ਲੰਪੀ ਸਕਿਨ ਬੀਮਾਰੀ ਤੋਂ ਬਚਾਅ ਲਈ ਰਾਜ ਪੱਧਰੀ ਮੁਫ਼ਤ ਟੀਕਾਕਰਨ ਮੁਹਿੰਮ ਸ਼ੁਰੂ

Wednesday, Feb 15, 2023 - 05:13 PM (IST)

ਲੰਪੀ ਸਕਿਨ ਬੀਮਾਰੀ ਤੋਂ ਬਚਾਅ ਲਈ ਰਾਜ ਪੱਧਰੀ ਮੁਫ਼ਤ ਟੀਕਾਕਰਨ ਮੁਹਿੰਮ ਸ਼ੁਰੂ

ਮੋਹਾਲੀ (ਪਰਦੀਪ) : ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਕਾਸ ਪ੍ਰਤਾਪ ਵੱਲੋਂ ਲੰਪੀ ਸਕਿਨ ਬੀਮਾਰੀ ਤੋਂ ਬਚਾਅ ਲਈ ਰਾਜ ਪੱਧਰੀ ਮੁਫ਼ਤ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਐੱਸ. ਏ. ਐੱਸ. ਨਗਰ (ਮੋਹਾਲੀ) ਸਥਿਤ ਗਊਸ਼ਾਲਾ ਤੋਂ ਕਰਵਾਈ ਗਈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਅੱਜ ਇਹ ਮੁਹਿੰਮ ਸੂਬੇ ਭਰ 'ਚ ਸ਼ੁਰੂ ਹੋ ਗਈ ਹੈ ਅਤੇ ਕਰੀਬ 75 ਦਿਨ ਤੱਕ ਚੱਲਣ ਵਾਲੀ ਇਸ ਟੀਕਾਕਰਨ ਮੁਹਿੰਮ ਦੌਰਾਨ 30 ਅਪ੍ਰੈਲ, 2023 ਤੱਕ ਸੂਬੇ ਦੇ ਸਮੁੱਚੇ ਗਊਧਨ ਦਾ ਮੁਫ਼ਤ ਟੀਕਾਕਰਨ ਕੀਤਾ ਜਾਵੇਗਾ ਤਾਂ ਜੋ ਪਸ਼ੂ ਧਨ ਨੂੰ ਸੁਰੱਖਿਅਤ ਰੱਖਿਆ ਜਾ ਸਕੇ।

ਉਨ੍ਹਾਂ ਕਿਹਾ ਪਸ਼ੂ ਧਨ ਨਾਲ ਸਬੰਧਿਤ ਹਰ ਧਿਰ ਇਸ ਮੁਹਿੰਮ ਦੀ ਸਫ਼ਲਤਾ ਲਈ ਵੱਧ ਤੋਂ ਵੱਧ ਸਹਿਯੋਗ ਦੇਵੇ। ਪੰਜਾਬ ਸਰਕਾਰ ਨੇ ਇਸ ਸਾਲ ਦੌਰਾਨ ਲੰਪੀ ਸਕਿਨ ਬੀਮਾਰੀ ਤੋਂ ਗਾਵਾਂ ਦੇ ਅਗਾਊਂ ਬਚਾਅ ਲਈ ਮੈਗਾ ਟੀਕਾਕਰਨ ਮੁਹਿੰਮ ਵਾਸਤੇ ਪੰਜਾਬ ਰਾਜ ਵਿੱਚ 25 ਲੱਖ ਗਾਵਾਂ ਨੂੰ ਗੋਟ ਪੌਕਸ ਵੈਕਸੀਨ ਦੀਆਂ 25 ਲੱਖ ਖ਼ੁਰਾਕਾਂ ਦੇ ਟੀਕਾਕਰਨ ਕਰਨ ਦਾ ਟੀਚਾ ਮਿੱਥਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਵਰ੍ਹੇ ਦੂਜੇ ਸੂਬਿਆਂ ਰਾਹੀਂ ਪੰਜਾਬ ਅੰਦਰ ਫੈਲੀ ਇਸ ਬੀਮਾਰੀ ਨਾਲ ਪਸ਼ੂ ਧਨ ਦਾ ਬਹੁਤ ਨੁਕਸਾਨ ਹੋਇਆ ਸੀ।

ਇਹ ਬੀਮਾਰੀ ਮੁੜ ਸੂਬੇ ਵਿੱਚ ਕਿਰਸਾਨੀ, ਪਸ਼ੂ ਧਨ ਅਤੇ ਸਬੰਧਿਤ ਕਿੱਤਿਆਂ ਦਾ ਨੁਕਸਾਨ ਨਾ ਕਰ ਸਕੇ, ਇਸ ਲਈ ਸੂਬਾ ਸਰਕਾਰ ਨੇ ਪਹਿਲਾਂ ਹੀ ਵਿਉਂਤਬੰਦੀ ਕੀਤੀ ਹੈ। ਲੰਪੀ ਸਕਿਨ ਬੀਮਾਰੀ ਦੀ ਰੋਕਥਾਮ ਅਤੇ ਭਵਿੱਖੀ ਰਣਨੀਤੀ ਉਲੀਕਣ ਲਈ ਗਠਤ ਕੀਤੇ ਗਏ ਮੰਤਰੀ ਸਮੂਹ ਦੀ ਮੀਟਿੰਗ ਦੌਰਾਨ ਲਏ ਫ਼ੈਸਲੇ ਅਨੁਸਾਰ 15 ਫ਼ਰਵਰੀ, 2023 ਤੋਂ ਰਾਜ ਪੱਧਰੀ ਮੈਗਾ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਗਈ ਹੈ।


 


author

Babita

Content Editor

Related News