ਵੱਡੀ ਖ਼ਬਰ : ''ਗਰੀਬ ਕੋਰੋਨਾ ਮਰੀਜ਼ਾਂ'' ਨੂੰ ਮੁਫ਼ਤ ਭੋਜਨ ਮੁਹੱਈਆ ਕਰਵਾਏਗੀ ਪੰਜਾਬ ਪੁਲਸ, ਇਸ ਦਿਨ ਤੋਂ ਹੋਵੇਗੀ ਸ਼ੁਰੂਆਤ
Thursday, May 13, 2021 - 05:46 PM (IST)
ਚੰਡੀਗੜ੍ਹ : ਪੰਜਾਬ ਵਿਚ ਗਰੀਬ ਅਤੇ ਬੇਸਹਾਰਾ ਕੋਵਿਡ ਮਰੀਜ਼ ਆਪਣੀ ਭੁੱਖ ਮਿਟਾਉਣ ਲਈ ਭੋਜਨ ਲੈਣ ਵਾਸਤੇ ਹੈਲਪਲਾਈਨ ਨੰਬਰ 181 ਅਤੇ 112 'ਤੇ ਕਾਲ ਕਰ ਸਕਦੇ ਹਨ ਅਤੇ ਪੰਜਾਬ ਪੁਲਸ ਵਿਭਾਗ ਰਾਹੀਂ ਉਨ੍ਹਾਂ ਦੇ ਘਰਾਂ ਤੱਕ ਤਿਆਰ ਭੋਜਨ ਮੁਫ਼ਤ ਮੁਹੱਈਆ ਕਰਵਾਇਆ ਜਾਵੇਗਾ। ਇਸ ਮਾਨਵਤਾਵਾਦੀ ਉਪਰਾਲੇ ਦਾ ਐਲਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਪੰਜਾਬ ਵਜ਼ਾਰਤ ਦੀ ਮੀਟਿੰਗ ਦੌਰਾਨ ਕੀਤਾ ਗਿਆ।
ਇਸ ਦੌਰਾਨ ਮੁੱਖ ਮੰਤਰੀ ਨੇ ਐਲਾਨ ਕੀਤਾ, “ਅਸੀਂ ਪੰਜਾਬ ਵਿਚ ਕਿਸੇ ਨੂੰ ਵੀ ਭੁੱਖਾ ਨਹੀਂ ਸੌਣ ਦੇਵਾਂਗੇ।” ਅਜਿਹੇ ਮਰੀਜ਼ ਦਿਨ-ਰਾਤ ਕਿਸੇ ਵੀ ਸਮੇਂ ਇਨ੍ਹਾਂ ਨੰਬਰਾਂ 'ਤੇ ਕਾਲ ਕਰ ਸਕਦੇ ਹਨ ਅਤੇ ਪੰਜਾਬ ਪੁਲਸ ਵੱਲੋਂ ਕੋਵਿਡ ਰਸੋਈਆਂ ਅਤੇ ਡਲਿਵਰੀ ਦੇਣ ਵਾਲੇ ਮੁੰਡਿਆਂ ਰਾਹੀਂ ਉਨ੍ਹਾਂ ਦੇ ਘਰ ਤੱਕ ਪੱਕਿਆ ਹੋਇਆ ਭੋਜਨ ਮੁਹੱਈਆ ਕਰਵਾਇਆ ਜਾਵੇਗਾ। ਡੀ. ਜੀ. ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਇਸ ਮਕਸਦ ਲਈ ਵਿਭਾਗ ਅਜਿਹੀਆਂ ਰਸੋਈਆਂ ਅਤੇ ਡਲਿਵਰੀ ਏਜੰਟਾਂ ਨਾਲ ਰਾਬਤਾ ਬਣਾ ਰਿਹਾ ਹੈ। ਉਨ੍ਹਾਂ ਨੇ ਸੂਬੇ ਵਿਚ ਗਰੀਬ ਕੋਵਿਡ ਮਰੀਜ਼ਾਂ ਲਈ ਭੋਜਨ ਯਕੀਨੀ ਬਣਾਉਣ ਲਈ ਪੰਜਾਬ ਪੁਲਸ ਵੱਲੋਂ ਕੀਤੇ ਗਏ ਉਪਰਾਲੇ 'ਤੇ ਮਾਣ ਮਹਿਸੂਸ ਕੀਤਾ।
