ਮੁਫ਼ਤ ਸਫ਼ਰ ਯੋਜਨਾ : PRTC ਦਾ ਪੰਜਾਬ ਸਰਕਾਰ ਸਿਰ 200 ਕਰੋੜ ਰੁਪਿਆ ਬਕਾਇਆ, ਮੁਲਾਜ਼ਮ ਹੋਏ ਔਖੇ

Friday, Jun 24, 2022 - 03:44 PM (IST)

ਪਟਿਆਲਾ (ਜ. ਬ., ਲਖਵਿੰਦਰ)-ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ. ਆਰ. ਟੀ. ਸੀ.) ਵੱਲੋਂ ਪੰਜਾਬ ਸਰਕਾਰ ਦੇ ਹੁਕਮਾਂ ’ਤੇ ਚਲਾਈ ਜਾ ਰਹੀ ਔਰਤਾਂ ਲਈ ਮੁਫ਼ਤ ਸਫ਼ਰ ਯੋਜਨਾ ਦਾ 200 ਕਰੋਡ਼ ਰੁਪਿਆ ਪੰਜਾਬ ਸਰਕਾਰ ਸਿਰ ਬਕਾਇਆ ਹੋ ਗਿਆ ਹੈ, ਜਿਸ ਕਾਰਨ ਪੀ. ਆਰ. ਟੀ. ਸੀ. ਦੇ ਹਾਲਾਤ ਕੱਖੋਂ ਹੌਲ਼ੇ ਹੋ ਗਏ ਹਨ। ਲੰਘੇ ਮਈ ਮਹੀਨੇ ਦੀ ਨਾ ਤਾਂ ਪੱਕੇ ਮੁਲਾਜ਼ਮਾਂ ਨੂੰ ਪੂਰੀ ਤਨਖਾਹ ਮਿਲ ਸਕੀ ਹੈ ਅਤੇ ਨਾ ਹੀ ਪੈਨਸ਼ਨਰਾਂ ਨੂੰ ਪੂਰੀ ਪੈਨਸ਼ਨ ਮਿਲ ਸਕੀ ਹੈ। ਇਸ ਤੋਂ ਇਲਾਵਾ ਠੇਕੇ ’ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਤਾਂ ਤਨਖਾਹ ਦਾ ਧੇਲਾ ਵੀ ਨਹੀਂ ਮਿਲਿਆ, ਜਿਸ ਕਾਰਨ ਇਹ ਮੁਲਾਜ਼ਮ ਰੋਜ਼ ਬੱਸ ਅੱਡੇ ਬੰਦ ਕਰਨ ਦੇ ਰਾਹ ਪੈ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਪੀ. ਆਰ. ਟੀ. ਸੀ. ਦੇ ਰੈਗੂਲਰ ਮੁਲਾਜ਼ਮਾਂ ਨੂੰ ਮਈ ਮਹੀਨੇ ਦੀ ਤਨਖਾਹ ਦਾ ਸਿਰਫ 75 ਫੀਸਦੀ ਹਿੱਸਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਕੌਣ ਹੈ ਬਲਵਿੰਦਰ ਜਟਾਣਾ, ਸਿੱਧੂ ਮੂਸੇਵਾਲਾ ਨੇ ‘SYL’ ਗੀਤ ’ਚ ਕੀਤੈ ਜ਼ਿਕਰ

