬੇ ਅਪਾਰਟਮੈਂਟ ਦੀ ਛੇਵੀਂ ਮੰਜ਼ਿਲ ਤੋਂ ਸੋਮਵਾਰ ਨੂੰ ਨਾਬਾਲਿਗ ਕੁੜੀ ਨੇ ਆਪਣੇ ਦੋਸਤ ਤੋਂ ਨਾਰਾਜ਼ ਹੋ ਕੇ ਥੱਲੇ ਛਾਲ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ’ਤੇ ਅੰਬੇ ਅਪਾਰਮੈਂਟ ਦੇ ਸੁਰੱਖਿਆ ਕਰਮਚਾਰੀਆਂ ਦੀ ਨਜ਼ਰ ਪੈ ਗਈ। ਉਨ੍ਹਾਂ ਨੇ ਤੁਰੰਤ ਪੁਲਸ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕਰ ਦਿੱਤਾ ਅਤੇ ਖੁਦ ਵੀ ਉਸ ਨੂੰ ਸਮਝਾਉਣ ’ਚ ਜੁਟ ਗਏ। ਇਸ ਦੌਰਾਨ ਫਾਇਰ ਬ੍ਰਿਗੇਡ ਦੀ ਪੂਰੀ ਟੀਮ ਏ. ਡੀ. ਐੱਫ. ਓ. ਲਛਮਣ ਦਾਸ, ਰਜਿੰਦਰ ਕੁਮਾਰ ਦੀ ਅਗਵਾਈ ਹੇਠ ਪਹੁੰਚ ਗਈ। ਉਨ੍ਹਾਂ ਨੇ ਥੱਲੇ ਜਾਲ ਵਿਛਾ ਲਿਆ ਅਤੇ ਉੱਪਰ ਉਸ ਸਮਝਾਉਣ ਲੱਗ ਪਏ। ਲਛਮਣ ਦਾਸ ਨੇ ਦੱਸਿਆ ਕਿ ਉਨ੍ਹਾਂ ਲਈ ਇਹ ਕੰਮ ਕਾਫੀ ਮੁਸ਼ਕਿਲ ਸੀ ਕਿਉਂਕਿ ਥੋੜੀ ਜਿਹੀ ਲਾਪ੍ਰਵਾਹੀ ਨਾਲ ਕੁੜੀ ਦੀ ਜਾਨ ਜਾ ਸਕਦੀ ਸੀ

ਇਸ ਲਈ ਕੁੜੀ ਨੂੰ ਕਈ ਪਾਸੇ ਤੋਂ ਗੱਲਾਂ ’ਚ ਲਗਾਇਆ। ਜਿਉਂ ਹੀ ਕੁੜੀ ਦੇ ਕੋਲ ਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਤਾਂ ਉਹ ਥੱਲੇ ਛਾਲ ਮਾਰਨ ਨੂੰ ਭੱਜਦੀ ਸੀ ਅਤੇ ਕੁੜੀ ਬੈਠੀ ਵੀ ਬਿਲਕੁਲ ਕਿਨਾਰੇ ’ਤੇ ਸੀ। ਲਗਭਗ 2 ਘੰਟੇ ਜੱਦੋ-ਜਹਿਦ ਤੋਂ ਬਾਅਦ ਉਸ ਨੂੰ ਥੱਲੇ ਉਤਾਰਨ ’ਚ ਸਫਲਤਾ ਹਾਸਲ ਹੋਈ। ਉਥੇ ਹੀ ਸੁਰੱਖਿਆ ਗਾਰਦ ’ਚ ਕੰਮ ਕਰਦੇ ਵਿਅਕਤੀ ਨੇ ਦੱਸਿਆ ਕਿ ਇਹ ਕੁੜੀ ਇਥੇ ਹੀ ਲੋਕਾਂ ਦੇ ਘਰਾਂ ’ਚ ਕੰਮ ਕਰਦੀ ਹੈ ਅਤੇ ਇਸ ਦੀ ਇਕ ਭੈਣ ਹੈ। ਉਤਾਰਨ ਤੋਂ ਬਾਅਦ ਕੁੜੀ ਨੂੰ ਉਸ ਦੇ ਪਿਤਾ ਦੀ ਹਾਜ਼ਰੀ ’ਚ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ।


author

Gurminder Singh

Content Editor

Related News