Freedom Writers : ਤੁਸੀਂ ਕੀ ਚੁਣੋਗੇ ਨਫ਼ਰਤ ਜਾਂ ਇਨਸਾਨੀਅਤ ?
Tuesday, Apr 28, 2020 - 10:59 AM (IST)
ਹਰਪ੍ਰੀਤ ਸਿੰਘ ਕਾਹਲੋਂ
ਸਕੂਲ ਵਿਚ ਉਚੇਚੇ ਸੱਦੇ ’ਤੇ 'ਹਰਮਨ ਮੀਪ ਗੀਜ਼ ਸੈਂਟਰੂਸ਼ਿਟਜ਼' ਆਈ ਹੋਈ ਹੈ। ਮੀਪ ਗੀਜ਼ ਡੱਚ ਨਾਗਰਿਕ ਸੀ। ਮੀਪ ਗੀਜ਼ ਦਾ ਜਨਮ 1920 ਵਿਚ ਆਸਟ੍ਰੀਆ ਵਿਖੇ ਹੋਇਆ। ਮੀਪ ਗੀਜ਼ ਜਦੋਂ 11 ਸਾਲ ਦੀ ਸੀ ਤਾਂ ਉਸ ਨੂੰ ਡੱਚ ਪਰਿਵਾਰ ਨੇ ਗੋਦ ਲੈ ਲਿਆ ਸੀ। ਦੂਜੇ ਵਿਸ਼ਵ ਯੁੱਧ ਦੇ ਦੌਰਾਨ ਮੀਪ ਗੀਜ਼ ਨੇ ਐਨੀ ਫਰੈਂਕ ਅਤੇ ਉਸ ਦੇ ਪਰਿਵਾਰ ਨੂੰ 6 ਜੁਲਾਈ 1942 ਤੋਂ ਲੈ ਕੇ 4 ਅਗਸਤ 1944 ਤੱਕ ਐਮਸਟਰਡਮ ਵਿਖੇ ਨਾਜ਼ੀ ਫ਼ੌਜਾਂ ਤੋਂ ਬਚਾਉਣ ਲਈ ਲੁਕੋ ਕੇ ਰੱਖਿਆ ਸੀ।
ਇਸ ਦੌਰਾਨ ਐਨੀ ਫਰੈਂਕ ਨੂੰ ਨਾਜ਼ੀ ਫ਼ੌਜਾਂ ਨੇ ਲੱਭ ਲਿਆ ਸੀ ਅਤੇ ਉਹ ਵੀ ਉਨ੍ਹਾਂ ਲੋਕਾਂ ਵਿਚ ਸ਼ਾਮਲ ਹੋ ਗਈ, ਜਿਨ੍ਹਾਂ ਨੂੰ ਨਾਜ਼ੀ ਫ਼ੌਜਾਂ ਨੇ ਬਹੁਤ ਬੇਰਹਿਮੀ ਨਾਲ ਸ਼ਿਵਰਾਂ ਵਿਚ ਮਾਰਿਆ ਸੀ। ਮੀਪ ਗੀਜ਼ ਨੇ ਐਨੀ ਫਰੈਂਕ ਦੀ ਡਾਇਰੀਆਂ ਨੂੰ ਸੰਭਾਲ ਕੇ ਰੱਖਿਆ, ਜੋ ਉਹ ਰੋਜ਼ਾਨਾ ਉਸ ਥਾਂ ਤੋਂ ਬਾਹਰ ਦਾ ਨਜ਼ਾਰਾ ਵੇਖਦੀ ਹੋਈ ਲਿਖਦੀ ਸੀ, ਜਿੱਥੇ ਉਹ ਦੋ ਸਾਲ ਲੁਕੀ ਰਹੀ।
ਜ਼ਿੰਦਗੀ ਦਾ ਇਹ ਅਸਲ ਦ੍ਰਿਸ਼ ਫ਼ਿਲਮ ਵਿਚ ਇੰਝ ਪੇਸ਼ ਕੀਤਾ ਹੈ।
ਬੱਚੇ ਮੀਪ ਗੀਜ਼ ਦੇ ਤਜਰਬੇ ਸੁਣਦੇ ਹਨ ਅਤੇ ਉਨ੍ਹਾਂ ਵਿਚੋਂ ਸਕੂਲ ਦਾ ਇਕ ਬੱਚਾ ਕਹਿੰਦਾ ਹੈ ਕਿ ਤੁਸੀਂ ਮੇਰੀ ਨਜ਼ਰ ਵਿਚ ਹੀਰੋ ਹੋ। ਮੀਪ ਗੀਜ਼ ਕਹਿੰਦੀ ਹੈ।
