ਆਜ਼ਾਈ ਘੁਲਾਟੀਏ ਪਰਿਵਾਰਾਂ ਨੇ CM ਮਾਨ ਨਾਲ ਮੀਟਿੰਗ ਕਰਵਾਉਣ ਦੇ ਭਰੋਸੇ ਮਗਰੋਂ ਕੋਠੀ ਅੱਗਿਓਂ ਚੁੱਕਿਆ ਧਰਨਾ

Saturday, Mar 11, 2023 - 07:43 PM (IST)

ਆਜ਼ਾਈ ਘੁਲਾਟੀਏ ਪਰਿਵਾਰਾਂ ਨੇ CM ਮਾਨ ਨਾਲ ਮੀਟਿੰਗ ਕਰਵਾਉਣ ਦੇ ਭਰੋਸੇ ਮਗਰੋਂ ਕੋਠੀ ਅੱਗਿਓਂ ਚੁੱਕਿਆ ਧਰਨਾ

ਸੰਗਰੂਰ (ਵਿਜੈ ਕੁਮਾਰ ਸਿੰਗਲਾ)-ਆਜ਼ਾਦੀ ਘੁਲਾਟੀਏ ਪਰਿਵਾਰਾਂ ਦੀ ਸੰਸਥਾ ਫਰੀਡਮ ਫਾਈਟਰ ਸਕਸੈੱਸਰਜ਼ ਆਰਗੇਨਾਈਜ਼ੇਸ਼ਨ (196) ਵੱਲੋਂ ਫਰੀਡਮ ਫਾਈਟਰ ਪਰਿਵਾਰਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਮੰਨਵਾਉਣ ਲਈ ਅੱਜ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰ ਕੇ ਅਣਮਿੱਥੇ ਸਮੇਂ ਲਈ ਧਰਨਾ ਲਾਇਆ ਗਿਆ ਪਰ ਮੌਕੇ ’ਤੇ ਪੁੱਜੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ 31 ਮਾਰਚ ਨੂੰ ਚੰਡੀਗੜ੍ਹ ਵਿਖੇ ਜਥੇਬੰਦੀ ਦੇ ਵਫ਼ਦ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦੇਣ ਮਗਰੋਂ ਧਰਨਾ ਸਮਾਪਤ ਕਰ ਦਿੱਤਾ ਗਿਆ।

ਇਹ ਖ਼ਬਰ ਵੀ ਪੜ੍ਹੋ : ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਖ਼ਿਲਾਫ਼ ਵਿਜੀਲੈਂਸ ਦੀ ਵੱਡੀ ਕਾਰਵਾਈ, ਚੁੱਕਿਆ ਇਹ ਕਦਮ

PunjabKesari

 ਇਸ ਦੌਰਾਨ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ। ਜਦੋਂ ਫਰੀਡਮ ਫਾਈਟਰ ਪਰਿਵਾਰ ਮੁੱਖ ਮੰਤਰੀ ਦੀ ਕੋਠੀ ਵੱਲ ਵਧ ਰਹੇ ਸਨ ਤਾਂ ਮੌਕੇ ’ਤੇ ਮੌਜੂਦ ਪੁਲਸ ਪ੍ਰਸ਼ਾਸਨ ਨਾਲ ਗਰਮਾ-ਗਰਮੀ ਦਾ ਮਾਹੌਲ ਵੀ ਬਣਿਆ ਪਰ ਪ੍ਰਸ਼ਾਸਨ ਨੇ ਮੌਕੇ ਦੇ ਹਾਲਾਤ ਨੂੰ ਦੇਖਦੇ ਹੋਏ ਜਥੇਬੰਦੀ ਦੇ ਆਗੂਆਂ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਕਰਵਾ ਕੇ ਮਸਲੇ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਸਰਕਾਰ ਬਣੇ ਨੂੰ ਇਕ ਸਾਲ ਬੀਤਣ ਦੇ ਬਾਵਜੂਦ ਫਰੀਡਮ ਫਾਈਟਰ ਪਰਿਵਾਰਾਂ ਨੂੰ ਬਣਦੇ ਹੱਕਾਂ ਤੋਂ ਵਾਂਝੇ ਰੱਖਿਆ ਜਾ ਰਿਹਾ ਹੈ। ਸੰਸਥਾ ਵੱਲੋਂ ਫਰੀਡਮ ਫਾਈਟਰ ਪਰਿਵਾਰਾਂ ਦੀਆਂ ਮੁਸ਼ਕਿਲਾਂ ਅਤੇ ਮੰਗਾਂ ਬਾਰੇ ਪੰਜਾਬ ਸਰਕਾਰ ਦੇ ਮੰਤਰੀਆਂ ਨੂੰ ਕਈ ਵਾਰ ਜਾਣੂ ਕਰਵਾਇਆ ਜਾ ਚੁੱਕਾ ਹੈ ਪਰ ਕੋਈ ਲਾਭ ਨਹੀਂ ਹੋਇਆ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ਕੈਬਨਿਟ ਨੇ ਨਵੀਂ ਐਕਸਾਈਜ਼ ਤੇ ਮਾਈਨਿੰਗ ਪਾਲਿਸੀ ਨੂੰ ਦਿੱਤੀ ਮਨਜ਼ੂਰੀ, CM ਨੇ ਸਾਂਝੀ ਕੀਤੀ ਪੋਸਟ