ਇਸੇ ਤਰੀਕੇ ਪੈਨਸ਼ਨਰਾਂ ਨੂੰ ਸਿਰਫ 75 ਫੀਸਦੀ ਪੈਨਸ਼ਨ ਹੀ ਦਿੱਤੀ ਗਈ ਹੈ। ਠੇਕੇ ’ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਤਾਂ ਧੇਲਾ ਵੀ ਨਹੀਂ ਮਿਲਿਆ। ਇਥੇ ਦੱਸਣਯੋਗ ਹੈ ਕਿ ਪੀ. ਆਰ. ਟੀ. ਸੀ. ਨੂੰ ਰੋਜ਼ਾਨਾ ਟਿਕਟਾਂ ਦੀ ਵਿਕਰੀ ਤੋਂ 2 ਕਰੋਡ਼ ਰੁਪਏ ਤੋਂ ਜ਼ਿਆਦਾ ਦੀ ਆਮਦਨ ਹੁੰਦੀ ਹੈ। ਇਸ ’ਚੋਂ ਜਿਹਡ਼ੇ ਪੁਰਸ਼ ਮੁਸਾਫ਼ਿਰ ਸਫ਼ਰ ਕਰਦੇ ਹਨ, ਉਨ੍ਹਾਂ ਦੇ ਹਿੱਸੇ ਦੇ ਸਵਾ ਕਰੋਡ਼ ਰੁਪਏ ਨਕਦ ਮਿਲ ਜਾਂਦੇ ਹਨ। ਮੁਫ਼ਤ ਸਫ਼ਰ ਸਕੀਮ ਤਹਿਤ ਔਰਤਾਂ ਦਾ ਰੋਜ਼ਾਨਾ 1 ਕਰੋਡ਼ ਰੁਪਿਅਾ ਪੰਜਾਬ ਸਰਕਾਰ ਸਿਰ ਬਕਾਇਆ ਚਡ਼੍ਹ ਜਾਂਦਾ ਹੈ। ਪੀ. ਆਰ. ਟੀ. ਸੀ. ਦੀ ਮੁਸ਼ਕਿਲ ਇਹ ਹੈ ਕਿ ਜਿਹਡ਼ੇ ਪੁਰਸ਼ਾਂ ਦੇ ਸਫ਼ਰ ਦੇ ਸਵਾ ਕਰੋਡ਼ ਰੁਪਏ ਮਿਲਦੇ ਹਨ, ਉਹ ਡੀਜ਼ਲ ਤੇ ਹੋਰ ਫੁਟਕਲ ਖਰਚ ਹੋ ਜਾਂਦੇ ਹਨ, ਇਸ ਕਾਰਨ ਬਾਕੀ ਦੇ ਖਰਚੇ ਪੂਰੇ ਕਰਨੇ ਔਖੇ ਹੋ ਜਾਂਦੇ ਹਨ। ਇਸ ਮਾਮਲੇ ਬਾਰੇ ਜਦੋਂ ਪੀ. ਆਰ. ਟੀ. ਸੀ. ਦੇ ਐੱਮ. ਡੀ. ਪੂਨਮਦੀਪ ਕੌਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਤੋਂ ਬਕਾਏ ਦੇ ਪੈਸੇ ਰੈਗੂਲਰ ਆ ਰਹੇ ਹਨ। ਅੱਜ ਵੀ ਸਾਢੇ 7 ਕਰੋਡ਼ ਰੁਪਏ ਆਏ ਹਨ। ਜ਼ੁਬਾਨੀ ਉਨ੍ਹਾਂ ਨੂੰ ਅੰਕਡ਼ੇ ਯਾਦ ਨਹੀਂ ਪਰ ਪੈਸੇ ਰੈਗੂਲਰ ਆ ਰਹੇ ਹਨ। ਉਨ੍ਹਾਂ ਇਹ ਦਾਅਵਾ ਵੀ ਕੀਤਾ ਕਿ ਮੁਲਾਜ਼ਮਾਂ ਦੀ ਬਚਦੀ 25 ਫੀਸਦੀ ਤਨਖਾਹ ਤੇ ਪੈਨਸ਼ਨਰਾਂ ਦੇ 25 ਫੀਸਦੀ ਪੈਨਸ਼ਨ ਬਕਾਏ ਵੀ ਅਦਾ ਕਰ ਦਿੱਤੇ ਗਏ ਹਨ।

 


Manoj

Content Editor

Related News