"ਮੈਂ ਕੋਈ ਹੀਰੋ ਨਹੀਂ ਹਾਂ। ਮੈਂ ਕੋਈ ਖਾਸ ਸ਼ਖਸੀਅਤ ਨਹੀਂ ਹਾਂ। ਮੈਨੂੰ ਤੁਸੀਂ ਕੋਈ ਖਿੱਚ ਦਾ ਕੇਂਦਰ ਨਾ ਬਣਾਓ। ਮੈਂ ਉਹੀ ਕੀਤਾ ਜੋ ਸਹੀ ਹੈ ਅਤੇ ਆਮ ਜ਼ਿੰਦਗੀ ’ਚ ਆਮ ਬੰਦਿਆਂ ਨੂੰ ਇਹੋ ਕਰਨਾ ਚਾਹੀਦਾ ਹੈ। ਆਪਣੇ ਅੰਦਰ ਦੀ ਆਵਾਜ਼ ਸੁਣੋ ਅਤੇ ਹਮੇਸ਼ਾ ਨਫਰਤ ਦੇ ਖਿਲਾਫ ਇਨਸਾਨੀਅਤ ਨੂੰ ਚੁਣੋ ਇਹੋ ਹੀ ਇਸ ਸੰਸਾਰ ਦੀ ਉਮੀਦ ਹੈ।"
ਅਸਲ ਜ਼ਿੰਦਗੀ ਦੇ ਅਜਿਹੇ ਹਜ਼ਾਰਾਂ ਹਵਾਲਿਆਂ ਨਾਲ ਬੁਣੀ ਹੋਈ ਫਿਲਮ ਫਰੀਡਮ ਰਾਈਟਰਜ਼ ਅਜਿਹੀ ਫਿਲਮ ਹੈ, ਜੋ ਇਸ ਦੌਰ ਦੇ ਹਰ ਵਿਦਿਆਰਥੀ ਅਤੇ ਸਾਡੇ ਸਮਾਜ ਨੂੰ ਵੇਖਣੀ ਚਾਹੀਦੀ ਹੈ।
ਹਦਾਇਤਕਾਰ ਰਿਚਰਡ ਲਾਗਰਾਵੈਂਸ ਦੀ ਇਹ ਫ਼ਿਲਮ ਇਕੋ ਵੇਲੇ ਸਮਾਜ ਦੇ ਉਨ੍ਹਾਂ ਲੋਕਾਂ ਦਾ ਜ਼ਿਕਰ ਵੀ ਕਰਦੀ ਹੈ, ਜੋ ਤ੍ਰਾਸਦੀਆਂ ਵਿਚ ਇਕੋ ਥਾਂ ਖੜ੍ਹੇ ਹੋ ਗਏ ਹਨ। ਇਹ ਮਨੋਵਿਗਿਆਨਕ ਖੜ੍ਹੋਤ ਹੈ, ਜੋ ਬੰਦੇ ਨੂੰ ਸਿਰਫ਼ ਇਸ ਕਰਕੇ ਜਕੜ ਦਿੰਦੀ ਹੈ, ਕਿਉਂਕਿ ਉਸ ਨਾਲ ਤ੍ਰਾਸਦੀ ਵਾਪਰੀ। ਇਸ ਤ੍ਰਾਸਦੀ ਵਿਚੋਂ ਗੁਜ਼ਰਦਿਆਂ ਉਸ ਨੂੰ ਇਨਸਾਫ ਨਹੀਂ ਮਿਲਿਆ।
ਦੂਜੇ ਪਾਸੇ ਇਹ ਫਿਲਮ ਸਮਾਜ ਦੇ ਵਿਚ ਵਿੱਦਿਅਕ ਪ੍ਰਣਾਲੀ, ਵਿੱਦਿਅਕ ਅਦਾਰਿਆਂ ਅਤੇ ਵਿਦਿਆਰਥੀਆਂ ਅੰਦਰ ਸਿੱਖਿਆ ਦੇ ਪੜ੍ਹਾਅ ਕਿੰਝ ਦੇ ਹੋਣ ਉਸ ਬਾਰੇ ਗੱਲ ਕਰਦੀ ਹੈ। ਇਸ ਫਿਲਮ ਦੇ ਚਾਰ ਕਿਰਦਾਰ ਖ਼ਾਸ ਸਮਝਣ ਵਾਲੇ ਹਨ।
ਪੜ੍ਹੋ ਇਹ ਵੀ ਖਬਰ - ਕੈਮੀਕਲ ਐਂਡ ਪੈਟਰੋਕੈਮੀਕਲਸ ਉਦਯੋਗ 2.68 ਲੱਖ ਕਰੋੜ ਦੀਆਂ ਬਰਾਮਦਾਂ ਨਾਲ ਚੋਟੀ ’ਤੇ
ਪੜ੍ਹੋ ਇਹ ਵੀ ਖਬਰ - ਆਮਦਨ ਵਧਾਉਣ ਅਤੇ ਪਾਣੀ ਬਚਾਉਣ ਲਈ ਲਾਹੇਵੰਦ ਫਸਲ ਮੱਕੀ ਦੀ ਕਾਸ਼ਤ ਜਾਣੋ ਕਿਵੇਂ ਕਰੀਏ