ਇਹ ਸਹੂਲਤ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਕਾਰਜਸ਼ੀਲ ਹੋਵੇਗੀ, ਜਿਸ ਨਾਲ ਪੰਜਾਬ ਵਿਚ ਕਿਤੇ ਵੀ ਰਹਿ ਰਹੇ ਕੋਵਿਡ ਮਰੀਜ਼ ਭੋਜਨ ਨਾ ਮਿਲਣ ਦੀ ਸੂਰਤ ਵਿਚ 181 ਅਤੇ 112 ਹੈਲਪਲਾਈਨ ਨੰਬਰਾਂ 'ਤੇ ਦਿਨ-ਰਾਤ ਕਿਸੇ ਵੀ ਵੇਲੇ ਕਾਲ ਕਰ ਸਕਦੇ ਹਨ, ਜਿਨ੍ਹਾਂ ਨੂੰ ਉਨ੍ਹਾਂ ਦੇ ਘਰ ਪੱਕਿਆ ਹੋਇਆ ਭੋਜਨ ਮੁਹੱਈਆ ਕਰਵਾਇਆ ਜਾਵੇਗਾ। ਮੁੱਖ ਮੰਤਰੀ ਦੇ ਹੁਕਮਾਂ 'ਤੇ ਕੋਵਿਡ ਦੀ ਪਹਿਲੀ ਲਹਿਰ ਦੌਰਾਨ ਵੀ ਪੰਜਾਬ ਨੇ 112 ਅਮਰਜੈਂਸੀ ਹੈਲਪਲਾਈਨ ਨੂੰ ਮੁਫ਼ਤ ਭੋਜਨ ਮੁਹੱਈਆ ਕਰਵਾਉਣ ਲਈ ਹੈਲਪਲਾਈਨ ਨੰਬਰ ਵਿਚ ਤਬਦੀਲ ਕਰ ਦਿੱਤਾ ਸੀ।
ਇਹ ਵੀ ਪੜ੍ਹੋ : 'ਨਵਜੋਤ ਸਿੱਧੂ' ਦਾ ਟਵਿੱਟਰ ਰਾਹੀਂ ਇਕ ਹੋਰ ਵੱਡਾ ਵਾਰ, ਇਸ ਵਾਰ ਪੁੱਛਿਆ ਇਹ ਸਵਾਲ
ਵਿਭਾਗ ਨੇ ਬੀਤੇ ਸਾਲ ਅਪ੍ਰੈਲ-ਜੂਨ ਮਹੀਨੇ ਦੌਰਾਨ ਗੈਰ-ਸਰਕਾਰੀ ਸੰਸਥਾਵਾਂ, ਗੁਰਦੁਆਰਿਆਂ, ਮੰਦਰਾਂ ਅਤੇ ਹੋਰ ਧਾਰਮਿਕ ਸੰਸਥਾਵਾਂ ਦੀ ਸਰਗਰਮ ਭਾਈਵਾਲੀ ਨਾਲ ਪੰਜਾਬ ਦੇ ਲੋਕਾਂ ਤੱਕ 12 ਕਰੋੜ ਪੱਕਿਆ ਹੋਇਆ ਅਤੇ ਸੁੱਕਾ ਰਾਸ਼ਨ ਸਫਲਤਾ ਨਾਲ ਪਹੁੰਚਾਇਆ ਸੀ। ਇਸ ਮਾਨਵਤਾਵਾਦੀ ਸੇਵਾ ਦੀ ਭਾਵਨਾ ਦਾ ਪ੍ਰਗਟਾਵਾ ਕਰਦੇ ਹੋਏ ਪੰਜਾਬ ਪੁਲਸ ਦੇ ਬਹੁਤ ਸਾਰੇ ਮੁਲਾਜ਼ਮਾਂ ਨੇ ਆਪਣੀਆਂ ਜੇਬਾਂ ਵਿੱਚੋਂ ਯੋਗਦਾਨ ਪਾਇਆ ਸੀ ਅਤੇ ਪੁਲਸ ਲਾਈਨ ਵਿਚ ਕਮਿਊਨਿਟੀ ਕਿਚਨ ਸਥਾਪਿਤ ਕਰਨ ਦੇ ਨਾਲ-ਨਾਲ ਅਤੇ ਇੱਥੋਂ ਤੱਕ ਇਸ ਮਕਸਦ ਦੀ ਖ਼ਾਤਰ ਆਪਣੇ ਘਰਾਂ ਵਿਚ ਵੀ ਭੋਜਨ ਤਿਆਰ ਕੀਤਾ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