PunjabKesari

ਸਰਕਾਰ ਵੱਲੋਂ ਪਿਛਲੇ ਦਿਨੀਂ ਕੱਢੀਆਂ ਗਈਆਂ ਸਰਕਾਰੀ ਨੌਕਰੀਆਂ ’ਚ ਸਾਡਾ ਬਣਦਾ ਕੋਟਾ ਵੀ ਨਹੀਂ ਦਿੱਤਾ ਗਿਆ, ਜਿਸ ਦੇ ਰੋਸ ਵਜੋਂ ਫਰੀਡਮ ਫਾਈਟਰ ਪਰਿਵਾਰ ਆਪਣੇ ਹੱਕ ਲੈਣ ਲਈ ਧਰਨਾ ਲਾਉਣ ਨੂੰ ਮਜਬੂਰ ਹੋਏ ਹਨ। ਆਗੂਆਂ ਨੇ ਮੰਗਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਫਰੀਡਮ ਫਾਈਟਰ ਦੇ ਪਰਿਵਾਰਾਂ ਨੂੰ ਸਰਕਾਰ ਵੱਲੋਂ ਕੱਢੀਆਂ ਗਈਆਂ ਪਟਵਾਰੀਆਂ, ਬਿਜਲੀ ਮੁਲਾਜ਼ਮਾਂ, ਆਂਗਣਵਾੜੀ ਅਤੇ ਨਗਰ ਨਿਗਮ ਦੀਆਂ ਪੋਸਟਾਂ ’ਚ ਪਹਿਲਾਂ ਵਾਂਗ 5 ਫੀਸਦੀ ਕੋਟਾ ਲਾਗੂ ਕਰ ਕੇ ਪੋਸਟਾਂ ਦਾ ਨੋਟੀਫਿਕੇਸ਼ਨ ਮੁੜ ਜਾਰੀ ਕੀਤਾ ਜਾਵੇ | ਸਰਕਾਰ ਵੱਲੋਂ ਫਰੀਡਮ ਫਾਈਟਰ ਪਰਿਵਾਰਾਂ ਨੂੰ ਤਿੰਨ ਪੀੜ੍ਹੀਆਂ ਤੱਕ ਹੀ ਮਾਨਤਾ ਦਿੰਦੀ ਹੈ, ਜਦਕਿ ਸਾਡੀ ਮੰਗ ਚੌਥੀ ਪੀੜ੍ਹੀ ਤੱਕ ਮਾਨਤਾ ਦੇਣ ਦੀ ਹੈ ਕਿਉਂਕਿ ਫਰੀਡਮ ਫਾਈਟਰਾਂ ਦੀ ਤੀਜੀ ਪੀੜ੍ਹੀ ਜ਼ਿਆਦਾਤਰ ਉਮਰ-ਦਰਾਜ ਹੋ ਚੁੱਕੀ ਹੈ। ਫਰੀਡਮ ਫਾਈਟਰ ਪਰਿਵਾਰਾਂ ਨੂੰ ਉੱਤਰਾਖੰਡ ਸਰਕਾਰ ਦੀ ਤਰਜ਼ ’ਤੇ ਸਨਮਾਨਯੋਗ ਪੈਨਸ਼ਨ ਲਾਈ ਜਾਵੇ। ਪੁੱਡਾ ਅਤੇ ਗਮਾਡਾ ਵੱਲੋਂ ਕੱਢੇ ਜਾ ਰਹੇ ਪਲਾਟਾਂ ’ਚ ਸਰਕਾਰ ਵੱਲੋਂ ਸਿਰਫ ਫਰੀਡਮ ਫਾਈਟਰਾਂ ਨੂੰ ਹੀ ਸ਼ਾਮਲ ਕੀਤਾ ਗਿਆ ਹੈ, ਜਦਕਿ ਸਾਡੀ ਮੰਗ ਫਰੀਡਮ ਫਾਈਟਰ ਪਰਿਵਾਰਾਂ ਨੂੰ ਵੀ ਇਹ ਲਾਭ ਦੇਣ ਦੀ ਹੈ ਕਿਉਂਕਿ ਫਰੀਡਮ ਫਾਈਟਰਾਂ ਦੀ ਗਿਣਤੀ ਬਹੁਤ ਘੱਟ ਰਹਿ ਗਈ ਹੈ, ਇਸ ਲਈ ਇਸ ਦਾ ਲਾਭ ਪਰਿਵਾਰਾਂ ਨੂੰ ਵੀ ਦਿੱਤਾ ਜਾਵੇ। ਧਰਨੇ ਨੂੰ ਸੂਬਾ ਪ੍ਰਧਾਨ ਹਰਿੰਦਰਪਾਲ ਸਿੰਘ ਖਾਲਸਾ, ਸੂਬਾ ਸਕੱਤਰ ਮੇਜਰ ਸਿੰਘ ਬਰਨਾਲਾ, ਸੂਬਾ ਖਜ਼ਾਨਚੀ ਭਰਪੂਰ ਸਿੰਘ ਮਾਨਸਾ, ਸਟੇਟ ਬਾਡੀ ਮੈਂਬਰ ਰਵਿੰਦਰ ਸਿੰਘ ਬਠਿੰਡਾ, ਨਾਜਮ ਸਿੰਘ ਮੁਕਤਸਰ, ਰਾਮ ਸਿੰਘ ਮਿੱਡਾ, ਭੁਪਿੰਦਰ ਸਿੰਘ ਮਾਨਸਾ, ਅਵਤਾਰ ਸਿੰਘ ਰਾਏਕੋਟ, ਬਲਵਿੰਦਰ ਸਿੰਘ ਮੁੱਖ ਬੁਲਾਰਾ ਸਮੇਤ ਵੱਡੀ ਗਿਣਤੀ ’ਚ ਆਜ਼ਾਦੀ ਘੁਲਾਟੀਏ ਪਰਿਵਾਰ ਹਾਜ਼ਰ ਸਨ।


author

Manoj

Content Editor

Related News