ਐਰਿਨ ਗਰੂਵੈੱਲ : ਉਹ ਲਿਖਾਰੀ ਜਿੰਨੇ ਫਰੀਡਮ ਰਾਈਟਰਜ਼ ਡਾਇਰੀ ਲਿਖੀ ਹੈ ਅਤੇ ਫਿਲਮ ਦੀ ਇਕ ਪਾਤਰ ਵੀ ਹੈ। ਜਿੰਨੇ ਇਸ ਗੱਲ ਨੂੰ ਸਮਝਿਆ ਕਿ ਸਮਾਜ ਵਿਚ ਹੁੰਦੀ ਹਿੰਸਾ ਅਤੇ ਨਸਲੀ ਵਿਤਕਰਾ ਕਿਸੇ ਵੀ ਬੰਦੇ ਦੇ ਸਮੁੱਚੇ ਵਿਕਾਸ ਨੂੰ ਰੋਕਦਾ ਹੈ ਅਤੇ ਅਜਿਹੇ ਕਿਰਦਾਰਾਂ ਲਈ ਕੰਮ ਕਰਨਾ ਜ਼ਰੂਰੀ ਹੈ ਤਾਂ ਕਿ ਉਹ ਇਸ ਦਹਿਸ਼ਤ ਵਿਚੋਂ ਨਿਕਲਦਿਆਂ ਉਮੀਦ ਵੱਲ ਵੱਧ ਸਕਣ।
ਮੀਪ ਗੀਜ਼ : ਇਹ ਉਹ ਬੀਬੀ ਹੈ, ਜਿੰਨੇ ਦੂਜੇ ਵਿਸ਼ਵ ਯੁੱਧ ਦੌਰਾਨ ਨਾਜ਼ੀ ਫ਼ੌਜਾਂ ਦੀ ਦਹਿਸ਼ਤ ਤੋਂ ਬਿਨਾਂ ਡਰਿਆਂ ਐਨੀ ਫਰੈਂਕ ਅਤੇ ਉਹਦੇ ਪਰਿਵਾਰ ਦੀ ਮਦਦ ਕੀਤੀ। ਉਹ ਜਾਣਦੀ ਹੈ ਕਿ ਹਮੇਸ਼ਾ ਅੰਦਰ ਦੀ ਆਵਾਜ਼ ਸੁਣਨੀ ਜ਼ਰੂਰੀ ਹੈ, ਕਿਉਂਕਿ ਇਹੋ ਇਨਸਾਨੀਅਤ ਦੀ ਉਮੀਦ ਹੈ।
ਫਿਲਮ ਦੇ ਪਾਤਰ ਸਾਰੇ ਬੱਚੇ : ਉਹ ਬੱਚੇ ਜੋ ਅਮਰੀਕੀ ਸਮਾਜ ਵਿਚ ਵੱਖ-ਵੱਖ ਦੇਸ਼ਾਂ ਤੋਂ ਆਏ ਹਨ ਅਤੇ ਉਨ੍ਹਾਂ ਨੂੰ ਰੰਗ ਦੇਸ਼ ਦੇ ਲਿਹਾਜ਼ ਤੋਂ ਨਸਲੀ ਵਿਤਕਰੇ ਦਾ ਸ਼ਿਕਾਰ ਹੋਣਾ ਪਿਆ ਹੈ। ਇਸ ਬੇਇਨਸਾਫੀ ਵਿਚ ਇਨ੍ਹਾਂ ਬੱਚਿਆਂ ਦੀ ਧਾਰਨਾ ਬਣੀ ਹੈ ਕਿ ਸਾਡੇ ਨਾਲ ਹਮੇਸ਼ਾ ਗਲਤ ਹੀ ਹੋਵੇਗਾ ਅਤੇ ਸਾਨੂੰ ਕੋਈ ਸਮਝਣਾ ਨਹੀਂ ਚਾਹੁੰਦਾ।
ਐਨੀ ਫਰੈਂਕ : ਦੂਜੇ ਵਿਸ਼ਵ ਯੁੱਧ ਦੌਰਾਨ ਉਹ ਕੁੜੀ ਜੋ ਦੋ ਸਾਲ ਮੀਪ ਗੀਜ਼ ਦੇ ਦਫ਼ਤਰ ਵਿਚ ਆਪਣੇ ਪਰਿਵਾਰ ਨਾਲ ਲੁਕੀ ਰਹੀ ਅਤੇ ਰੋਜ਼ਾਨਾ ਖਿੜਕੀ ਤੋਂ ਨਾਜ਼ੀ ਫ਼ੌਜਾਂ ਦੇ ਅੱਤਿਆਚਾਰ ਨੂੰ ਵੇਖਿਆ ਅਤੇ ਉਹਨੂੰ ਡਾਇਰੀ ਵਿਚ ਨੋਟ ਕੀਤਾ। ਐਨੀ ਫਰੈਂਕ ਦੀ ਇਹ ਡਾਇਰੀ ਸੰਸਾਰ ਦੇ ਦੂਜੇ ਵਿਸ਼ਵ ਯੁੱਧ ਦੌਰਾਨ ਯਹੂਦੀਆਂ ਤੇ ਹੋਏ ਜੁਰਮ ਦਾ ਦਸਤਾਵੇਜ਼ ਹੈ।
ਫਿਲਮ ਫ੍ਰੀਡਮ ਰਾਈਟਰਜ਼ ਨੂੰ ਸਮਝਣ ਲਈ ਸਾਨੂੰ ਇਹ ਚਾਰ ਕਿਰਦਾਰ ਸਮਝਣ ਦੀ ਲੋੜ ਹੈ। ਇਨ੍ਹਾਂ ਵਿਚੋਂ ਐਨੀ ਫਰੈਂਕ ਇਸ ਫਿਲਮ ਦਾ ਕੋਈ ਸਿੱਧਾ ਕਿਰਦਾਰ ਨਹੀਂ ਹੈ। ਇਹ ਪੂਰੀ ਫ਼ਿਲਮ ਦੀ ਮੂਲ ਆਤਮਾ ਹੈ ਜੋ ਪੂਰੇ ਕਥਾਨਕ ਵਿਚ ਫੈਲੀ ਹੋਈ ਹੈ।
ਹਿਲੇਰੀ ਸਵਾਂਕ ਦੀ ਬਤੌਰ ਅਦਾਕਾਰਾ ਇਹ ਫਿਲਮ ਸ਼ੁਰੂ ਹੁੰਦੀ ਹੈ ਇਕ ਸਕੂਲ ਤੋਂ ਜਿੱਥੇ ਸਾਡੀ ਗਿਣਤੀ ਦੇ ਕੁਝ ਵਿਦਿਆਰਥੀਆਂ ਨੂੰ ਖ਼ਾਸ ਯੋਜਨਾ ਤਹਿਤ ਦਾਖਲ ਕੀਤਾ ਗਿਆ ਹੈ। ਸਕੂਲ ਵਿਦਿਆਰਥੀ ਅਤੇ ਉਨ੍ਹਾਂ ਦੇ ਸਮਾਜ ਦਾ ਪਿਛੋਕੜ ਇਹ ਹੈ ਕਿ ਅਮਰੀਕਾ ਦੇ ਵਿਚ ਉਨ੍ਹਾਂ ਨਾਲ ਰੰਗ ਦੇਸ਼ ਅਤੇ ਜਾਤੀ ਨੂੰ ਲੈ ਕੇ ਸਮੇਂ ਸਮੇਂ ਸਿਰ ਨਸਲੀ ਵਿਤਕਰਾ ਹੁੰਦਾ ਰਿਹਾ ਹੈ। ਇਸ ਵਿਤਕਰੇ ਵਿਚੋਂ ਉਨ੍ਹਾਂ ਦੀ ਮਾਨਸਿਕਤਾ ਇਹ ਬਣ ਗਈ ਹੈ ਕਿ ਸਾਡੇ ਨਾਲ ਸਦਾ ਧੱਕਾ ਹੁੰਦਾ ਰਹੇਗਾ।
ਬਤੌਰ ਅਧਿਆਪਕ ਐਰਿਨ ਗਰੂਵੈੱਲ (ਇਹ ਉਹ ਲਿਖਾਰੀ ਹੈ ਜੀਹਦੀ ਕਿਤਾਬ ਦੀ ਫ੍ਰੀਡਮ ਰਾਈਟਰਜ਼ ਡਾਇਰੀ ਤੇ ਆਧਾਰਿਤ ਇਹ ਫ਼ਿਲਮ ਬਣੀ ਹੈ) ਇਨ੍ਹਾਂ ਵਿਦਿਆਰਥੀਆਂ ਦੀ ਨਬਜ਼ ਨੂੰ ਟਟੋਲਦੀ ਇਸ ’ਤੇ ਕੰਮ ਕਰਦੀ ਹੈ ਤਾਂ ਕਿ ਇਨ੍ਹਾਂ ਦਾ ਭਵਿੱਖ ਇਸ ਖੜੋਤ ਵਿਚੋਂ ਨਿਕਲ ਸਕੇ ਅਤੇ ਇਹ ਵਿਦਿਆਰਥੀ ਵੀ ਸਮਾਜ ਵਿਚ ਆਪਣੀਆਂ ਉਪਲੱਬਧੀਆਂ ਹਾਸਲ ਕਰਨ।
ਐਰਿਨ ਗੁਰੂਵੈੱਲ ਇਨ੍ਹਾਂ ਸਾਰੇ ਵਿਦਿਆਰਥੀਆਂ ਦੀ ਕੇਸ ਹਿਸਟਰੀ ਬਣਾਉਂਦੀ ਹੈ। ਉਹ ਵਿਦਿਆਰਥੀਆਂ ਨੂੰ ਕਹਿੰਦੀ ਹੈ ਕਿ ਤੁਸੀਂ ਰੋਜ਼ਾਨਾ ਆਪੋ-ਆਪਣੇ ਤਜ਼ਰਬਿਆਂ ਦੀ ਡਾਇਰੀ ਲਿਖਿਆ ਕਰੋ। ਉਨ੍ਹਾਂ ਵਿਦਿਆਰਥੀਆਂ ਦੀ ਡਾਇਰੀ ਪੜ੍ਹ ਕੇ ਐਰਿਨ ਨੂੰ ਅੰਦਾਜ਼ਾ ਹੁੰਦਾ ਹੈ ਕਿ ਇਨ੍ਹਾਂ ਅੰਦਰ ਕਿੰਨਾ ਗੁੱਸਾ ਭਰਿਆ ਹੈ ਅਤੇ ਇਨ੍ਹਾਂ ਦੀ ਨਾਰਾਜ਼ਗੀ ਕੀ ਹੈ ?
ਐਰਿਨ ਵਿਦਿਆਰਥੀਆਂ ਨੂੰ ਸਮਝਾਉਂਦੀ ਹੈ ਕਿ ਜਿਹੜਾ ਧੱਕਾ ਤੁਹਾਡੇ ਨਾਲ ਹੋਇਆ ਜਾਂ ਜਿਹੜਾ ਜੁਰਮ ਤੁਹਾਡੇ ਸਮਾਜ ਤੇ ਹੋਇਆ ਇੰਝ ਦੇ ਧੱਕੇ ਦੁਨੀਆਂ ਵਿੱਚ ਵੱਖ ਵੱਖ ਥਾਵਾਂ ਤੇ ਤੁਹਾਡੇ ਸਮਿਆਂ ਚ ਜਾਂ ਤੁਹਾਡੇ ਸਮਿਆਂ ਤੋਂ ਪਹਿਲਾਂ ਵੀ ਹੁੰਦੇ ਆਏ ਹਨ ਪਰ ਇਸ ਵਿਚ ਨਿਰਭਰ ਕਰਦਾ ਹੈ ਕਿ ਤੁਸੀਂ ਉਨ੍ਹਾਂ ਗਲਤ ਗੱਲਾਂ ਖਿਲਾਫ ਆਪਣੇ ਆਪ ਨੂੰ ਜਾਗਰੂਕ ਕਰਦਿਆਂ ਆਪਣਾ ਆਪ ਕਿਵੇਂ ਸਵਾਰਿਆ ਅਤੇ ਇਸ ਜ਼ਿੰਦਗੀ ਨੂੰ ਹਨੇਰੇ ਤੋਂ ਰੌਸ਼ਨੀ ਵਿਚ ਕਿੰਜ ਤਬਦੀਲ ਕੀਤਾ।
ਐਰਿਨ ਵਿਦਿਆਰਥੀਆਂ ਨੂੰ ਲਾਸ ਏਂਜਲਸ ਦੇ ਮਿਊਜ਼ੀਅਮ ਆਫ ਟਾਲਰੇਂਸ ਵਿਖੇ ਘੁੰਮਾਉਂਦੀ ਹੈ। ਉਹ ਹੋਲੋਕਾਸਟ ਵਿਚ ਬਚੇ ਯਹੂਦੀ ਲੋਕਾਂ ਨੂੰ ਆਪਣੇ ਵਿਦਿਆਰਥੀਆਂ ਨਾਲ ਤਜਰਬੇ ਸਾਂਝੇ ਕਰਨ ਨੂੰ ਕਹਿੰਦੀ ਹੈ। ਵਿਦਿਆਰਥੀ ਸਮਝਦੇ ਹਨ ਕਿ ਇਸ ਨਫ਼ਰਤ, ਫਿਰਕੂ ਮਾਹੌਲ ਵਿਚ ਨਸਲੀ ਹਮਲਿਆਂ ਦੇ ਸ਼ਿਕਾਰ ਉਹ ਇਕੱਲੇ ਨਹੀਂ ਹੋਏ। ਉਹ ਮਹਿਸੂਸ ਕਰਦੇ ਹਨ ਕਿ ਇਸ ਨਸਲੀ ਮਾਹੌਲ ਖਿਲਾਫ ਜੂਝਦੇ ਇਹ ਪੀੜਤ ਕਿੰਝ ਦੁਨੀਆਂ ਦੀ ਉਮੀਦ ਬਣੇ ਹਨ।
ਫਿਲਮ ਫ੍ਰੀਡਮ ਰਾਈਟਰਜ਼ ਨਫਰਤ ਦੇ ਇਸ ਮਾਹੌਲ ਵਿਚ ਬੱਚਿਆਂ ਦੀ ਮਾਨਸਿਕਤਾ ਨੂੰ ਬਹੁਤ ਬਾਰੀਕੀ ਨਾਲ ਪੇਸ਼ ਕਰਦੀ ਹੈ।
ਇਸ ਫਿਲਮ ਦੀ ਖੂਬੀ ਇਹ ਹੈ ਕਿ ਇਸ ਦੇ ਕਥਾਕਾਰ ਨੇ ਕਹਾਣੀ ਦੇ ਅੰਦਰ ਕਈ ਕਹਾਣੀਆਂ ਨੂੰ ਸਥਾਪਤ ਕੀਤਾ ਹੈ। ਫਿਲਮ ਨੂੰ ਲਿਖਣ ਵਾਲੀ ਐਰਿਨ ਅਤੇ ਹਦਾਇਤਕਾਰ ਰਿਚਰਡ ਨੇ ਫ੍ਰੀਡਮ ਰਾਈਟਰਜ਼ ਡਾਇਰੀ, ਐਨੀ ਫਰੈਂਕ ਦੀ ਡਾਇਰੀ ਅਤੇ ਡੁਰਾਗੋਂ ਸਟ੍ਰੀਟ ਜਿਹੀਆਂ ਕਿਤਾਬਾਂ ਦੇ ਹਵਾਲੇ ਦਿੱਤੇ ਹਨ। ਡੁਰਾਗੋਂ ਸਟ੍ਰੀਟ ਕਿਤਾਬ ਪੜ੍ਹਨ ਵਾਲੀ ਕੁੜੀ ਦਾ ਪਿਓ ਜੇਲ੍ਹ ਵਿਚ ਹੈ ਅਤੇ ਉਹ ਚਾਹੁੰਦੇ ਹਨ ਕਿ ਉਹਦੀ ਧੀ ਝੂਠੀ ਗਵਾਹੀ ਦੇਵੇ ਤਾਂ ਕਿ ਅਮਰੀਕਾ ਵਿਚ ਰਹਿੰਦੇ ਦੂਜੇ ਭਾਈਚਾਰੇ ਦਾ ਮੁੰਡਾ ਫਸ ਜਾਵੇ। ਸਕੂਲ ਵਿਚ ਪੜ੍ਹਦੀ ਇਹ ਕੁੜੀ ਨਫਰਤੀ ਵਿਤਕਰੇ ਤੋਂ ਬਾਹਰ ਆ ਗਈ ਹੈ ਅਤੇ ਉਹ ਨਹੀਂ ਚਾਹੁੰਦੀ ਕਿ ਉਸ ਦੀ ਗਵਾਹੀ ਨਾਲ ਕੋਈ ਬੇਕਸੂਰ ਮਾਰਿਆ ਜਾਵੇ। ਉਹ ਸੱਚ ਬੋਲਦੀ ਹੈ ਅਤੇ ਉਹਦਾ ਇੰਝ ਕਰਨ 'ਤੇ ਵਿਰੋਧ ਹੁੰਦਾ ਹੈ ਪਰ ਉਹ ਨੂੰ ਦਿਲੋਂ ਸ਼ਾਂਤੀ ਹੈ ਕਿ ਉਹਨੇ ਸਹੀ ਕੀਤਾ।
ਵਿਦਿਆਰਥੀ ਆਉਣ ਵਾਲੇ ਸਮਾਜ ਦਾ ਕੱਲ੍ਹ ਹਨ ਅਤੇ ਉਹ ਬਿਹਤਰ ਸਮਾਜ ਦਾ ਨਿਰਮਾਣ ਕਰਨਗੇ। ਇਹ ਫਿਲਮ ਆਪਣੇ ਕਥਾਨਕ ਤੋਂ ਇਸ ਦੌਰ ਦੀ ਅੰਨ੍ਹੀ ਸਨਕ ਨੂੰ ਬਿਹਤਰ ਢੰਗ ਨਾਲ ਸਮਝਾਉਂਦੀ ਹੈ। ਵਿੱਦਿਆ ਦਾ ਮਕਸਦ ਸਿਰਫ਼ ਨੌਕਰੀ ਕਰਨਾ ਅਤੇ ਪੈਸਾ ਕਮਾਉਣਾ ਨਹੀਂ ਹੁੰਦਾ।
ਵਿੱਦਿਆ ਦੇ ਤਿੰਨ ਖਾਸ ਪੜਾਅ ਹਨ :-Information - Knowledge - Wisdom
ਇਹ ਫ਼ਿਲਮ ਆਪਣੀ ਕਹਾਣੀ ਤੋਂ ਸਾਨੂੰ ਇਹੋ ਸਿਖਾ ਰਹੀ ਹੈ। ਇਸ ਫਿਲਮ ਨੂੰ ਇਸ ਕਰਕੇ ਵਾਰ ਵਾਰ ਵੇਖਣ ਦੀ ਲੋੜ ਹੈ। ਕਰੋਨਾ ਸੰਕਟ ਦੇ ਇਸ ਦੌਰ ਵਿਚ ਅਸੀਂ ਕਿੰਨੀਆਂ ਹੀ ਅਜਿਹੀਆਂ ਖਬਰਾਂ ਪੜ੍ਹੀਆਂ ਜਦੋਂ ਸ਼ਕਲ ਸੂਰਤ ਤੋਂ ਚੀਨੀ ਵਿਖਣ ਵਾਲੇ ਬੰਦਿਆਂ ਨੂੰ ਨਸਲੀ ਵਿਤਕਰੇ ਦਾ ਸ਼ਿਕਾਰ ਹੋਣਾ ਪਿਆ। ਮੁਸਲਮਾਨਾਂ ਖਿਲਾਫ ਤਬਲੀਗੀਆਂ ਦੇ ਨਾਮ ਥੱਲੇ ਦੇਸ਼ ਦੀਆਂ ਵੱਖ ਵੱਖ ਥਾਵਾਂ ਤੇ ਹਿੰਸਾ ਹੋਈ। ਇਹ ਸ਼ਰੀਰਕ ਹਿੰਸਾ ਵੀ ਸੀ ਅਤੇ ਮਾਨਸਿਕ ਹਿੰਸਾ ਵੀ ਸੀ। ਨਵਾਂ ਸ਼ਹਿਰ ਦੇ ਬਲਦੇਵ ਸਿੰਘ ਨੂੰ ਸੁਪਰ ਸਪਰੈਡਰ ਕਿਹਾ ਗਿਆ। ਪਟਿਆਲੇ ਦੀ ਪੁਲਸ ਅਤੇ ਨਿਹੰਗ ਸਿੰਘਾਂ ਦੀ ਮੁੱਠਭੇੜ ਨੂੰ ਫ਼ਿਰਕੂ ਰੰਗ ਦਿੱਤਾ ਗਿਆ।
ਇਨ੍ਹਾਂ ਤਾਜ਼ੀਆਂ ਘਟਨਾਵਾਂ ਤੋਂ ਇਲਾਵਾ ਸੰਸਾਰ ਦੇ ਵੱਖ-ਵੱਖ ਸਮਿਆਂ ਵਿਚ ਵੱਖ-ਵੱਖ ਹਿੱਸਿਆਂ ’ਚ ਅਜਿਹੀਆਂ ਘਟਨਾਵਾਂ ਆਮ ਵੇਖਣ ਨੂੰ ਮਿਲਦੀਆਂ ਹਨ। ਇਸ ਦੌਰਾਨ ਸਾਡੇ ਅੰਦਰ ਦੀ ਆਵਾਜ਼ ਸਾਡੀ ਸਹਿਜ ਅਵਸਥਾ ਹੀ ਕਿਸੇ ਵੀ ਨਸਲੀ ਪ੍ਰਚਾਰ ਨੂੰ ਖਤਮ ਕਰ ਸਕਦੀ ਹੈ।
ਇਸ ਦੁਨੀਆਂ ਵਿਚ ਮੀਪ ਗੀਜ਼ ਵਰਗੀਆਂ ਬੀਬੀਆਂ ਵੀ ਹਨ, ਜਿਨ੍ਹਾਂ ਨੇ ਆਪਣੇ ਅੰਤਰਮਨ ਦੀ ਆਵਾਜ਼ ਸੁਣੀ ਅਤੇ ਨਫ਼ਰਤਾਂ ਦੇ ਉਸ ਵਹਿਸ਼ੀ ਦੌਰ ਅੰਦਰ ਐਨੀ ਫਰੈਂਕ ਨੂੰ ਪੂਰੇ ਦੋ ਸਾਲ ਨਾਜ਼ੀ ਹਕੂਮਤ ਤੋਂ ਬਚਾ ਕੇ ਰੱਖਿਆ। ਇਸ ਦੁਨੀਆਂ ਵਿਚ ਅਜਿਹੇ ਹਜ਼ਾਰਾਂ ਮੁਸਲਮਾਨ ਹੋਣਗੇ, ਜਿਨ੍ਹਾਂ ਨੇ ਕਸ਼ਮੀਰੀ ਪੰਡਿਤਾਂ ਨੂੰ ਬਚਾਇਆ ਅਤੇ ਇਸ ਦੁਨੀਆਂ ਵਿਚ ਹਜ਼ਾਰਾਂ ਹਿੰਦੂ ਹੋਣਗੇ, ਜਿਨ੍ਹਾਂ ਨੇ ਦਿੱਲੀ ਵਿਖੇ ਸਿੱਖਾਂ ਨੂੰ ਬਚਾਇਆ। ਨਫ਼ਰਤ ਨੂੰ ਖ਼ਤਮ ਨਫ਼ਰਤ ਨਹੀਂ ਕਰਦੀ।
ਇਸ ਦੁਨੀਆਂ ਵਿਚ ਇੱਕਲਾ ਤੁਹਾਡੇ ਨਾਲ ਧੱਕਾ ਨਹੀਂ ਹੋਇਆ। ਜੇ ਸਾਡੇ ਨਾਲ ਕੁਝ ਗਲਤ ਹੁੰਦਾ ਹੈ ਤਾਂ ਕੀ ਅਸੀਂ ਸਾਹਮਣੇ ਵਾਲੇ ਨਾਲ ਵੀ ਗ਼ਲਤ ਹੋਣ ਦਿਆਂਗੇ ? ਤੁਸੀਂ ਕੀ ਬਣੋਗੇ ? ਤੁਹਾਡੀ ਗਿਣਤੀ ਸਦਾ ਬਚਾਉਣ ਵਾਲਿਆਂ ਵਿਚ ਹੋਣੀ ਚਾਹੀਦੀ ਹੈ। ਮਹਾਤਮਾ ਗਾਂਧੀ ਕਹਿੰਦੇ ਸਨ ਕਿ ਜੇ ਅੱਖ ਦੇ ਬਦਲੇ ਅੱਖ ਲੈਣ ਲੱਗ ਪਏ ਤਾਂ ਇਕ ਦਿਨ ਸਾਰੀ ਦੁਨੀਆਂ ਅੰਨ੍ਹੀ ਹੋ ਜਾਵੇਗੀ।
ਇਹ ਫਿਲਮ ਜੋ ਸਾਨੂੰ ਸਿਖਾਉਂਦੀ ਹੈ। ਇਹ ਫਿਲਮ ਜੋ ਸਾਨੂੰ ਇਸ਼ਾਰਾ ਕਰਦੀ ਹੈ ਇਸ ਦੌਰ ਦੀ ਵਿੱਦਿਆ ਵਿਚ ਇਹ ਸਬਕ ਸਭ ਨੂੰ ਯਾਦ ਰੱਖਣਾ ਚਾਹੀਦਾ ਹੈ।
ਫ਼ਿਲਮ ਦੇ ਦ੍ਰਿਸ਼ ਵਿਚ ਉਨ੍ਹਾਂ ਬੱਚਿਆਂ ਨੂੰ ਮੀਪ ਗੀਜ਼ ਕਹਿੰਦੀ ਹੈ ਕਿ ਤੁਸੀਂ ਵੀ ਹੀਰੋ ਹੋ, ਜਿਨ੍ਹਾਂ ਨੇ ਆਪਣੇ ਸੀਮਤ ਵਸੀਲਿਆਂ ਵਿਚ ਮੈਨੂੰ ਬੁਲਾ ਕੇ ਆਪਣੇ ਨਾਲ ਗੱਲਾਂ ਕਰਦਿਆਂ ਇਸ ਹਨੇਰੇ ਕਮਰੇ ਵਿਚ ਰੌਸ਼ਨੀ ਦੀ ਮਸ਼ਾਲ ਬਾਲੀ। ਮੀਪ ਗੀਜ਼ ਨੀਦਰਲੈਂਡ ਵਿਖੇ ਆਪਣੀ 100 ਸਾਲ ਦੀ ਉਮਰ ਹੰਢਾਕੇ 2010 ਵਿਚ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਈ ਪਰ ਉਹਦਾ ਸਦਾ ਜ਼ਿਕਰ ਰਹੇਗਾ, ਕਿਉਂਕਿ ਉਹਨੇ ਨਫ਼ਰਤ ਨਹੀਂ ਇਨਸਾਨੀਅਤ ਨੂੰ ਚੁਣਿਆ।
ਇਸ ਨੂੰ ਕੁਝ ਇੰਝ ਸਮਝਦੇ ਹਾਂ ਆਸਟ੍ਰੇਲੀਆ ਦਾ ਚਿੱਤਰਕਾਰ ਡੇਨੀਅਲ ਕੋਨਲ ਜ਼ਿਆਦਾਤਰ ਚਿੱਤਰ ਸਿੱਖਾਂ ਦੇ ਬਣਾਉਂਦਾ ਹੈ। ਡੇਨੀਅਲ ਨੂੰ ਪੁੱਛਿਆ ਕਿ ਤੁਸੀਂ ਇੰਝ ਕਿਉਂ ਕਰਦੇ ਹੋ ਤਾਂ ਉਹਦਾ ਜਵਾਬ ਸੀ, ਜਿਸ ਦਿਨ ਇਕ ਭਾਈਚਾਰੇ ਦਾ ਬੰਦਾ ਆਪਣੇ ਭਾਈਚਾਰੇ ਦੀ ਗੱਲ ਨਾ ਕਰਕੇ ਦੂਜੇ ਭਾਈਚਾਰੇ ਦੇ ਦੁੱਖ-ਸੁੱਖ ਅਤੇ ਤ੍ਰਾਸਦੀਆਂ ਦੀ ਗੱਲ ਕਰੇਗਾ। ਉਹ ਉਨ੍ਹਾਂ ਦੀ ਆਵਾਜ਼ ਬਣੇਗਾ, ਉਸ ਦਿਨ ਦੁਨੀਆਂ ਬਦਲੇਗੀ, ਕਿਉਂਕਿ ਇੰਜ ਉਹ ਭਾਈਚਾਰਾ ਆਪਣੇ ਕਿਸੇ ਹੋਰ ਭਾਈਚਾਰੇ ਦੇ ਦੁੱਖ-ਸੁੱਖ ਵਿਚ ਸ਼ਰੀਕ ਹੋਵੇਗਾ।
ਫ੍ਰੀਡਮ ਰਾਈਟਰਜ਼ ਫ਼ਿਲਮ ਦੀ ਕਹਾਣੀ ਅੰਤ ਇਹੋ ਕਹਿੰਦੀ ਹੈ ਕਿ ਦੁਨੀਆਂ ਤੇ ਤ੍ਰਾਸਦੀਆਂ ਵਾਪਰਦੀਆਂ ਰਹਿਣਗੀਆਂ ਅਖੀਰ ਤੇ ਇਹ ਸਾਡਾ ਫੈਸਲਾ ਹੈ ਕਿ ਅਸੀਂ ਉਸ ਨਫ਼ਰਤੀ ਹਵਾ ਦਾ ਹਿੱਸਾ ਬਣਦੇ ਹਾਂ ਜਾਂ ਉਸ ਦੇ ਖਿਲਾਫ ਖੜ੍ਹਦਿਆਂ ਇਨਸਾਨੀਅਤ ਚਾਹੁੰਦੇ ਹਾਂ।